Saturday, September 21, 2024

ਖ਼ਾਲਸਾ ਕਾਲਜ ਪੁੱਜੇ ਸਪੈਸ਼ਲ ਸਕੱਤਰ ਖੇਤੀਬਾੜੀ (ਪੰਜਾਬ) ਨਈਅਰ

ਸ਼ਹਿਦ ਦੀਆਂ ਮੱਖੀ ਪਾਲਣ ਸਿਖਲਾਈ ਕੋਰਸ ਦੌਰਾਨ ਹੋਏ ਕਿਸਾਨਾਂ ਦੇ ਰੂਬਰੂ – ਪ੍ਰਿੰ: ਮਹਿਲ ਸਿੰਘ

ਅੰਮ੍ਰਿਤਸਰ, 13 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ 15 ਫਰਵਰੀ ਤੱਕ ਚੱਲਣ ਵਾਲੇ ਸਿਖਲਾਈ ਕੋਰਸ ਦੌਰਾਨ ਅੱਜ ਇੱਥੇ ਸਪੈਸ਼ਲ ਸਕੱਤਰ ਖੇਤੀਬਾੜੀ ਪੰਜਾਬ ਹਰੀਸ਼ ਨਈਅਰ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਜੀਤ ਸਿੰਘ ਸੈਣੀ ਅਤੇ ਖੇਤੀਬਾੜੀ ਅਫ਼ਸਰ ਡਾ. ਮਸਤਿੰਦਰ ਸਿੰਘ ਨਾਲ ਕਾਲਜ ਦਾ ਦੌਰਾ ਕੀਤਾ। ਇਸ ਦੌਰਾਨ ਉਹ ਸਿਖਲਾਈ ਕੇਂਦਰ ਵਿਖੇ ਮੱਖੀ ਪਾਲਣ ਸਬੰਧੀ ਟ੍ਰੇਨਿੰਗ ਦੌਰਾਨ ਕਿਸਾਨਾਂ ਦੇ ਰੂਬਰੂ ਹੋਏ।
               ਨਈਅਰ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਤਿਆਰ ਕੀਤੀ ਜਿਣਸ ਨੂੰ ਪ੍ਰੋਸੈਸ ਕਰਨ ਉਪਰੰਤ ਉਸ ਦੀ ਪੈਕਿੰਗ, ਬ੍ਰਾਂਡਿੰਗ, ਲੇਬਲਿੰਗ ਲਈ ਕਿਹਾ।ਉਨ੍ਹਾਂ ਕਿਹਾ ਕਿ ਐਗਮਾਰਕ ਸਰਟੀਫਿਕੇਸ਼ਨ ਅਪਣਾ ਕੇ ਉਹ ਆਪਣੇ ਤਿਆਰ ਕੀਤੇ ਉਤਪਾਦਾਂ ਦੀ ਕੁਆਲਿਟੀ ’ਚ ਵਧਾ ਸਕਦੇ ਹਨ ਅਤੇ ਆਪਣੀ ਜਿਣਸ ਦਾ ਬਣਦਾ ਮੁੱਲ ਲੈ ਸਕਦੇ ਹਨ।ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਉਤਪਾਦਾਂ ਦੀ ਸਵੈ ਮੰਡੀਕਰਣ ਲਈ ਸਲਾਹ ਦਿੱਤੀ ਤਾਂ ਜੋ ਸਪਲਾਈ ਚੇਨ ਤੋਂ ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕੀਤਾ ਜਾ ਸਕੇ।ਉਨਾਂ ਨੇ ਸੈਕਸ਼ਨ ’ਚ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਲਿਆ ਅਤੇ ਸਹਾਇਕ ਮੰਡੀਕਰਨ ਅਫਸਰ ਡਾ. ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨੀ ਹਿੱਤ ’ਚ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
                 ਇਸ ਤੋਂ ਪਹਿਲਾਂ ਕਾਲਜ ਪੁੱਜਣ ’ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ‘ਜੀ ਆਇਆ’ ਆਖ਼ਦਿਆਂ ਕਿਹਾ ਕਿ ਨਈਅਰ ਦੇ ਕੋਰਸ ਦੌਰਾਨ ਪੁੱਜਣ ’ਤੇ ਕਿਸਾਨਾਂ ਦਾ ਉਤਸ਼ਾਹ ਦੁਗਣਾ ਚੌਗਣਾ ਹੋਇਆ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਵਿਸ਼ੇਸ਼ ਜਾਣਕਾਰੀ ਰਾਹੀਂ ਸਿਖਿਆਰਥੀ ਅਤੇ ਕਿਸਾਨਾਂ ਨੂੰ ਖੇਤੀ ਬਾਰੇ ਕਾਫ਼ੀ ਬਰੀਕੀਆਂ ਦਾ ਪਤਾ ਚੱਲਿਆ ਹੈ।ਕਿਸਾਨ ਇਸ ਨੂੰ ਸਰਲ ਵਿਧੀ ਰਾਹੀਂ ਸਹਾਇਕ ਧੰਦੇ ਵਜੋਂ ਅਪਣਾ ਸਕਣਗੇ।
                   ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਫਸਰ ਜਸਵਿੰਦਰ ਸਿੰਘ ਭਾਟੀਆ ਨੇ ਕਿਸਾਨ ਸਿਖਲਾਈ ਕੇਂਦਰ ਦੀ ਸਥਾਪਨਾ ਅਤੇ ਕਿਸਾਨੀ ਹਿੱਤ ਚਲਾਈਆਂ ਜਾ ਰਹੀਆਂ ਗਤੀਵਿਧਿਆਂ ਬਾਰੇ ਜਾਣਕਾਰੀ ਦਿੱਤੀ।ਨਈਅਰ ਵਲੋਂ ਐਗਮਾਰਕ ਸਟਾਲ ਦਾ ਨਿਰੀਖਣ ਵੀ ਕੀਤਾ ਗਿਆ।
ਇਸ ਉਪਰੰਤ ਪ੍ਰਿੰ. (ਡਾ.) ਮਹਿਲ ਸਿੰਘ ਨੇ ਨਈਅਰ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਦਿਲਬਾਗ ਸਿੰਘ ਭੱਟੀ, ਮਨਧੀਰ ਸਿਘ, ਅਮਰਜੀਤ ਸਿੰਘ ਅਤੇ ਰੀਨੂੰ ਵਿਰਦੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …