ਬਿਨਾਂ ਕਿਸੇ ਅਤਿ ਜ਼ਰੂਰੀ ਕਾਰਨ ਤੋਂ ਦਰਖਤ ਕੱਟਣ ਦੀ ਪ੍ਰਵਾਨਗੀ ਨਾ ਦੇਵੇ ਜੰਗਲਾਤ ਵਿਭਾਗ
ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਮੌਜ਼ੂਦ ਪੁਰਾਣੇ ਤੇ ਵਿਰਾਸਤੀ ਦਰਖਤਾਂ ਦੀ ਕਟਾਈ ‘ਤੇ ਰੋਕ ਲਗਾਉਂਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿਘ ਖਹਿਰਾ ਨੇ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਪੁਰਾਣੇ ਦਰੱਖਤ ਦੀ ਕਟਾਈ ਲਈ ਬਿਨਾਂ ਮੌਕੇ ਵੇਖੇ ਪ੍ਰਵਾਨਗੀ ਨਾ ਦੇਣ।
ਉਨਾਂ ਕਿਹਾ ਕਿ ਦਰੱਖਤਾਂ ਦੀ ਕਟਾਈ ਅਕਸਰ ਹੀ ਵਾਤਾਵਰਣ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਦੀ ਹੈ।ਇਤਹਾਸਕ ਯਾਦਾਂ ਸਮੋਈ ਬੈਠੇ ਪੁਰਾਣੇ ਰੁੱਖ ਨਾ ਕੇਵਲ ਸ਼ਹਿਰ ਦੀ ਆਬੋ-ਹਵਾ ਨੂੰ ਸ਼ੁੱਧ ਕਰਦੇ ਹਨ, ਬਲਕਿ ਗਰਮੀਆਂ ਵਿਚ ਠੰਡਕ ਅਤੇ ਆਲੇ-ਦੁਆਲੇ ਦੀ ਸੁੰਦਰਤਾ ਵਿਚ ਵੀ ਵਾਧਾ ਕਰ ਰਹੇ ਹਨ।
ਉਨਾਂ ਸਪੱਸ਼ਟ ਕੀਤਾ ਕਿ ਅਜਿਹੇ ਦਰਖਤਾਂ ਨੂੰ ਕੱਟਣ ਦੀ ਪ੍ਰਵਾਨਗੀ ਕੇਵਲ ਤੇ ਕੇਵਲ ਉਸ ਸੂਰਤ ਵਿਚ ਹੀ ਦਿੱਤੀ ਜਾਵੇ, ਜਦ ਬਾਕੀ ਸਾਰੇ ਬਦਲ ਫੇਲ ਹੋ ਰਹੇ ਹੋਣ।ਕਿਸੇ ਵੀ ਪ੍ਰਾਜੈਕਟ, ਸੰਸਥਾ ਜਾਂ ਨਿੱਜੀ ਉਸਾਰੀ ਵਿਚ ਅੜਿਕਾ ਬਣਨ ਦੇ ਨਾਮ ‘ਤੇ ਇੰਨਾਂ ਦਰਖਤਾਂ ਦੀ ਕਟਾਈ ਕਰਨ ਦੀ ਆਗਿਆ ਨਾ ਦਿੱਤੀ ਜਾਵੇ।ਜੰਗਲਾਤ ਵਿਭਾਗ ਦੇ ਅਧਿਕਾਰੀ ਕਿਸੇ ਵੀ ਹਾਲਤ ਵਿਚ ਬਿਨਾਂ ਮੌਕੇ ਵੇਖੇ ਦਫਤਰ ਬੈਠੇ-ਬੈਠੇ ਦਰਖਤ ‘ਤੇ ਕੁਹਾੜੀ ਚਲਾਉਣ ਵਾਲੀ ਫਾਇਲ ‘ਤੇ ਦਸਤਖਤ ਨਾ ਕਰਨ।ਇਸ ਦੇ ਨਾਲ ਹੀ ਉਨਾਂ ਦਰਖਤ ਕੱਟਣ ਦੀ ਆਗਿਆ ਮੰਗਣ ਵਾਲੇ ਸ਼ਹਿਰ ਵਾਸੀਆਂ, ਸੰਸਥਾਵਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਪ੍ਰਵਾਨਗੀ ਲੈਣ ਤੋਂ ਪਹਿਲਾਂ ਦਰਖਤ ਨੂੰ ਬਚਾਉਣ ਦੀ ਤਜਵੀਜ਼ ਵੀ ਆਪਣੇ ਪ੍ਰਾਜੈਕਟ ਅਤੇ ਦਿਮਾਗ ਵਿਚ ਰੱਖਣ।