ਯੋਗ ਲਾਭਪਾਤਰੀ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ – ਚੇਅਰਮੈਨ ਪੂਰਬਾ
ਸਮਰਾਲਾ, 21 ਦਸੰਬਰ (ਇੰਦਰਜੀਤ ਸਿਮਘ ਕੰਗ) – ਸਥਾਨਕ ਬੀ.ਡੀ.ਓ ਦਫਤਰ ਸਮਰਾਲਾ ਵਿਖੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਅਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ ਗਿਆ। ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਲੱਗੇ ਕੈਂਪ ਵਿੱਚ ਰੁਪਿੰਦਰ ਕੌਰ ਬੀ.ਡੀ.ਪੀ.ਓ ਸਮਰਾਲਾ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਉਨਾਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਆਟਾ ਦਾਲ ਸਕੀਮ, ਸ਼ਗਨ ਸਕੀਮ, ਲਾਭ ਪਾਤਰੀ ਕਾਰਡਾਂ ਸਬੰਧੀ, ਲਾਲ ਲਕੀਰ ਅੰਦਰ ਦੀ ਮਾਲਕੀ, ਸਰਕਾਰ ਵਲੋਂ ਦਿੱਤੇ ਜਾ ਰਹੇ ਪੰਜ਼ ਪੰਜ਼ ਮਰਲੇ ਦੇ ਪਲਾਟਾਂ ਸਬੰਧੀ ਜਾਣਕਾਰੀ ਦਿੱਤੀ।
ਬਲਾਕ ਸੰਮਤੀ ਚੇਅਰਮੈਨ ਅਜਮੇਰ ਸਿੰਘ ਪੂਰਬਾ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਚੰਨੀ ਸਰਕਾਰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ।ਜੇਕਰ 2022 ਵਿੱਚ ਪੰਜਾਬ ਅੰਦਰ ਮੁੜ ਕਾਂਗਰਸ ਸਰਕਾਰ ਆਵੇਗੀ ਤਾਂ ਪੰਜਾਬ ਦੇ ਲੋਕਾਂ ਨਾਲ ਰਹਿੰਦੇ ਵਾਅਦੇ ਪੂਰੇ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ।ਸੀਨੀਅਰ ਕਾਂਗਰਸੀ ਆਗੂ ਸੁਰਮੱਖ ਸਿੰਘ ਨੇ ਸਮਰਾਲਾ ਇਲਾਕੇ ਦੇ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਇਨ੍ਹਾਂ ਸਕੀਮਾਂ ਦਾ ਪੂਰਨ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਕੈਂਪ ਵਿੱਚ ਪ੍ਰਮੁੱਖ ਤੌਰ ‘ਤੇ ਹਰਜੀਤ ਸਿੰਘ ਪੰਚਾਇਤ ਅਫਸਰ, ਬਲਦੇਵ ਸਿੰਘ ਪਟਵਾਰੀ, ਸਰਬਜੀਤ ਕੌਰ ਵਾਈਸ ਚੇਅਰਮੈਨ, ਬਲਾਕ ਸੰਮਤੀ ਮੈਂਬਰ ਰਣਧੀਰ ਸਿੰਘ ਧੀਰਾ, ਰਾਮ ਕਿਸ਼ਨ, ਧਰਮਿੰਦਰ ਸਿੰਘ ਖੱਟਰਾਂ, ਸ਼ਾਲੂ ਰਾਣੀ ਮੌਦਗਿੱਲ, ਬਲਵਿੰਦਰ ਬੰਬ, ਕਾਂਗਰਸੀ ਆਗੂ ਜਸਵਿੰਦਰ ਸਿੰਘ ਗੋਗੀ ਪਪੜੌਦੀ, ਸੁਰਮੁੱਖ ਸਿੰਘ ਹਰਬੰਸ ਪੁਰਾ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ, ਅਵਤਾਰ ਸਿੰਘ ਸਮਸ਼ਪੁਰ, ਸੁਖਪਾਲ ਸਿੰਘ ਰਾਜੇਵਾਲ, ਜਗਦੇਵ ਸਿੰਘ ਢਿੱਲਵਾਂ, ਭੀਮ ਸਿੰਘ ਗਗੜਾ ਆਦਿ ਨੇ ਸ਼ਿਰਕਤ ਕੀਤੀ।
ਇਸ ਮੌਕੇ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲਾਭਪਾਤਰੀ ਮੌਜ਼ੂਦ ਸਨ।