ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਹਲਕੇ ਦੇ ਲੋਕ ਹੋਏ ਇਕਜੁੱਟ – ਮਜੀਠੀਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਹਲਕਾ ਪੂਰਬੀ ‘ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਵੱਡਾ ਝਟਕਾ ਲੱਗਾ ਜਦ ਉਹਨਾਂ ਦੇ
ਕਰੀਬੀ ਸਾਥੀ ਤੇ ਦੋ ਵਾਰ ਕੌਂਲਸਰ ਰਿਹਾ ਅਜੀਤ ਸਿੰਘ ਦਾ ਪਰਿਵਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਿਆ।
ਵਾਰਡ ਨੰਬਰ 45 ‘ਚ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਕੌਂਸਲਰ ਅਜੀਤ ਸਿੰਘ, ਉਹਨਾਂ ਦੀ ਪਤਨੀ ਹਰਜੀਤ ਕੌਰ, ਪੁੱਤਰਾਂ ਸੁਖਦੇਵ ਸਿੰਘ ਤੇ ਬਲਵਿੰਦਰ ਸਿੰਘ ਬਿੱਲਾ ਅਤੇ ਕਈ ਸਮਰਥਕਾਂ ਨੁੰ ਅਕਾਲੀ ਦਲ ਵਿਚ ਸ਼ਾਮਲ ਕੀਤਾ ਅਤੇ ਸਿਰੋਪਾਓ ਪਾ ਕੇ ਉਨਾਂ ਨੂੰ ਸਨਮਾਨਿਤ ਕੀਤਾ।ਬਿਕਰਮ ਸਿੰਘ ਮਜੀਠੀਆ ਨੇ ਭਰੋਸਾ ਦੁਆਇਆ ਕਿ ਪਾਰਟੀ ਵਿੱਚ ਉਹਨਾਂ ਨੁੰ ਪੂਰਾ ਮਾਣ ਸਤਿਕਾਰ ਮਿਲੇਗਾ।
ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਲੋਕ ਆਪ ਮੁਹਾਰੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਨਵਜੋਤ ਸਿੱਧੂ ਦਾ ਹੰਕਾਰ ਤੋੜਨ ਲਈ ਹਲਕੇ ਦੇ ਲੋਕ ਇਕਜੁੱਟ ਹੋ ਗਏ ਹਨ।
ਮਜੀਠੀਆ ਨੇ ਅੱਜ ਹਲਕੇ ਦੀਆਂ ਵੱਖ ਵੱਖ ਕਲੌਨੀਆਂ ਵਿੱਚ ਘਰ-ਘਰ ਚੋਣ ਪ੍ਰਚਾਰ ਕੀਤਾ।ਉਹਨਾਂ ਨੇ ਵਾਰਡ ਨੰਬਰ 44 ਵਿਚ ਪੈਂਦੇ ਇਲਾਕਿਆਂ ਨਿਊ ਆਜ਼ਾਦ ਨਗਰ, ਨਿਊ ਪ੍ਰਤਾਪ ਨਗਰ, ਉਤਮ ਅਵੈਨਿਊ, ਸੰਤ ਅਵੈਨਿਊ, ਪ੍ਰਤਾਪ ਅਵੈਨਿਊ, ਵਾਰਡ ਨੰਬਰ 45 ਵਿਚ ਆਜ਼ਾਦ ਨਗਰ, ਸੁਦਰਸ਼ਨ ਨਗਰ ਤੇ ਨਿਊ ਆਜ਼ਾਦ ਨਗਰ ਅਤੇ ਵਾਰਡ ਨੰਬਰ 43 ਵਿਚ ਕਪੂਰ ਨਗਰ, ਗੋਬਿੰਦ ਨਗਰ, ਉਤਮ ਐਵਨਿਊ ਤੇ ਈਸਟ ਗੋਬਿੰਦ ਨਗਰ ‘ਚ ਡੋਰ ਟੂ ਡੋਰ ਪ੍ਰਚਾਰ ਕੀਤਾ।ਇਸ ਦੌਰਾਨ ਲੋਕਾਂ ਨੇ ਊਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਥਾਂ ਥਾਂ `ਤੇ ਉਹਨਾਂ ਦੇ ਹਾਰ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਮਜੀਠੀਆ ਨੇ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ `ਤੇ ਹਲਕੇ ਦੀ ਨੁਹਾਰ ਬਦਲਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
Punjab Post Daily Online Newspaper & Print Media