ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਲਈ 743 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਮੀਨਦੋਜ਼ ਪਾਣੀ ਅਤੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਿਲ੍ਹੇ ਵਿਚ ਜਿੰਨਾ ਇਤਹਾਸਕ ਕੰਮਾਂ ਦੀ ਅੱਜ ਆਨਲਾਈਨ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਜਿਥੇ ਸ਼ਹਿਰ ਦੇ ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਪੀਣ ਲਈ ਮਿਲੇਗਾ, ਉਥੇ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੋਵੇਗੀ।ਇਸ ਤੋਂ ਇਲਾਵਾ ਉਚੀਆਂ ਇਮਾਰਤਾਂ ਵਿਚ ਅੱਗ ਲੱਗ ਜਾਣ ਦੀ ਹਾਲਤ ਵਿਚ ਸ਼ਹਿਰ ਦੇ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ, ਸਾਲਿਡ ਵੇਸਟ ਮੈਨਜਮੈਂਟ ਦੇ ਕੰਮ ਨੂੰ ਹੋਰ ਸੁਚਾਰੂ ਰੂਪ ਨਾਲ ਕਰਨ ਲਈ ਮਸ਼ੀਨਰੀ ਦੀ ਖਰੀਦ ਅਤੇ ਸ਼ਹਿਰ ਦੇ ਪਾਰਕਾਂ ਨੂੰ ਖੂਬਸੂਰਤ ਬਨਾਉਣ ਦੇ ਕੰਮ ਸ਼ਾਮਿਲ ਹਨ।ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਨ-ਲਾਈਨ ਉਕਤ ਕੰਮਾਂ ਦੀ ਸ਼ੁਰੂਆਤ ਕਰਦੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ 720 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਜਿਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਅੱਜ ਕੀਤਾ ਹੈ ਉਸ ਉਤੇ 2200 ਕਰੋੜ ਰੁਪਏ ਦੀ ਕਰੀਬ ਲਾਗਤ ਆਵੇਗੀ, ਜਿਸ ਨਾਲ ਸਾਰੇ ਸ਼ਹਿਰ ਨੂੰ ਨਹਿਰੀ ਪਾਣੀ ਸਾਫ ਕਰਕੇ ਦਿੱਤਾ ਜਾਵੇਗਾ। ਇਹ ਪਾਣੀ ਜਿੱਥੇ ਅਸ਼ੁਧੀਆਂ ਤੋਂ ਦੂਰ ਹੈ, ਉਥੇ ਜ਼ਮੀਨ ਹੇਠਲੇ ਪਾਣੀ ਦੀ ਬਚਤ ਵੀ ਕਰੇਗਾ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੁੱਖ ਮੰਤਰੀ ਨੂੰ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਹੋਈ ਜਿੱਤ ਲਈ ਵਧਾਈ ਦਿੰਦੇ ਕਿਹਾ ਕਿ ਲੋਕਾਂ ਨੇ ਵਿਕਾਸ ਦੇ ਕੰਮਾਂ ਉਤੇ ਮੋਹਰ ਲਗਾਈ ਹੈ।ਉਨਾਂ ਕਿਹਾ ਕਿ ਸ਼ਹਿਰ ਵਿਚ ਸਮਾਰਟ ਸਿਟੀ ਅਤੇ ਅਮਰੁਤ ਪ੍ਰਾਜੈਕਟ ਤਹਿਤ ਕਰਵਾਏ ਜਾ ਰਹੇ ਕੰਮ ਸ਼ਹਿਰ ਦੀ ਨੁਹਾਰ ਬਦਲ ਰਹੇ ਹਨ ਅਤੇ ਅੱਜ ਜਿੰਨਾ ਕੰਮਾਂ ਦੀ ਤੁਸੀਂ ਸ਼ੁਰੂਆਤ ਕਰਨੀ ਹੈ ਉਸ ਨਾਲ ਵੱਡੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ।ਉਨਾਂ ਦੱਸਿਆ ਕਿ ਅੱਜ ਸ਼ਹਿਰ ਵਿਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਨਹਿਰੀ ਪਾਣੀ ਦੇ ਜਿਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉਸ ਦੇ ਪਹਿਲੇ ਪੜਾਅ ਵਿਚ 722 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ 170 ਫੁੱਟ ਤੱਕ ਦੀਆਂ ਉਚੀਆਂ ਇਮਾਰਤਾਂ ਵਿਚ ਅੱਗ ਲੱਗਣ ਵਰਗੀ ਹੰਗਾਮੀ ਹਾਲਤ ਨਾਲ ਨਿਜੱਠਣ ਲਈ 8.54 ਕਰੋੜ ਰੁਪਏ ਦੀ ਲਾਗਤ ਨਾਲ ਹਾਈਡਰੋਕਲੋਰਕ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਤੋਂ ਘਰਾਂ ਵਿਚ ਕੂੜਾ ਇਕੱਠ ਕਰਨ ਅਤੇ ਉਸਦੀ ਢੋਆ-ਢੁਆਈ ਲਈ 3.87 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸੰਦ ਖਰੀਦ ਕੀਤੇ ਗਏ ਹਨ।ਇਸੇ ਤਰਾਂ ਪਾਰਕਾਂ ਦੀ ਉਸਾਰੀ ਲਈ 5.19 ਕਰੋੜ ਰੁਪਏ ਖਰਚ ਕੀਤੇ ਜਾਣਗੇ।ਮੇਅਰ ਰਿੰਟੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਸ਼ਹਿਰ ਵਿਚ ਵੱਡੇ ਕੰਮ ਕਰਵਾਏ ਜਾ ਰਹੇ ਹਨ, ਜਿਸ ਨਾਲ ਸ਼ਹਿਰ ਵਾਸੀਆਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਦੇ ਨਾਲ-ਨਾਲ ਸ਼ਹਿਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ।
ਰਿੰਟੂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਵਾਲ ਸਿਟੀ ਦੇ ਬਾਹਰਵਾਰ 118 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਰੋਡ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਸ਼ਹਿਰ ਵਿੱਚ ਕਰੀਬ 66 ਹਜ਼ਾਰ ਐਲਈਡੀ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਗੋਲਬਾਗ ਵਿਖੇ ਮਲਟੀ ਸਪੋਰਟਸ ਸਟੇਡੀਅਮ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਸਾਰੇ ਪਾਰਕਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਜਿੰਮ ਵੀ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਡਿਪਟੀ ਮੇਅਰ ਯੂਨਸ, ਚੇਅਰਮੈਨ ਮਹੇਸ਼ ਖੰਨਾ, ਐਸ.ਈ ਅਨੁਰਾਗ ਮਹਾਜਨ, ਗੁਰਦੇਵ ਦਾਰਾ, ਜ਼ਿਲਾ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ, ਕੁੰਵਰ ਅਜੈ ਸਿੰਘ, ਸੁਸ਼ਾਂਤ ਭਾਟੀਆ ਤੇ ਹੋਰ ਆਗੂ ਵੀ ਹਾਜ਼ਰ ਸਨ।