ਖ਼ਾਲਸਾ ਕਾਲਜ ਵੂਮੈਨ ਵਿਖੇ ਛੀਨਾ ਨੇ 2 ਰੋਜ਼ਾ ਸੈਮੀਨਾਰ ਦਾ ਕੀਤਾ ਅਗਾਜ਼
ਅੰਮ੍ਰਿਤਸਰ, 14 ਮਾਰਚ (ਖਹੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੋਸਟ ਗ੍ਰੈਜ਼ੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ਆਈ.ਸੀ.ਐਸ.ਐਸ.ਆਰ ਦੀ ਸਰਪ੍ਰਸਤੀ ਹੇਠ ‘ਵਿੱਤੀ ਅਤੇ ਬੈਕਿੰਗ ਸੈਕਸ਼ਨ ’ਚ ਤਕਨੀਕੀ ਨਵੀਨਤਾਵਾਂ-ਸਮਾਜ ਲਈ ਇਕ ਦਿਸ਼ਾ’ ਵਿਸ਼ੇ ’ਤੇ 2 ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਅਗਾਜ਼ ਉਚੇਚੇ ਤੌਰ ’ਤੇ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਮਨਜੀਤ ਸਿੰਘ ਨੇ ਆਪਣੇ ਕੁੰਜ਼ੀਵਤ ਭਾਸ਼ਣ ’ਚ ਇਸ ਸਮੇਂ ਜਾਰੀ ‘ਡਿਜੀਟਲ ਕ੍ਰਾਂਤੀ’ ਨੂੰ ਭਾਰਤੀ ਅਰਥ ਵਿਵਸਥਾ ’ਚ ਇਕ ਵੱਡਾ ਫ਼ੇਰਬਦਲ ਦੱਸਦਿਆਂ ਕਿਹਾ ਕਿ ਜਦੋਂ ਦੇਸ਼ ’ਚ ਵਿੱਤੀ ਸੇਵਾਵਾਂ ਦੇ ਡਿਜ਼ੀਟਲੀਕਰਨ ਦੀ ਗੱਲ ਆਉਂਦੀ ਹੈ ਤਾਂ ਭਾਰਤ ਵਿਕਸਿਤ ਦੇਸ਼ਾਂ ਦੀ ਕਤਾਰ ’ਚ ਨਜ਼ਰ ਆਉਂਦਾ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ’ਚ ਭਾਰਤ ਇਕ ਆਕਰਸ਼ਕ ਵਿੱਤੀ ਪ੍ਰਣਾਲੀ ਵਜੋਂ ਉਭਰ ਕੇ ਸਾਹਮਣਾ ਆ ਰਿਹਾ ਹੈ।ਉਨ੍ਹਾਂ ਨੇ ਦੇਸ਼ ’ਚ ਉਭਰ ਰਹੇ ਯੂਨੀਕ੍ਰੋਨ ਵਿੱਤੀ ਸੰਸਥਾਵਾਂ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਪ੍ਰਭਾਵ ਵਿਸ਼ਵਵਿਆਪੀ ਹੈ, ਜੋ ਕਿ ਸਾਡੀ ਅਰਥ ਵਿਵਸਥਾ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਸੈਮੀਨਾਰ ਮੌਕੇ ਛੀਨਾ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਭਾਵੇਂ ਆਰਥਿਕਤਾ ਡਿਜ਼ੀਟਲ ਰੂਪ ’ਚ ਬਦਲ ਰਹੀ ਹੈ, ਪਰ ਸਾਡੇ ਦੇਸ਼ ’ਚ ਵਰਕ ਕਲਚਰ ਦੀ ਅਜੇ ਵੀ ਘਾਟ ਹੈ।ਉਨ੍ਹਾਂ ਕਿਹਾ ਕਿ ਆਰਥਿਕਤਾ ਨੂੰ ਅਜੇ ਵੀ ਵੱਡੇ ਪੱਧਰ ਦੇ ਸੁਧਾਰਾਂ ਦੀ ਲੋੜ ਹੈ।
ਜੀ.ਐਨ.ਡੀ.ਯੂ ਦੇ ਅਕਾਦਮਿਕ ਮਾਮਲੇ ਦੇ ਡੀਨ ਪ੍ਰੋ: ਹਰਦੀਪ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਲਈ ਅਕਾਦਮਿਕ ਪਾਠਕ੍ਰਮ ’ਚ ਡਾਟਾ ਸੁਰੱਖਿਆ ਅਤੇ ਵਪਾਰਕ ਖੋਜ਼ਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲਾਹੇਵੰਦ ਸਾਬਿਤ ਹੁੰਦੇ ਹਨ।ਪ੍ਰੋ. ਬਲਵਿੰਦਰ ਸਿੰਘ ਡੀਨ ਫੈਕਲਟੀ ਆਫ ਇਕਨਾਮਿਕਸ ਐਂਡ ਬਿਜ਼ਨਸ ਅਤੇ ਡਾ. ਮਨਦੀਪ ਕੌਰ ਐਚ.ਓ.ਡੀ.ਯੂ ਐਫ.ਐਸ, ਜੀ.ਐਨ.ਡੀ.ਯੂ ਨੇ ਵੀ ਸੈਮੀਨਾਰ ਦੇ ਵਿਸ਼ੇ ’ਤੇ ਵਿਸਥਾਰ ਨਾਲ ਗੱਲ ਕੀਤੀ।
ਅਖ਼ੀਰ ’ਚ ਸੈਮੀਨਾਰ ਕਨਵੀਨਰ ਅਤੇ ਮੁੱਖੀ ਕਾਮਰਸ ਵਿਭਾਗ ਡਾ. ਸ਼ੁਮਨ ਨਈਅਰ ਸਮੂਹ ਪਤਵੰਤਿਆਂ, ਭਾਗੀਦਾਰਾਂ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ।ਸੈਮੀਨਾਰ ਨੂੰ ਭਾਰਤੀ ਅਤੇ ਵਿਦੇਸ਼ੀ ਮਾਹਿਰਾਂ ਦਾ ਭਰਵਾਂ ਹੁੰਗਾਰਾ ਮਿਲਿਆ।