ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਰਨਗੇ ਉਦਘਾਟਨ
ਕਪੂਰਥਲਾ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਕਾਇਆ ਬਿੱਲ ਮਾਫ ਕੀਤੇ ਜਾਣ ਸਬੰਧੀ ਸੁਵਿਧਾ ਕੈਂਪਾਂ ਦੀ ਲੜੀ ਦੀ ਕਪੂਰਥਲਾ ਜ਼ਿਲ੍ਹੇ ਵਿਚ ਸ਼ੁਰੂਆਤ ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ ਤੇ ਭੂਮੀ ਰੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ 23 ਅਕਤੂਬਰ ਨੂੰ ਕੀਤੀ ਜਾ ਰਹੀ ਹੈ।
ਉਪ ਮੁੱਖ ਇੰਜੀਨੀਅਰ/ਵੰਡ ਇੰਦਰਪਾਲ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਹੇਠ ਪਹਿਲਾ ਸੁਵਿਧਾ ਕੈਂਪ ਕਪੂਰਥਲਾ ਸ਼ਹਿਰ ਦੇ ਮੁਹੱਲਾ ਸੰਤ ਪੁਰਾ ਵਿੱਚ ਝੰਡਾ ਮੱਲ ਸਕੂਲ ਵਿਖੇ 11 ਵਜੇ ਤੋਂ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 2 ਕਿਲੋਵਾਟ ਤੱਕ ਦੇ ਘਰੇਲੂ ਮਨਜ਼ੂਰਸ਼ੁਦਾ ਕੁਨੈਕਸ਼ਨਾਂ ਦੇ ਬਕਾਇਆ ਬਿੱਲ ਪੰਜਾਬ ਸਰਕਾਰ ਵਲੋਂ ਮਾਫ ਕੀਤੇ ਗਏ ਹਨ।ਜਿਸ ਲਈ ਬਿਨੈਕਾਰ ਕੈਂਪ ਵਿਚ ਆ ਕੇ ਆਪਣਾ ਫਾਰਮ ਭਰ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਖੱਪਤਕਾਰਾਂ ਦੇ ਬਿਜਲੀ ਬਿੱਲ ਨਾ ਭਰਨ ਕਰਕੇ ਕੁਨੈਕਸ਼ਨ ਕੱਟੇ ਗਏ ਹਨ।ਉਨ੍ਹਾਂ ਨੂੰ ਵੀ ਬਹਾਲ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਕਪੂਰਥਲਾ ਨਿਵਾਸੀਆਂ ਅਤੇ ਵਿਸ਼ੇਸ਼ ਕਰਕੇ ਮੁਹੱਲਾ ਸੰਤਪੁਰਾ, ਪ੍ਰੀਤਨਗਰ, ਮਹਿਤਾਬਗੜ੍ਹ, ਮਾਰਕਫੈਡ ਚੌਂਕ, ਸ਼ਹਿਰੀਆਂ ਮੁਹੱਲਾ, ਦਸ਼ਮੇਸ਼ ਕਾਲੋਨੀ, ਨਰੋਤਮ ਵਿਹਾਰ ਅਤੇ ਬੱਕਰ ਖਾਣਾ ਚੌਂਕ ਤੋਂ ਆਦਿ ਇਲਾਕਿਆਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆ ਕੇ ਪੰਜਾਬ ਸਰਕਾਰ ਦੀ ਮਾਫੀ ਯੋਜਨਾ ਦਾ ਲਾਭ ਲੈਣ।
ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਦੇ ਬਕਾਇਆ ਮਾਫੀ ਲਈ ਖੱਪਤਕਾਰ ਵਲੋਂ ਕੇਵਲ ਬਿਜਲੀ ਦਾ ਬਿੱਲ ਅਤੇ ਪਹਿਚਾਣ ਪੱਤਰ ਦੀ ਜ਼ਰੂਰਤ ਹੈ ਅਤੇ ਮੌਕੇ ਤੇ ਹੀ ਫਾਰਮ ਭਰਵਾਉਣ ਉਪਰੰਤ 2 ਕਿਲੋਵਾਟ ਤੱਕ ਦੇ ਲੋਡ ਵਾਲੇ ਬਿਜਲੀ ਖੱਪਤਕਾਰਾਂ ਦੇ ਬਕਾਏ ਮਾਫ ਕਰਨਯੋਗ ਹੋਣਗੇ।