ਅੰਮ੍ਰਿਤਸਰ, 9 ਅਪ੍ਰੈਲ (ਜਗਦੀਪ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ (ਉਤਰਾਖੰਡ) ਦੇ ਮਸਲੇ ਸਬੰਧੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਕਮੇਟੀ ਨੇ ਇਕੱਤਰਤਾ ’ਚ ਵਿਚਾਰ-ਵਟਾਂਦਰੇ ਮਗਰੋਂ ਗੁਰਦੁਆਰਾ ਸਾਹਿਬ ਦੇ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਸਾਂਝੀ ਕਮੇਟੀ ਗਠਿਤ ਕਰਨ ਦੀ ਅਪੀਲ ਕੀਤੀ ਹੈ।ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ‘ਚ ਹੋਈ ਸਬ-ਕਮੇਟੀ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਗੁਰਮੀਤ ਸਿੰਘ ਸ਼੍ਰੈਣੀ ਮੱਧ ਪ੍ਰਦੇਸ਼, ਬਾਬਾ ਤਰਸੇਮ ਸਿੰਘ ਨਾਨਕਮਤਾ, ਬਾਬਾ ਗੁਰਵਿੰਦਰ ਸਿੰਘ ਕਾਰਸੇਵਾ ਵਾਲੇ, ਹਰਜੀਤ ਸਿੰਘ ਧੂਆ, ਗੁਰਦੀਪ ਸਿੰਘ ਸਹੋਤਾ ਤੇ ਜਗਜੀਤ ਸਿੰਘ ਨੇ ਸ਼ਿਰਕਤ ਕੀਤੀ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਸਬ ਕਮੇਟੀ ਦੀ ਇਕੱਤਰਤਾ ਦੌਰਾਨ ਵੱਖ-ਵੱਖ ਮੈਂਬਰਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਕਾਰਜ ਲਈ ਵੱਖੋ-ਵੱਖ ਯਤਨਾਂ ਦੀ ਥਾਂ ਸਾਂਝੇ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਕਜੁੱਟਤਾ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ, ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਸਾਂਝੀ ਕਮੇਟੀ ਸਥਾਪਿਤ ਕਰਨ।ਜਥੇਦਾਰ ਪੰਜ਼ੋਲੀ ਨੇ ਕਿਹਾ ਕਿ ਸਰਕਾਰਾਂ ਅਤੇ ਅਫ਼ਸਰਸ਼ਾਹੀ ਨਾਲ ਗੱਲ ਕਰਨ ਲਈ ਵੱਖ-ਵੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ, ਸੰਪ੍ਰਦਾਵਾਂ ਤੇ ਨਿੱਜੀ ਵਿਅਕਤੀਆਂ ਦੇ ਯਤਨ ਪ੍ਰਸ਼ੰਸਾਯੋਗ ਹਨ, ਪਰੰਤੂ ਇਕਜੁਟ ਹੋ ਕੇ ਉਪਰਾਲਾ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਮਾਮਲਾ ਵਿਚਾਰਨ ਲਈ ਬਣਾਈ ਗਈ ਸਬ-ਕਮੇਟੀ ਨੇ ਦੋ ਇਕੱਤਰਤਾਵਾਂ ਕੀਤੀਆਂ ਹਨ, ਜਿਸ ਦੌਰਾਨ ਸਾਂਝੀ ਰਾਏ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਸਾਂਝੀ ਕਮੇਟੀ ਸਥਾਪਿਤ ਕਰਨ ਦੀ ਅਪੀਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਜਾਣ ਵਾਲੀ ਸਾਂਝੀ ਕਮੇਟੀ ਸਬੰਧਤ ਸਰਕਾਰਾਂ ਕੋਲ ਸਿੱਖ ਪੰਥ ਦਾ ਪੱਖ ਰੱਖੇਗੀ ਅਤੇ ਲੋੜ ਅਨੁਸਾਰ ਹਰ ਤਰ੍ਹਾਂ ਦੀ ਕਾਰਵਾਈ ਲਈ ਰੂਪ ਰੇਖਾ ਵੀ ਨਿਰਧਾਰਤ ਕਰੇਗੀ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …