Wednesday, August 6, 2025
Breaking News

ਪੰਜਾਬ ਬੰਦ ਨੂੰ ਮਿਲਿਆ ਜੁਲਿਆ ਹੁੰਗਾਰਾ- ਅੰਮ੍ਰਿਤਸਰ ‘ਚ ਗੱਡੀਆਂ ਰੋਕਣ ਗਏ ਸਿੱਖ ਆਗੂ ਗ੍ਰਿਫਤਾਰ

ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਤੇ ਬਜਾਰ ਬੰਦ ਰਹੇ-ਸੁਰੱਖਿਆ ਦੇ ਰਹੇ ਸਖਤ ਪ੍ਰਬੰਧ

PPN01111423
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ)- ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਬੇਹੁਰਮਤੀ ਕਰਨ ਵਾਲੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੋਸ਼ ਦੇ ਹੋਰਨਾਂ ਭਾਗਾਂ ਵਿੱਚ ਕੀਤੇ ਗਏ ਸਿੱਖਾਂ ਦੇ ਸਮੂਹਕ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਜਾਵਾਂ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਅਤੇ ਆਈ.ਐਸ.ਓ. ਵੱਲੋਂ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅਸਫਲ ਕਰਨ ਲਈ ਸਰਕਾਰ ਵੱਲੋਂ ਸਿੱਖ ਆਗੂਆਂ ਨੂੰ ਤੜਕੇ ਸਵੇਰੇ ਗ੍ਰਿਫਤਾਰ ਕਰਕੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ।ਜਿਸ ਨਾਲ ਅੰਮ੍ਰਿਤਸਰ ਵਿੱਚ ਤੜਕੇ 5:00 ਵਜੇ ਤੋਂ 10:00 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਫੇਲ ਹੋ ਗਿਆ ਅਤੇ ਅੰਮ੍ਰਿਤਸਰ ਤੋਂ ਰੇਲ ਗੱਡੀਆਂ ਆਪਣੇ ਮਿੱਥੇ ਸਮੇਂ ਤੇ ਰਵਾਈਆਂ ਹੋ ਗਈਆਂ ਪ੍ਰੰਤੂ ਇੰਨ੍ਹਾਂ ਰੇਲ ਗੱਡੀਆਂ ਨੂੰ ਪੀੜ੍ਹਤ ਪਰਿਵਾਰਾਂ ਦੇ ਪ੍ਰਦਰਸ਼ਨਕਾਰੀਆਂ ਨੇ ਫਗਵਾੜੇ ਨੇੜੇ ਰੋਕ ਲਿਆ ਜਦਕਿ ਦਿੱਲੀ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਲੁਧਿਆਣਾ ਨੇੜੇ ਰੇਲ ਟਰੈਕ ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਰੋਕ ਦਿੱਤਾ।
