Tuesday, April 30, 2024

ਡਿਪਟੀ ਕਮਿਸ਼ਨਰ ਤੇ ਐਸ.ਐਸ ਪੀ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ

80 ਸਾਲ ਤੋਂ ਉਪਰ ਵਾਲੇ ਵੋਟਰ ਘਰ ਬੈਠੇ ਪਾ ਸਕਣਗੇ ਵੋਟ

ਕਪੂਰਥਲਾ, 21 ਦਸਬੰਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਸਬੰਧੀ ਅੱਜ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਵਲੋਂ ਸਮੂਹ ਰਿਟਰਨਿੰਗ ਅਫਸਰਾਂ, ਨੋਡਲ ਅਧਿਕਾਰੀਆਂ ਤੇ ਚੋਣ ਡਿਊਟੀ ਵਿਚ ਤਾਇਨਾਤ ਅਮਲੇ ਨੂੰ ਕਿਹਾ ਗਿਆ ਹੈ ਕਿ ਉਹ ਚੋਣ ਅਮਲ ਲਈ ਤਿਆਰੀ ਜੰਗੀ ਪੱਧਰ ’ਤੇ ਹੁਣ ਤੋਂ ਹੀ ਸ਼ੁਰੂ ਕਰਨ।
ਅੱਜ ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਰਿਟਰਨਿੰਗ ਅਫਸਰ ਸੰਵੇਦਨਸ਼ੀਲ ਬੂਥਾਂ ਦੀ ਤਸਦੀਕ ਤੇ ਮੈਪਿੰਗ ਕਰਨ ਦਾ ਕੰਮ ਤੇਜੀ ਨਾਲ ਮੁਕੰਮਲ ਕਰਨ।
                   ਉਨ੍ਹਾਂ ਨਾਲ ਹੀ ਕਿਹਾ ਕਿ 31 ਦਸੰਬਰ ਤੱਕ ਸਾਰੇ 793 ਪੋਲਿੰਗ ਬੂਥਾਂ ਦਾ ਦੌਰਾ ਕਰਕੇ ਉੱਥੇ ਵੋਟਰਾਂ ਦੀ ਸਹੂਲਤ ਲਈ ਰੈਂਪ, ਪੀਣ ਵਾਲਾ ਪਾਣੀ, ਬਾਥਰੂਮ, ਲਾਇਟ, ਵੀਲ੍ਹ ਚੇਅਰ ਆਦਿ ਦਾ ਪ੍ਰਬੰਧ ਕੀਤਾ ਜਾਵੇ।ਇਸ ਤੋਂ ਇਲਾਵਾ ਚੋਣ ਅਮਲ ਦੌਰਾਨ ਕੋਵਿਡ ਪ੍ਰਬੰਧਨ ਯੋਜਨਾ ਦੇ ਤਹਿਤ ਸਿਵਲ ਸਰਜਨ ਨੂੰ ਕਿਹਾ ਕਿ ਉਹ ਡਿਊਟੀ ’ਤੇ ਤਾਇਨਾਤੀ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਤੇ ਨਾਲ ਹੀ ਪੋਲਿੰਗ ਬੂਥਾਂ ਤੋਂ ਬਾਇਓ ਮੈਡੀਕਲ ਵੇਸਟ ਨੂੰ ਅੰਮ੍ਰਿਤਸਰ ਵਿਖੇ ਬਾਇਓ ਕੇਅਰ ਏਜੰਸੀ ਕੋਲ ਨਸ਼ਟ ਕਰਨ ਦੀ ਵਿਵਸਥਾ ਕਰਨ।
                    ਉਨ੍ਹਾਂ 299 ਅਜਿਹੇ ਅਧਿਕਾਰੀ ਤੇ ਕਰਮਚਾਰੀ ਜੋ ਕਿ ਵੈਕਸੀਨੇਸ਼ਨ ਦੀ ਦੂਜੀ ਡੋਜ਼ ਤੋਂ ਵਾਂਝੇ ਹਨ ਲਈ ਵਿਸ਼ੇਸ਼ ਕੈਂਪ ਲਾ ਕੇ ਟੀਕਾਕਰਨ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਇਹ ਵੀ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਸ਼ਖਤੀ ਨਾਲ ਲਾਗੂ ਕਰਨ ਲਈ ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਹੋਰ ਸਬੰਧਿਤ ਅਧਿਕਾਰੀ ਹੁਣ ਤੋਂ ਹੀ ਸਰਗਰਮ ਹੋਣ।ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਜਾਰੀ ਸੀ-ਵਿਜਲ ਐਪ ਡਾਊਨਲੋਡ ਕਰਕੇ ਸੁਯੋਗ ਵਰਤੋਂ ਕਰਨ ਦੇ ਵੀ ਹੁਕਮ ਦਿੱਤੇ।
