ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਹੋਈ
ਸਮਰਾਲਾ, 5 ਜੁਲਾਈ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਮਰਾਲਾ ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸਥਾਨਕ ਗੁਰੁਦਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਅੰਦਰ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ, ਪੈਟਰੋਲ ਡੀਜਲ ਦੀਆਂ ਵਧ ਰਹੀਆਂ ਕੀਮਤਾਂ, ਘਰੇਲੂ ਗੈਸ ਦੀਆਂ ਵਧ ਰਹੀਆਂ ਕੀਮਤਾਂ ਆਦਿ ਮੁੱਦਿਆਂ ‘ਤੇ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਜਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਹੁਣ ਝੋਨੇ ਦਾ ਕੰਮ ਤਕਰੀਬਨ ਖਤਮ ਹੋਣ ਵਾਲਾ ਹੈ ਅਤੇ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਜੋ ਮੋਰਚਾ ਚੱਲ ਰਿਹਾ, ਉਸ ਵਿੱਚ ਝੋਨੇ ਦਾ ਕੰਮ ਨਿਬੇੜ ਕੇ ਵੱਧ ਤੋਂ ਵੱਧ ਗਿਣਤੀ ‘ਚ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਲੋਕ ਸਭਾ ਦਾ ਮੌਨਸੂਨ ਅਜਲਾਸ ਚੱਲਣਾ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਸਦ ਦੇ ਘਿਰਾਓ ਦਾ ਜੋ ਪ੍ਰੋਗਰਾਮ ਰੱਖਿਆ ਹੈ, ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵਲੋਂ 8 ਜੁਲਾਈ ਨੂੰ ਵਧ ਰਹੀ ਮਹਿੰਗਾਈ, ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਹਰ ਪਿੰਡ ਦੇ ਲੋਕ ਆਪਣੇ ਕੋਲ ਦੀ ਲੰਘ ਰਹੀ ਪੱਕੀ ਸੜਕ ਦੀ ਸਾਈਡ ਤੇ ਬੈਠ ਕੇ ਆਪਣੇ ਟਰੈਕਟਰ, ਖਾਲੀ ਗੈਸ ਸਿਲੰਡਰ ਲੈ ਕੇ ਸ਼ਾਂਤਮਈ ਮੁਜ਼ਾਹਰੇ ਕਰਨਗੇ।ਆਮ ਰਾਹਗੀਰ ਨੂੰ ਕਿਸੇ ਕਿਸਮ ਦਾ ਜਾਮ ਲਾ ਕੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਗਈ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੌਂਦਲੀ ਮੀਤ ਪ੍ਰਧਾਨ, ਅਵਤਾਰ ਸਿੰਘ, ਬਲਵੀਰ ਸਿੰਘ ਖੀਰਨੀਆਂ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਕਟਾਣਾ ਸਾਹਿਬ, ਬਿੱਕਰ ਸਿੰਘ ਕੋਟਲਾ ਸਮਸ਼ਪੁਰ, ਦਲੀਪ ਸਿੰਘ, ਗੁਰਮੇਲ ਸਿੰਘ ਸਮਸ਼ਪੁਰ, ਨਿਰਭੈ ਸਿੰਘ ਸਮਸ਼ਪੁਰ ਆਦਿ ਸ਼ਾਮਲ ਸਨ।