ਕਰਨੈਲ ਸਿੰਘ ਪੀਰ ਮੁਹੰਮਦ ਨੂੰ ਬੱਸ ਸਟੈਂਡ ਨੇੜਿਓ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਮੌਕੇ ਪੀਰ ਮੁਹੰਮਦ ਨੂੰ ਮਿਲਣ ਲਈ ਕਤਲੇਆਮ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਥਾਣਾ ਰਾਮ ਬਾਗ ਗਈ ਤਾਂ ਉਸ ਨੂੰ ਵੀ ਗ੍ਰਿਫਤਾਰ ਕਰਕੇ ਥਾਣਾ ਡੀ-ਡਵੀਜ਼ਨ ਲੈ ਗਏ।ਇਸ ਤੋਂ ਬਾਅਦ ਵੱਖ-ਵੱਖ ਥਾਣਿਆਂ ਵਿੱਚ ਖੱਜਲ ਖਰਾਬ ਕਰਕੇ ਉਕਤ ਆਗੂਆਂ ਨੂੰ ਮਕਬੂਲਪੁਰਾ ਥਾਣੇ ਵਿੱਚ ਨਜ਼ਰਬੰਦ ਕਰ ਦਿੱਤਾ।
ਇਸੇ ਤਰਾਂ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਜਿਲਾ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੌਟ ਦੀ ਅਗਵਾਈ ‘ਚ ਰੇਲਾਂ ਰੋਕਣ ਲਈ ਰੇਲਵੇ ਟਰੈਕ ਤੇ ਬੈਠਿਆਂ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨਾਂ ਨੂੰ ਛੇਹਰਟਾ ਪੁਲਿਸ ਸਟੇਸ਼ਨ ਵਿਖੇ ਬੰਦ ਕਰ ਦਿਤਾ।

PPN01111425
ਇਸੇ ਦੌਰਾਨ ਪੁਰਾਣੇ ਸ਼ਹਿਰ ਵਿੱਚ ਪੰਜਾਬ ਬੰਦ ਨੂੰ ਕਾਫੀ ਹੁੰਗਾਰਾ ਮਿਲਿਆ, ਜਿਸ ਦੌਰਾਨ ਕੁੱਝ ਇੱਕ ਥਾਵਾਂ ਨੁੰ ਛੱਡ ਕੇ ਜਿਆਦਾਤਰ ਥੋਕ ਤੇ ਪ੍ਰਚੂਨ ਕੱਪੜਾ ਮਾਰਕੀਟ ਕਟੜਾ ਜੈਮਲ ਸਿੰਘ, ਕਰਮੋ ਡਿਓੜੀ, ਬਜਾਰ ਟਾਹਲੀ ਸਾਹਿਬ, ਪ੍ਰਤਾਪ ਬਜਾਰ, ਸ਼ਾਸਤਰੀ ਮਾਰਕੀਟ, ਦਵਾਈਆਂ ਦੀ ਥੋਕ ਮਾਰਕੀਟ, ਬਿਜਲੀ ਦੀ ਥੋਕ ਤੇ ਪ੍ਰਚੂਨ ਮਾਰਕੀਟ, ਆਈ.ਡੀ.ਐਚ ਮਾਰਕੀਟ ਤੋਂ ਇਲਾਵਾ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਜ਼ਾਰ, ਰਾਮ ਬਾਗ ਬੰਦ ਆਦਿ ਇਲਾਕੇ ਬੰਦ ਰਹੇ।ਸਰਕਾਰੀ ਸਕੂਲ਼, ਕਾਲਜ, ਬੈਂਕ ਤੇ ਅਦਾਰੇ, ਪੈਟੋਲ ਪੰਪ ਅਤੇ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲੇ ਰਹੇ।ਪੁਰਾਤਨ ਸ਼ਹਿਰ ਤੋਂ ਇਲਾਵਾ ਨੇੜਲੀਆਂ ਅਬਾਦੀਆਂ ਤੇ ਕਸਬਿਆਂ ਵਿੱਚ ਬੰਦ ਨੂੰ ਮਿਲਿਆ ਜੁਲਿਆ ਹੁੰਗਾਰਾ ਮਿਲਿਆ।
ਇਸ ਮੌਕੇ ਕੰਵਰਬੀਰ ਸਿੰਘ ਨੇ ਕਿਹਾ ਕਿ ਅੱਜ ਦਾ ਪੰਜਾਬ ਬੰਦ ਬਿਲਕੁੱਲ ਸਫਲ ਰਿਹਾ, ਜਿਸ ਦੌਰਾਨ ਪੰਜਾਬੀਆਂ ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਰੱਖੇ। ਜਦਕਿ ਬੰਦ ਦੌਰਾਨ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ ਦਾ ਵਤੀਰਾ ਗੈਰ ਜਿੰਮੇਵਾਰਨਾ ਰਿਹਾ।ਉਨਾਂ ਕਿਹਾ ਕਿ ਇਹ ਮਸਲਾ ਸਿੱਖ ਜਥੇਬੰਦੀਆਂ ਦਾ ਨਹੀਂ ਬਲਕਿ ਸਮੁੱਚੇ ਪੰਥ ਦਾ ਮਸਲਾ ਸੀ, ਕਿਉਂਕਿ 30 ਸਾਲਾਂ ਤੋਂ ਇਨਸਾਫ ਨਾ ਮਿਲਣ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਹੈ।ਉਨਾਂ ਕਿਹਾ ਕਿ ਅਮਨ ਪੂਰਵਕ ਆਪਣਾ ਰੋਸ ਪ੍ਰਗਟਾਉਣ ਵਾਲੇ ਆਗੂਆਂ ਤੇ ਵਰਕਰਾਂ ਨੂੰ ਤੰਗ ਤੇ ਪ੍ਰੇਸ਼ਾਨ ਕਰਕੇ ਜੇਲੀਂ ਡੱਕਣਾ ਜਾਇਜ਼ ਨਹੀਂ।
ਇਸੇ ਦੌਰਾਨ ਥਾਣਾ ਮਕਬੂਲ ਪੁਰਾ ਵਿਖੇ ਨਜਰਬੰਦੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਜਿੰਨ੍ਹਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ, ਉਹ ਤਾਂ ਸ਼ਰੇਆਮ ਘੁੰਮ ਰਹੇ ਹਨ ਤੇ ਉਨ੍ਹਾਂ ਨੂੰ ਉੱਚ ਅਹੁੱਦੇ ਦੇ ਕੇ ਨਵਾਜਿਆ ਜਾ ਰਿਹਾ ਹੈ, ਜਦਕਿ 30 ਸਾਲਾਂ ਤੋਂ ਇਨਸਾਫ ਦੀ ਆਸ ਵਿੱਚਚ ਅਦਾਲਤਾਂ ਤੇ ਕਚਹਿਰੀਆਂ ਦਾ ਚੱਕਰ ਲਾਉਣ ਵਾਲਿਆਂ ਨੂੰ ਇਨਸਾਫ ਦੀ ਮੰਗ ਕਰਨ ਤੇ ਜੇਲੀਂ ਡੱਕਿਆ ਜਾ ਰਿਹਾ ਹੈ।ਬੀਬੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖੁੱਦ ਹੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਪੀੜਤਾਂ ਦੇ ਦਰਦ ਨੂੰ ਸਮਝਦੇ ਹੋਏ ਆਪ ਹੀ ਬੰਦ ਦਾ ਐਲਾਨ ਕਰਨਾ ਚਾਹੀਦਾ ਸੀ। 2010 ਵਿੱਚ ਸਿੰਘ ਸਾਹਿਬ ਨੇ ਹੀ ਨਸਲਕੁਸ਼ੀ ਐਲਾਨਿਆ ਸੀ ਅਤੇ ਜਦ ਅਸੀਂ ਮਿਲਣ ਵਾਸਤੇ ਗਏ ਤਾਂ ਉਹ ਪਹਿਲਾਂ ਹੀ ਘਰੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਸਨ।
ਬੀਬੀ ਨੇ ਕਿਹਾ ਕਿ ਪੰਜਾਬ ਵਿੱਚ ਬਾਦਲ ਸਾਹਿਬ ਸਾਡੇ ਭਰਾ ਹਨ ਤੇ ਸਾਡੀ ਸਰਕਾਰ ਹੈ, ਪ੍ਰੰਤੂ ਅੱਜ ਜੋ ਉਨ੍ਹਾਂ ਨੇ ਸਾਡੇ ਨਾਲ ਕੀਤਾ ਹੈ, ਉਸ ਦੀ ਸਾਨੂੰ ਕੋਈ ਆਸ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਇਨਸਾਫ ਨਹੀਂ ਦਿੰਦੀ ਤਾਂ ਉਹ ਯੂ.ਐਨ. ਤੋਂ ਇਨਸਾਫ ਮੰਗਣਗੇ ਅਤੇ ਇਸ ਸਬੰਧੀ ਉਨ੍ਹਾਂ ਪਟੀਸ਼ਨ ਸਬੰਧੀ ਕਾਰਵਾਈ ਪਹਿਲਾਂ ਹੀ ਅਰੰਭੀ ਹੋਈ ਹੈ।