                 ਭਾਰਤੀ ਚੋਣ ਕਮਿਸ਼ਨ ਵਲੋਂ 80 ਸਾਲ ਦੀ ਉਮਰ ਜਾਂ ਜਿਆਦਾ ਦੇ ਵੋਟਰਾਂ ਨੂੰ ਘਰ ਤੋਂ ਹੀ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਬਾਰੇ ਵੀ ਉਨ੍ਹਾਂ ਪੁਖਤਾ ਪ੍ਰਬੰਧ ਕਰਨ ਲਈ ਕਿਹਾ।ਇਸ ਤੋਂ ਇਲਾਵਾ ਜਿਨ੍ਹਾਂ ਬੂਥਾਂ ਉੱਪਰ ਪਿਛਲੀਆਂ ਚੋਣਾਂ ਦੌਰਾਨ 70 ਫੀਸਦੀ ਤੋਂ ਘੱਟ ਵੋਟਿੰਗ ਹੋਈ ਸੀ, ਵਿਖੇ ਸਵੀਪ ਤਹਿਤ ਵੋਟਰ ਜਾਗਰੂਕਤਾ ਸਰਗਰਮੀਆਂ ਤੇਜ ਕਰਨ ਲਈ ਕਿਹਾ ਗਿਆ।ਉਨ੍ਹਾਂ ਕਿਹਾ ਕਿ ਹਰ ਸਕੂਲ ਤੇ ਕਾਲਜ ਵਿਖੇ 18 ਤੇ 19 ਸਾਲ ਦੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ।
                ਐਸ.ਐਸ.ਪੀ ਕਪੂਰਥਲਾ ਖੱਖ ਨੇ ਕਿਹਾ ਕਿ ਪੰਜਾਬ ਪੁਲਿਸ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕਰਨ ਤੇ ਸੁਰੱਖਿਆ ਪ੍ਰਬੰਧਾਂ ਲਈ ਪੂਰੀ ਤਰ੍ਹਾਂ ਤਿਆਰ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਚੋਣਾਂ ਲਈ ਢੁਕਵੇਂ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣਗੇ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮੂਹ ਰਿਟਰਨਿੰਗ ਅਫਸਰ ਤੇ ਡੀ.ਐਸ.ਪੀਜ਼ ਆਪਣੇ ਪੱਧਰ ’ਤੇ ਬਿਹਤਰੀਨ ਤਾਲਮੇਲ ਸਥਾਪਿਤ ਕਰਨ।ਇਸ ਤੋਂ ਇਲਾਵਾ ਚੋੋਣਾਂ ਦੌਰਾਨ ਨਸ਼ੇ ਤੇ ਵਿਸ਼ੇਸ ਕਰਕੇ ਸ਼ਰਾਬ ਦੀ ਵਰਤੋਂ ਰੋਕਣ ਲਈ ਕਰ ਤੇ ਆਬਕਾਰੀ ਵਿਭਾਗ ਨਾਲ ਸਾਂਝੀਆਂ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।
                 ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ, ਐਸ.ਡੀ.ਐਮ ਕਪੂਰਥਲਾ ਡਾ. ਜੈਇੰਦਰ ਸਿੰਘ, ਐਸ.ਡੀ.ਐਮ ਫਗਵਾੜਾ ਕੁਲਪ੍ਰੀਤ ਸਿੰਘ, ਐਸ.ਡੀ.ਐਮ ਭੁਲੱਥ ਸ਼ਾਇਰੀ ਮਲਹੋਤਰਾ, ਐਸ.ਪੀ ਜਗਜੀਤ ਸਿੰਘ ਸਰੋਆ ਤੇ ਹੋਰਨਾਂ ਵਿਭਾਗਾਂ ਦੇ ਉਚ ਅਧਿਕਾਰੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …