Monday, December 23, 2024

ਨਵਜੋਤ ਸਿੰਘ ਸਿੱਧੂ ਨੇ ਖਟਕੜ ਕਲਾਂ ਵਿਖੇ ਸ਼ਰਧਾ ਦੇ ਫੁੱਲ ਕੀਤੇ ਭੇਟ

ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੇ ਭਾਈਵਾਰ ਬਣਨ ਦਾ ਦਿੱਤਾ ਸੱਦਾ

ਬੰਗਾ/ਨਵਾਂਸ਼ਹਿਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) -ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁੱਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ੍ਹ ਕਲਾਂ ਵਿਖੇ ਨਤਮਸਤਕ ਹੋਏ।ਇਸ ਦੌਰਾਨ ਉਨ੍ਹਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਫੁੱਲ ਭੇਟ ਕੀਤੇ।ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਦੇ ਸੱਦੇ ’ਤੇ ਭਾਰੀ ਬਾਰਿਸ਼ ਦੇ ਬਾਵਜ਼ੂਦ ਹਾਜ਼ਰ ਹੋਏ ਵਰਕਰਾਂ ਦੇ ਭਰਵੇਂ ਇਕੱਠ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
                ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਅੱਜ ਇਥੇ ਦੇਸ਼-ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਤੋਂ ਸੇਧ ਲੈਣ ਆਏ ਹਨ।ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਭਾਈਵਾਲ ਬਣਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਸਾਡੇ ਲਈ ਸਾਡੀ ਮਾਤ ਭੂਮੀ ਪੰਜਾਬ ਸਭ ਤੋਂ ਉੱਪਰ ਹੈ ਅਤੇ ਇਸ ਦੀ ਤਰੱਕੀ ਲਈ ਸਾਰਿਆਂ ਨੂੰ ਨਿਰਸਵਾਰਥ ਭਾਵਨਾ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਾਈਕਮਾਨ ਵੱਲੋਂ ਦਿੱਤਾ 18 ਨੁਕਾਤੀ ਪ੍ਰੋਗਰਾਮ ਪੰਜਾਬ ਦੇ ਵਿਕਾਸ ਦਾ ਜ਼ਰੀਆ ਬਣੇਗਾ, ਜਿਸ ਵਿਚ ਹਰੇਕ ਪੰਜਾਬੀ ਨੂੰ ਹਿੱਸੇਦਾਰ ਬਣਾਇਆ ਜਾਵੇਗਾ।ਉਨ੍ਹਾਂ ਆਖਿਆ ਕਿ ਹਾਈਕਮਾਨ ਵੱਲੋਂ ਉਨ੍ਹਾਂ ’ਤੇ ਜਿਹੜਾ ਭਰੋਸਾ ਜਤਾਇਆ ਗਿਆ ਹੈ, ਉਹ ਉਸ ’ਤੇ ਖ਼ਰਾ ਉਤਰਨ ਲਈ ਪੂਰੀ ਵਾਹ ਲਾਉਣਗੇ।
                ਇਸ ਮੌਕੇ ਪੰਜਾਬ ਕਾਂਗਰਸ ਦੇ ਐਕਟਿੰਗ ਪ੍ਰਧਾਨ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਤੇ ਚੌਧਰੀ ਮੋਹਨ ਲਾਲ ਤੋਂ ਇਲਾਵਾ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ‘ਚ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …