ਪਿੰਡ ਦਿਆਲਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਲੱਗਾ ਕੋਵਿਡ ਟੀਕਾਕਰਨ ਕੈਂਪ
ਸਮਰਾਲਾ, 23 ਅਪ੍ਰੈਲ (ਪੱਤਰ ਪ੍ਰੇਰਕ) – ਦੁਨੀਆਂ ਭਰ ਖਾਸ ਕਰਕੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਵਧਦੇ ਜਾ ਰਹੇ ਫੈਲਾਅ ਨੂੰ ਰੋਕਣ ਲਈ ਭਾਰਤ ਅਤੇ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਇਸ ਦੇ ਬਚਾਅ ਲਈ ਪੂਰੇ ਦੇਸ਼ ਵਿੱਚ ਲੋਕਾਂ ਨੂੰ ਐਂਟੀ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ।ਆਸ ਪਾਸ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਵਲੋਂ ਟੀਕਾਕਰਨ ਲਈ ਕੈਂਪ ਲਗਾਏ ਜਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਪਿੰਡ ਦਿਆਲਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਐਸ.ਐਮ.ਓ ਡਾ. ਰਵੀ ਦੱਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।ਜਿਸ ਵਿੱਚ 100 ਵਿਅਕਤੀਆਂ ਨੇੇ ਵੈਕਸੀਨ ਲਗਵਾਈ।ਸਮਾਜਸੇਵੀ ਇੰਦਰਜੀਤ ਸਿੰਘ ਕੰਗ ਨੇ ਪਹਿਲਕਦਮੀ ਕਰਦੇ ਹੋਏ ਇਸ ਕੈਂਪ ਵਿੱਚ ਪਹੁੰਚ ਕੇ ਵੈਕਸੀਨ ਦਾ ਟੀਕਾ ਲਗਵਾਇਆ ਅਤੇ ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਇਹ ਟੀਕਾ ਜਰੂਰ ਲਗਵਾਉਣ ਦੀ ਅਪੀਲ ਕੀਤੀ।
ਸਰਪੰਚ ਰਾਮ ਲੋਕ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਦੀ ਰੋਕਥਾਮ ਲਈ ਟੀਕੇ ਲਗਾਉਣੇ ਚਾਹੀਦੇ ਹਨ ਤਾਂ ਜੋ ਬਿਮਾਰੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ।ਸਿਹਤ ਵਿਭਾਗ ਵਲੋਂ ਜਗ੍ਹਾ ਜਗ੍ਹਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਟੀਕੇ ਲਗਵਾਉਣੇ ਚਾਹੀਦੇ ਹਨ ਅਤੇ ਬੇਲੋੜੀਆਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।
ਕੈਂਪ ਵਿੱਚ ਵੀ.ਡੀ.ਓ ਲਖਵੀਰ ਸਿੰਘ ਬਲਾਲਾ, ਰੁਪਿੰਦਰ ਕੌਰ ਏ.ਐਨ.ਐਮ, ਪਵਨਦੀਪ ਕੌਰ, ਗਗਨਦੀਪ ਕੌਰ ਆਸ਼ਾ ਵਰਕਰ, ਬੀ.ਐਲ.ਓ ਮਨਦੀਪ ਸਿੰਘ, ਗੁਰਦੀਪ ਸਿੰਘ ਵਰਕਰ, ਬਲਵਿੰਦਰ ਸਿੰਘ, ਸਰਪੰਚ ਰਾਮ ਲੋਕ, ਰਾਜਿੰਦਰ ਕੌਰ ਕੰਗ ਸਕੂਲ ਇੰਚਾਰਜ਼, ਰੁਪਿੰਦਰਜੀਤ ਕੌਰ, ਸਰਬਜੀਤ ਕੌਰ ਆਂਗਨਵਾੜੀ ਵਰਕਰ, ਕੁਸ਼ਵਿੰਦਰ ਸਿੰਘ ਪੰਚ, ਜੁਆਲਾ ਸਿੰਘ ਥਿੰਦ ਆਦਿ ਹਾਜ਼ਰ ਸਨ।