ਕਰਜ਼ ਪ੍ਰਕਿਰਿਆ ਨੂੰ ਸੁਖ਼ਾਲਾ ਕਰਦਿਆਂ ਬੈਂਕਾਂ ਵੱਲੋਂ ਘਰ-ਘਰ ਕੀਤੀ ਜਾ ਰਹੀ ਹੈ ਪਹੁੰਚ-ਜਾਨ ਮੁਹੰਮਦ
ਨਵਾਂਸ਼ਹਿਰ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਜ਼ਿਲ੍ਹਾ ਲੀਡ ਬੈਂਕ ਪੀ.ਐਨ.ਬੀ ਦੀ ਅਗਵਾਈ ‘ਚ ਜ਼ਿਲ੍ਹੇ ਦੀਆਂ ਸਮੂਹਬੈਂਕਾਂ ਵੱਲੋਂ ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਮੈਗਾ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ।ਇਸ ਦੌਰਾਨ 505 ਲਾਭਪਾਤਰੀਆਂ ਦੇ ਕੁੱਲ 14 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ, ਜਿਨ੍ਹਾਂ ਵਿਚ ਲੀਡ ਬੈਂਕ ਪੀ.ਐਨ.ਬੀ ਦੇ 194 ਲਾਭਪਾਤਰੀਆਂ ਦੀ 5.61 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਸ਼ਾਮਲ ਸੀ।ਇਸ ਦੌਰਾਨ ਕੋਵਿਡ ਵੈਕਸੀਨੇਸ਼ਨ ਕੈਂਪ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ ਅਤੇ ਵੱਖ-ਵੱਖ ਡੀਲਰਾਂ ਵੱਲੋਂ ਆਪਣੇ ਚਾਰ ਪਹੀਆ ਅਤੇ ਦੋਪਹੀਆ ਵਾਹਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਤੋਂ ਇਲਾਵਾ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਸਬੰਧ ਵਿਚ ਭ੍ਰਿਸ਼ਟਾਚਾਰ ਖਿਲਾਫ਼ ਸਹੁੰ ਵੀ ਚੁੱਕੀ ਗਈ।ਲੀਡ ਜ਼ਿਲ੍ਹਾ ਮੈਨੇਜਰ (ਐਲ.ਡੀ.ਐਮ) ਰਮੇਸ਼ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਵਿੱਚ ਸਰਕਲ ਹੈਡ ਕਪੂਰਥਲਾ ਜਾਨ ਮੁਹੰਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵੱਡੀ ਗਿਣਤੀ ‘ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਤਹਿਤ ਕਰਜ਼ ਪ੍ਰਕਿਰਿਆ ਨੂੰ ਸੁਖ਼ਾਲਾ ਕਰਦਿਆਂ ਬੈਂਕਾਂ ਵੱਲੋਂ ਲੋਕਾਂ ਨੂੰ ਕਰਜ਼ਾ ਮੁਹੱਈਆ ਕਰਵਾਉਣ ਲਈ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਜਿਥੇ ਮੁਲਕ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ ਹੈ, ਉਥੇ ਆਮ ਲੋਕਾਂ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੋਈ ਹੈ।ਉਨ੍ਹਾਂ ਦੱਸਿਆ ਕਿ ਪੂਰਾ ਇਕ ਮਹੀਨਾ ਬੈਂਕਾਂ ਵੱਲੋਂ ਮੁਹਿੰਮ ਚਲਾਈ ਗਈ ਹੈ, ਜਿਸ ਦਾ ਮਕਸਦ ਲੋਕਾਂ ਨੂੰ ਵੱਖ-ਵੱਖ ਕਰਜ਼ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ।
ਐਲ.ਡੀ.ਐਮ ਰਮੇਸ਼ ਕੁਮਾਰ ਸ਼ਰਮਾ ਨੇ ਇਸ ਦੌਰਾਨ ਬੈਂਕਾਂ ਵੱਲੋਂ ਵੱਖ-ਵੱਖ ਕਰਜ਼ਾ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਬੈਂਕਾਂ ਨੂੰ ਕਰਜ਼ਿਆਂ ਸਬੰਧੀ ਸਾਰੇ ਬਕਾਇਆ ਮਾਮਲਿਆਂ ਦੇ ਨਿਪਟਾਰੇ ਦੇ ਆਦੇਸ਼ ਦਿੱਤੇ ਗਏ ਹਨ।ਇਸ ਦੌਰਾਨ ਹੋਰਨਾਂ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਏ.ਐਨ ਸਿੰਘ, ਪੀ.ਐਨ.ਬੀ ਦਾਣਾ ਮੰਡੀ ਬੰਗਾ ਦੇ ਚੀਫ ਮੇਨੇਜਰ ਰਾਜੇਸ਼ ਜੋਸ਼ੀ, ਪੰਜਾਬ ਐਂਡ ਸਿੰਧ ਬੈਂਕ ਨਵਾਂਸ਼ਹਿਰ ਦੇ ਚੀਫ ਮੈਨੇਜਰ ਆਰ.ਐਸ ਸਿਸੋਦੀਆ, ਰਾਜ ਪਾਲ ਗਾਂਧੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।