ਸ਼ਹਿਰ ਲਗਾਏ ਗਏ ਲਾਲ ਰੰਗ ਦੇ ਬੋਰਡਾਂ ਤੇ ਹੋਰਡਿੰਗਾਂ ਦਾ ਸਸਪੈਂਸ ਖਤਮ
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਹਫਤੇ ਤੋਂ ਸ਼ਹਿਰ ਲਗਾਏ ਗਏ ਲਾਲ ਰੰਗ ਦੇ ਬੋਰਡਾਂ ਤੇ ਹੋਰਡਿੰਗਾਂ ਦਾ ਸਸਪੈਂਸ ਖਤਮ ਕਰਦਿਆਂ ਕੋਰੋਨਾ ਦੀ ਤੀਜ਼ੀ ਲਹਿਰ ਨੂੰ ਰੋਕਣ ਲਈ ਕੋਰੋਨਾ ਵੈਕਸੀਨ ਲਗਵਾਉਣ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ‘ਅੰਮ੍ਰਿਤਸਰ ਲਿਟਲ ਚੈਂਪਸ’ ਨਾਮ ਦੀ ਮੁਹਿੰਮ ਦਾ ਐਲਾਨ ਕੀਤਾ ਹੈ।ਸਥਾਨਕ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੁਲਾਰੀਆ ਨੇ ਕਿਹਾ ਕਿ ਇਸ ਮੁਹਿੰਮ ਦਾ ਮਨੋਰਥ ਸਕੂਲੀ ਬੱਚਿਆਂ ਰਾਹੀਂ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਹੈ।ਮੁਹਿੰਮ ਨਾਲ ਜੁੜੇ ਬੱਚੇ ਰਚਨਾਤਮਿਕ ਵੀਡੀਓ ਬਣਾ ਕੇ ਆਪਣੇ ਵੱਡਿਆਂ ਨੂੰ ਕੋਰੋਨਾ ਵੈਕਸੀਨ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣਗੇ।
ਬੁਲਾਰੀਆ ਨੇ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਬੱਚਿਆਂ ਨੂੰ 2 ਮਿੰਟ ਦੀ ਵੀਡੀਓ ਬਣਾ ਕੇ ਸੋਸ਼ਲ਼ ਮੀਡੀਆ ‘ਤੇ ਅਪਲੋਡ ਕਰਨੀ ਹੋਵੇਗੀ ਅਤੇ ਉਸ ਦਾ ਲਿੰਕ www.amritsarlittlechamps.in ਵੈਬਸਾਈਟ ‘ਤੇ ਸਬਮਿਟ ਕਰਨਾ ਪਵੇਗਾ।ਇਕ ਫੋਨ ਰਾਹੀਂ ਦੋ ਐਂਟਰੀਆਂ ਭੇਜੀਆਂ ਜਾ ਸਕਣਗੀਆਂ।ਜਿੰਨਾਂ ਵਿਚੋਂ ਜੇਤੂ ਬੱਚਿਆਂ ਦੀ ਚੋਣ ਕੀਤੀ ਜਾਵੇਗੀ।ਰੋਜ਼ਾਨਾ ਦੋ ਬੱਚਿਆਂ ਨੂੰ ਐਨਡਰਾਇਡ ਟੇਬਲੈਟ ਇਨਾਮ ਵਜੋਂ ਦਿੱਤੇ ਜਾਣਗੇ।ਵਿਧਾਇਕ ਨੇ ਕਿਹਾ ਕਿ ਇੱਕ ਮਹੀਨਾ ਚੱਲਣ ਵਾਲੀ ਮੁਹਿੰਮ ਦੌਰਾਨ ਕੁੱਲ 60 ਟੇਬਲੈਟ ਵੰਡੇ ਜਾਣਗੇ, ਜੋ ਬੱਚਿਆਂ ਦੀ ਆਨਲਾਈਨ ਪੜਾਈ ਵਿੱਚ ਵੀ ਸਹਾਇਕ ਸਿੱਧ ਹੋਣਗੇ।ਉਨਾਂ ਆਸ ਪ੍ਰਗਟਾਈ ਕਿ ਬੱਚਿਆਂ ਵਲੋਂ ਫੈਲਾਈ ਜਾਗਰੂਕਤਾ ਹਲਕਾ ਵਾਸੀਆਂ ਨੂੰ ਵੈਕਸੀਨ ਲਵਾਉਣ ਲਈ ਉਤਸ਼ਾਹਿਤ ਕਰੇਗੀ।
ਜਿਕਰਯੋਗ ਹੈ ਕਿ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਸ਼ਹਿਰ ਦੀ ਹਰੇਕ ਨੁੱਕਰ ਵਿੱਚ ਹੋਰਡਿੰਗ ਲਾਏ ਗਏ ਸਨ, ਜਿਸ ਉਪਰ ਲਿਖਿਆ ਗਿਆ ਕਿ ਅੰਮ੍ਰਿਤਸਰ ਖੁਦ ਤੇ ਫੋਨ ਰੱਖਿਓ ਚਾਰਜ਼, ਆ ਰਿਹਾ ਹੈ ਕੁੱਝ ਬਹੁਤ ਖ਼ਾਸ ਸੱਤ ਸਤੰਬਰ ਨੂੰ।ਇਹ ਬੋਰਡ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ ਅਤੇ ਲੋਕਾਂ ਵਲੋਂ ਕਈ ਤਰਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ।