ਸੰਗਰੂਰ, 12 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਕਾਰੀ ਸਕੂਲ ਸਿੱਖਿਆ ਨੂੰ ਉੱਚ ਪਾਏ ਦੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਵੇਂ ਵਿਦਿਅਕ ਸੈਸ਼ਨ ਲਈ ਦੋ ਹਫ਼ਤੇ ਬੀਤਣ ‘ਤੇ ਵੀ ਸਕੂਲਾਂ ਵਿੱਚ ਪੁਸਤਕਾਂ ਭੇਜਣ ਦਾ ਪ੍ਰਬੰਧ ਨਹੀਂ ਕਰ ਸਕੀ।ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼਼ ਫਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਤੇ ਸਕੱਤਰ ਹਰਭਗਵਾਨ ਗੁਰਨੇ ਨੇ ਆਖਿਆ ਕਿ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਪੁਸਤਕਾਂ ਨਾ ਭੇਜਣ ਕਾਰਣ ਵਿਦਿਆਰਥੀ ਖੱਜ਼ਲ ਖੁਆਰ ਹੋ ਰਹੇ ਹਨ।ਜਦਕਿ ਵਿਭਾਗ ਦੀ ਅਫ਼ਸਰਸ਼ਾਹੀ ਨੇ ਇਸ ਅਹਿਮ ਮੁੱਦੇ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ।ਜਥੇਬੰਦੀ ਦੇ ਜਿਲ੍ਹਾ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਜਿਲ੍ਹਾ ਆਗੂ ਰਘਵਿੰਦਰ ਤੇ ਮਹਿੰਦਰ ਪ੍ਰਤਾਪ ਸ਼ੇਰਪੁਰ, ਯਾਦਵਿੰਦਰ ਧੂਰੀ, ਗੁਰਪ੍ਰੀਤ ਬੱਬੀ ਨੇ ਸਪੱਸ਼ਟ ਕੀਤਾ ਕਿ ਕਿਤਾਬਾਂ ਨਾ ਮਿਲਣ ਦਾ ਖਮਿਆਜ਼ਾ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ।ਜਿਸ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖ਼ਲੇ ਪ੍ਰਭਾਵਿਤ ਹੋ ਰਹੇ ਹਨ।
ਅਧਿਆਪਕ ਆਗੂਆਂ ਨੇ ਆਖਿਆ ਕਿ ਆਪ ਸਰਕਾਰ ਦਾ ਦਿੱਲੀ ਸਿੱਖਿਆ ਮਾਡਲ ਰੰਗ ਵਿਖਾ ਰਿਹਾ ਹੈ।ਜਿਸ ਦੀ ਝਲਕ ਹੱਕ ਮੰਗਦੇ ਅਧਿਆਪਕਾਂ ਦੀ ਆਵਾਜ਼ ਬੰਦ ਕਰਨ ਤੇ ਪੁਰਾਣੀਆਂ ਸਿੱਖਿਆ ਸੁਧਾਰ ਟੀਮਾਂ ਦੀ ਨਵੇਂ ਵਿੱਦਿਅਕ ਸੈਸ਼ਨ ਲਈ ਬਹਾਲੀ ਤੋਂ ਵੇਖੀ ਜਾ ਸਕਦੀ ਹੈ।ਆਗੂਆਂ ਨੇ ਆਖਿਆ ਕਿ ਆਪ ਸਰਕਾਰ ਦੀ ਸਿੱਖਿਆ ਨੀਤੀ ਵੀ ਪਿਛਲੀਆਂ ਸਰਕਾਰਾਂ ਵਾਲੀ ਹੀ ਹੈ।ਜਿਸ ਦੀ ਮਿਸਾਲ ਸਿੱਖਿਆ ਸੁਧਾਰ ਦੇ ਨਾਂ ਤੇ ਪੜ੍ਹੋ ਪੰਜਾਬ ਵਿੱਚ ਕਰਦੇ ਸੈਂਕੜੇ ਡੀ.ਐਮ, ਬੀ.ਐਮ ਵਲੋਂ ਆਪਣੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਭਵਿੱਖ ਨਾਲ਼ ਖਿਲਵਾੜ ਕਰਕੇ ਵਿਭਾਗ ਦੇ ਫ਼ਰਜ਼ੀ ਅੰਕੜਿਆਂ ਦੇ ਬਣਾਏ ਜਾ ਰਹੇ ਮਹਿਲ ਹਨ।ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਤੋਂ ਸਰਕਾਰੀ ਸਕੂਲਾਂ ਵਿੱਚ ਨਵੇਂ ਵਿੱਦਿਅਕ ਸੈਸ਼ਨ ਦੀਆਂ ਪੁਸਤਕਾਂ ਤੁਰੰਤ ਭੇਜਣ, ਵਰਦੀਆਂ ਲਈ ਨਵੀਂ ਗਰਾਂਟ ਜਾਰੀ ਕਰਨ ਤੇ ਆਪਣੇ ਸਕੂਲ ਛੱਡ ਕੇ ‘ਪੜ੍ਹੋ ਪੰਜਾਬ’ ਦੇ ਫ਼ਰਜ਼ੀ ਅੰਕੜੇ ਜੁਟਾ ਰਹੇ ਡੀ.ਐਮ, ਬੀ.ਐਮ ਨੂੰ ਪਿੱਤਰੀ ਸਕੂਲਾਂ ਵਿੱਚ ਵਾਪਸ ਭੇਜਣ ਦੀ ਮੰਗ ਕੀਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …