ਅਪਲਾਈ ਕਰਨ ਲਈ 30 ਸਤੰਬਰ ਤੱਕ ਖੁੱਲ੍ਹਾ ਰਹੇਗਾ ਪੋਰਟਲ – ਅਸ਼ੀਸ਼ ਕਥੂਰੀਆ
ਨਵਾਂਸ਼ਹਿਰ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਵਿਦਿਆਰਥੀਆਂ ਨੂੰ ਫ਼ਰੀਸ਼ਿਪ ਕਾਰਡ ਜਾਰੀ ਕੀਤਾ ਜਾਵੇਗਾ।ਜਿਹੜੇ ਵਿਦਿਆਰਥੀ ਇਸ ਫ਼ਰੀਸ਼ਿਪ ਕਾਰਡ ਰਾਹੀਂ ਸੰਸਥਾਵਾਂ ਵਿਚ ਦਾਖ਼ਲਾ ਲੈਣਗੇ, ਸੰਸਥਾਵਾਂ ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਕੋਈ ਫੀਸ ਲਏ ਦਾਖ਼ਲਾ ਯਕੀਨੀ ਬਣਾਉਣਗੀਆਂ ਅਤੇ ਜਿਸ ਦਿਨ ਵਿਦਿਆਰਥੀ ਦਾਖ਼ਲਾ ਲੈਂਦਾ ਹੈ, ਉਸੇ ਸਮੇਂ ਵਿਦਿਆਰਥੀ ਤੋਂ ਪੋਰਟਲ ’ਤੇ ਸਕਾਲਰਸ਼ਿਪ ਲਈ ਅਪਲਾਈ ਕਰਵਾਉਣਾ ਯਕੀਨੀ ਬਣਾਉਣਗੀਆਂ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਅਸ਼ੀਸ਼ ਕਥੂਰੀਆ ਨੇ ਦੱਸਿਆ ਕਿ ਪੰਜਾਬ ਰਾਜ ਦੇ ਵਸਨੀਕ ਅਨੁਸੂਚਿਤ ਜਾਤੀ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਦਸਵੀਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿਚ ਉਚੇਰੀ ਸਿੱਖਿਆ ਲੈਣ ਲਈ ਵਜੀਫ਼ੇ ਦੇ ਯੋਗ ਹੋਣਗੇ।ਇਸ ਵਿੱਦਿਅਕ ਵਰ੍ਹੇ ਤੋਂ ਸ਼ੁਰੂ ਕੀਤੀ ਗਈ ਇਸ ਨਵੀਂ ਵਿਧੀ ਅਨੁਸਾਰ ਵਿਦਿਆਰਥੀਆਂ ਵੱਲੋਂ ਫ਼ਰੀਸ਼ਿਪ ਕਾਰਡ ਲਈ ਵੈਬਸਾਈਟ ਜਾਂ ਡਾ. ਅੰਡਬੇਡਕਰ ਸਕਾਲਰਸ਼ਿਪ ਪੋਰਟਲ ’ਤੇ ਅਪਲਾਈ ਕਰਨਾ ਹੋਵੇਗਾ।ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ’ਤੇ ਰਜਿਸਟ੍ਰੇਸ਼ਨ ਜ਼ਰੂਰੀ ਤੇ ਆਧਾਰ ਕਾਰਡ ਹੋਣਾ ਲਾਜ਼ਮੀ ਹੈ।ਅਪਲਾਈ ਕਰਨ ਲਈ ਪੋਰਟਲ ਵਿਦਿਆਰਥੀਆਂ ਲਈ ਖੋਹਲ ਦਿੱਤਾ ਗਿਆ ਹੈ, ਜੋ ਕਿ 30 ਸਤੰਬਰ ਤੱਕ ਖੁੱਲ੍ਹਾ ਰਹੇਗਾ।ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸੰਸਥਾਵਾਂ ਵਿਚ ਬਣੇ ਫੈਸੀਲੀਟੇਸ਼ਨ ਸੈਂਟਰ ਵਿਖੇ ਜਾਂ ਆਪਣੀ ਤਹਿਸੀਲ ਨਾਲ ਸਬੰਧਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜਾਰੀ ਹੋਣ ਵਾਲੇ ਕਾਰਡ ਵਿਚ ਐਸ.ਸੀ ਵਰਗ ਦੇ ਵਿਦਿਆਰਥੀ ਦਾ ਸਾਰਾ ਰਿਕਾਰਡ, ਉਸ ਦੀ ਪੜ੍ਹਾਈ ਨਾਲ ਸਬੰਧਤ ਵੇਰਵੇ, ਜਿਵੇਂ ਕਿ ਫੀਸ, ਕੋਰਸ ਆਦਿ ਦਰਜ ਹੋਣਗੇ ਅਤੇ ਇਹ ਕਾਰਡ ਵਿਭਾਗ ਦੇ ਪੋਰਟਲ ਨਾਲ ਕੁਨੈਕਟ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਯੋਗ ਵਿਦਿਆਰਥੀਆਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਲੈਣ ਵਿਚ ਆਸਾਨੀ ਹੋਵੇਗੀ, ਉਥੇ ਹੀ ਉਨ੍ਹਾਂ ਨੂੰ ਵਾਰ-ਵਾਰ ਸਿੱਖਿਆ ਸੰਸਥਾਵਾਂ ਵਿਚ ਆਪਣੇ ਦਸਤਾਵੇਜ਼ ਆਦਿ ਜਮ੍ਹਾਂ ਕਰਵਾਉਣ ਦੀ ਵੀ ਲੋੜ ਨਹੀਂ ਰਹੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।