PPN01111424
ਇਸ ਮੌਕੇ ਕਰਨੈਲ ਸਿੰਘ ਪੀਰਮੁਹੰਮਦ ਨੇ ਗੱਲ ਕਰਦਿਆਂ ਕਿਹਾ ਕਿ ਇਨਸਾਫ ਦੀ ਸ਼ਾਂਤਮਈ ਤਰੀਕੇ ਨਾਲ ਮੰਗ ਕਰਦਿਆਂ ਅੱਜ ਹੋਈ ਖੱਜਲ ਖਰਾਬੀ ਤੋਂ ਬਾਅਦ 5 ਨਵਬੰਰ ਨੂੰ ਆਖਰੀ ਵਾਰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੁਪਰੀਮ ਕੋਰਟ ਨੂੰ ਇੱਕ ਮੈਮੋਰੰਡਮ ਦਿੱਤਾ ਜਾਏਗਾ ਤੇ 7 ਨਵੰਬਰ ਨੂੰ ਯੂਨਾਇਟਿਡ ਨੇਸ਼ਨ ਵਿਖੇ ਜਾ ਕੇ ਇਨਸਾਫ ਲੈਣ ਲਈ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਪੀਰਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੂੰ ਬੇਸ਼ੱਕ ਆਪਣੇ ਪੰਥ ਹਿਤੈਸ਼ੀ ਅਖਵਾਉਣ ਵਾਲੀਆਂ ਜਥੇਬੰਦੀਆਂ ਨੇ ਸਮੱਰਥਨ ਨਹੀ ਦਿੱਤਾ, ਪ੍ਰੰਤੂ ਆਮ ਪੰਜਾਬ ਵਾਸੀਆਂ ਜਿੰਨ੍ਹਾਂ ਵਿੱਚ ਹਰ ਧਰਮ ਤੇ ਹਰ ਤਬਕੇ ਦੇ ਲੋਕ ਸ਼ਾਮਿਲ ਹਨ, ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਬੰਦ ਰੱਖ ਕੇ ਜੋ ਸਹਿਯੋਗ ਦਿੱਤਾ ਹੈ, ਉਸ ਲਈ ਉਹ ਉਨਾਂ ਦੇ ਅਤਿ ਧੰਨਵਾਦੀ ਹਨ।ਇਸ ਮੌਕੇ ਆਈ.ਐਸ ਓ ਆਗੂ ਗੁਰਮਨਜੀਤ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਾਰ ਸਿੰਘ ਖਾਲਸਾ, ਜਸਵਿੰਦਰ ਸਿੰਘ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਜਗਮੋਹਨ ਸਿੰਘ ਸ਼ਾਂਤ ਆਦਿ ਮੌਜੂਦ ਸਨ।
ਸ਼ਹਿਰ ਵਿੱਚ ਸੁਰੱਖਿਆ ਦੇ ਪ੍ਰਬਧ ਸਖਤ ਰਹੇ ਅਤੇ ਹਾਲ ਬਜਾਰ ਵਿਖੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਪਰਮਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਆਵਜਾਈ ਯਕੀਨੀ ਬਨਾਉਣ ਅਤੇ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਈ ਜਥੇਬੰਦੀਆਂ ਦੇ ਆਗੂਆਂ ਨੂੰ ਅਹਿਤਆਤ ਵਜੋਂ ਗ੍ਰਿਫਤਾਰ ਕਰਨਾ ਪਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply