ਅੰਮ੍ਰਿਤਸਰ, 21 ਅਪ੍ਰੈਲ (ਖੁਰਮਣੀਆਂ) – ਵਿਸ਼ਵ ਵਿਰਾਸਤ ਦਿਵਸ ਦੇ ਮੌਕੇ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਕ ਅੰਤਰਰਾਸ਼ਟਰੀ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਦੇਸ਼ਾਂ ਦੇ ਵਿਰਾਸਤ ਪ੍ਰਬੰਧਨ ਨਾਲ ਜੁੜੇ ਮਾਹਿਰਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਤਿਹਾਸਕ ਅਤੇ ਮਹੱਤਵਪੂਰਨ ਇਮਾਰਤਾਂ ਨੂੰ ਸਾਂਭਣ ਦੇ ਨਾਲ ਨਾਲ ਵਿਸ਼ਵ ਦੇ ਹਰੇਕ ਕੋਨੇ ਦੇ ਆਪੋ ਆਪਣੇ ਵਿਰਸੇ ਨੂੰ ਵੀ ਸਾਂਭਣ ਦੀ ਓਨੀ ਹੀ ਲੋੜ ਹੈ ਜਿੰਨੀ ਹੋਰ ਇਤਿਹਾਸਕ ਵਸੀਲਿਆਂ ਨੂੰ। ਤੁਰਕੀ ਤੋਂ ਡਾ. ਏਜ ਯੀਲੀਡਰਿਮ, ਇੰਗਲੈਂਡ ਤੋਂ ਡੈਨਿਸ ਰੋਡਵੈਲ, ਇਟਲੀ ਤੋਂ ਡਾ ਫ੍ਰਾਂਸੈਸਕਾ ਗਿਲਬਰਤੋ ਅਤੇ ਭਾਰਤ ਤੋਂ ਗੁਰਮੀਤ ਸਿੰਘ ਰਾਏ ਨੇ ਵਿਸ਼ਵ ਪੱਧਰ `ਤੇ ਵਿਰਾਸਤ ਨੂੰ ਸਾਂਭਣ ਲਈ ਹੋ ਰਹੇ ਯਤਨਾਂ `ਤੇ ਜਿਥੇ ਵਿਸਥਾਰ ਨਾਲ ਆਪੋ ਆਪਣੇ ਖੋਜ ਪੱਤਰ ਪੇਸ਼ ਕੀਤੇ ਉਥੇ ਉਨ੍ਹਾਂ ਨੇ ਵਿਸ਼ਵ ਪੱਧਰ `ਤੇ ਆਉਣ ਵਾਲੀਆਂ ਵੱਖ ਵੱਖ ਚੁਣੌਤੀਆਂ ਨੂੰ ਵੀ ਉਭਾਰਿਆਂ ਅਤੇ ਕਿਹਾ ਕਿ ਇਸ ਦੇ ਲਈ ਇਹ ਜ਼ਰੂਰੀ ਹੋ ਰਿਹਾ ਹੈ ਕਿ ਹੇਠਲੇ ਪੱਧਰ `ਤੇ ਵੀ ਓਨੀ ਹੀ ਸਭਿਆਚਾਰਾਂ ਅਤੇ ਵਿਰਾਸਤਾ ਨੂੰ ਸਾਂਭਿਆ ਜਾਵੇ ਜਿੰਨਾ ਜ਼ੋਰ ਵਿਸ਼ਵ ਪੱਧਰ `ਤੇ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੇ ਵਿਸ਼ਵ ਦੀ ਵਿਰਾਸਤ ਨੂੰ ਸਾਂਭਣ ਲਈ ਵਰਤੇ ਜਾ ਰਹੇ ਆਧੁਨਿਕ ਢੰਗ ਤਰੀਕਿਆਂ ਨੂੰ ਆਉਣ `ਤੇ ਜ਼ੋਰ ਦਿੰਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਸਿਰਫ ਇਮਾਰਤਾਂ ਦੀ ਸਾਂਭ ਸੰਭਾਲ `ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਵਿਸ਼ਵ ਦੇ ਬਹੁਤ ਸਾਰੇ ਸਭਿਆਚਾਰ ਅਤੇ ਕਈ ਵਿਰਾਸਤਾਂ `ਤੇ ਕੋਈ ਵੀ ਕੰਮ ਨਹੀਂ ਹੋ ਸਕਿਆ ਜਦੋਂਕਿ ਉਹ ਵੀ ਵਿਸ਼ਵ ਦੇ ਸੰਦਰਭ ਵਿਚ ਕਈ ਅਹਿਮ ਸਥਾਨ ਰੱਖਦੇ ਸਨ।
ਰਾਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਸ਼ਵ ਦੇ ਸੰਦਰਭ ਵਿਚ ਵਿਸ਼ੇਸ਼ ਸਥਾਨ ਨੂੰ ਉਭਾਰਿਆ ਅਤੇ ਦੱਸਿਆ ਕਿ ਅੰਮ੍ਰਿਤਸਰ ਨੂੰ ਸਿਰਫ ਇਮਾਰਤਾਂ ਦੇ ਤੌਰ `ਤੇ ਹੀ ਨਹੀਂ ਵੇਖਿਆ ਜਾਣਾ ਚਾਹੀਦਾ ਸਗੋਂ ਅੰਮ੍ਰਿਤਸਰ ਦਾ ਜੋ ਵਿਰਸਾ ਅਤੇ ਸਭਿਆਚਾਰ ਹੈ ਉਹ ਵੀ ਅਹਿਮ ਸਥਾਨ ਰੱਖਦਾ ਹੈ।ਉਸ ਦੇ ਲਈ ਵੀ ਜੋ ਜ਼ਿੰਮੇਵਾਰ ਸੰਸਥਾਵਾਂ ਹਨ ਉਨ੍ਹਾਂ ਨੂੰ ਆਪਣੀ ਭੂਮਿਕਾ ਨਿਭਾੳਣ ਲਈ ਅੱਗੇ ਆਉਣਾ ਚਾਹੀਦਾ ਹੈ।
‘ਵਿਰਾਸਤ ਪ੍ਰਬੰਧਨ ਅਤੇ ਟਿਕਾਉ ਆਵਾਸ’ ਵਿਸ਼ੇ `ਤੇ ਕਰਵਾਏ ਇਸ ਅੰਤਰ-ਰਾਸ਼ਟਰੀ ਵੈਬੀਨਾਰ ਮੌਕੇ ਪੋਲੈਂਡ, ਅਲਜੀਰੀਆ, ਯੂਐਸਏ, ਜਰਮਨੀ, ਚੀਨ, ਪਾਕਿਸਤਾਨ, ਫਿਲਪੀਨਜ਼, ਸਪੇਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਸਾਈਪ੍ਰਸ ਤੋਂ ਵਿਦਵਾਨਾਂ ਨੇ ਹਿੱਸਾ ਲਿਆ।
ਸੈਂਟਰ ਫਾਰ ਸਸਟੇਨੇਬਲ ਹੈਬੀਟੇਟ ਦੇ ਕੋਆਰਡੀਨੇਟਰ, ਪ੍ਰੋਫੈਸਰ ਅਸ਼ਵਨੀ ਲੁਥਰਾ ਨੇ ਵੈਬੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਆਪਣੇ ਵਿਰਸੇ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦੇ ਵੱਖ-ਵੱਖ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਦੇ ਵੱਖ-ਵੱਖ ਪੱਖਾਂ ਤੋਂ ਖੋਜ ਕਰ ਰਹੇ ਹਨ।ਉਨ੍ਹਾਂ ਨੇ ਇਸ ਸਮੇਂ ਵੱਖ ਵੱਖ ਪ੍ਰੋਜੈਕਟਾਂ ਦਾ ਹਵਾਲਾ ਦਿੰਦਿਆਂ ਅੰਮ੍ਰਿਤਸਰ ਦੀ ਵਿਰਾਸਤ ਨੂੰ ਸਾਂਭਣ ਲਈ ਸੈਂਟਰ ਫਾਰ ਸਸਟੇਨੇਬਲ ਹੈਬੀਟੇਟ ਤਹਿਤ ਵਿਰਸੇ ਤੇ ਸਭਿਆਚਾਰ ਦੇ ਵੱਖ ਵੱਖ ਪਹਿਲੂਆਂ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਕੰਮਾਂ ਦੀ ਵਚਨਬੱਧਤਾ ਦੁਹਰਾਈ।ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦੇ ਵਿਰਾਸਤੀ ਸਭਿਆਚਾਰ ਨੂੰ ਸਾਂਭਣ, ਵਧਾਉਣ, ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਉਚੇਚੇ ਤੌਰ `ਤੇ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਕੈਂਪਸ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੀ ਵਿਰਾਸਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਵੀ ਕਈ ਕੰਮ ਕੀਤੇ ਜਾ ਰਹੇ ਹਨ।
ਵੈਬੀਨਾਰ ਦੇ ਸੰਚਾਲਕ, ਹੈਰੀਟੇਜ ਪ੍ਰਬੰਧਨ ਮਾਹਿਰ, ਜਾਨਾ ਦਾਸ ਚੌਧਰੀ ਨੇ ਸ਼ਹਿਰੀ ਯੋਜਨਾਬੰਦੀ ਅਤੇ ਸ਼ਹਿਰੀ ਵਿਕਾਸ ਲਈ ਰਣਨੀਤਕ ਪ੍ਰਬੰਧਨ ਦੀ ਜਰੂਰਤ, ਸਮੀਖਿਆ, ਅਤੇ ਖੋਜ ਬਾਰੇ ਆਪਣੇ ਵਿਚਾਰ ਪੇਸ਼ ਕੀਤਾ। ਪ੍ਰੋ. ਲੂਥਰਾ ਨੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ ਅਤੇ ਪ੍ਰੋ. ਐਸ.ਐਸ ਬਹਿਲ, ਨੋਡਲ ਅਫ਼ਸਰ, ਰੂਸਾ ਦਾ ਇਸ ਨੂੰ ਸੰਭਵ ਬਣਾਉਣ ਲਈ ਧੰਨਵਾਦ ਕੀਤਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …