Monday, May 12, 2025
Breaking News

ਖ਼ਾਲਸਾ ਕਾਲਜ ਵਿਖੇ ‘ਸਾਹਿਤ ਸਿਰਜਣਾ’ ਵਿਸ਼ੇ ’ਤੇ ਵਰਕਸ਼ਾਪ

ਪੁੰਗਰ ਰਹੇ ਸਾਹਿਤਕਾਰਾਂ ਨੂੰ ਸਾਹਿਤ ਸਿਰਜਣਾ ਨਾਲ ਜੋੜਨਾ ਸਾਡਾ ਮਕਸਦ- ਡਾ. ਮਹਿਲ ਸਿੰਘ

ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ 23 ਅਪ੍ਰੈਲ ਤੱਕ ਸਾਹਿਤ ਸਿਰਜਣਾ ਵਿਸ਼ੇ ਤੇ ਛੇ-ਰੋਜ਼ਾ ਵਰਕਸ਼ਾਪ ਲਗਾਈ ਗਈ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਐਮ.ਏ ਅਤੇ ਐਮ.ਫਿਲ. (ਪੰਜਾਬੀ) ਅਤੇ ਸਾਹਿਤ ਸਭਾ ਨਾਲ ਜੁੜੇ ਸੰਜ਼ੀਦਾ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ, ਸਾਹਿਤ ਅਧਿਐਨ ਦੇ ਤਰੀਕੇ ਦੱਸਣ ਅਤੇ ਚੰਗੀ ਸਾਹਿਤ ਸਿਰਜਣਾ ਦੇ ਗੁਰ ਦੱਸਣ ਲਈ ਪੰਜਾਬੀ ਵਿਭਾਗ ਵਲੋਂ 6 ਦਿਨਾਂ ਵਰਕਸ਼ਾਪ ਚੱਲ ਰਹੀ ਹੈ।ਇਸ ਵਿਚ ਜਿਥੇ ਵਿਭਾਗ ਦੇ ਸੀਨੀਅਰ ਅਧਿਆਪਕ ਲੈਕਚਰ ਦੇਣਗੇ, ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ ਵੀ ਅਧਿਆਪਕ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਹਨ। ਯੂਨੀਵਰਸਿਟੀ ਤੋਂ ਪੰਜਾਬੀ ਅਧਿਐਨ ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀ ਵੀ ਇਸ ਵਰਕਸ਼ਾਪ ਵਿਚ ਭਾਗ ਲੈ ਰਹੇ ਹਨ। ਸਾਹਿਤ ਸਿਰਜਣਾ ਦੇ ਅਨੁਭਵ ਸਾਂਝੇ ਕਰਨ ਲਈ ਸਾਹਿਤਕਾਰਾਂ ਅਤੇ ਚਿੰਤਕਾਂ ਨੂੰ ਵੀ ਬੁਲਾਇਆ ਗਿਆ ਹੈ।
                 ਵਰਕਸ਼ਾਪ ਦੇ ਤੀਸਰੇ ਦਿਨ ਦਾ ਸੰਚਾਲਨ ਕਰਦਿਆਂ ਡਾ. ਮਿੰਨੀ ਸਲਵਾਨ ਨੇ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਪ੍ਰੇਰਨਾ ਅਤੇ ਵਿਭਾਗ ਮੁਖੀ ਡਾ. ਆਤਮ ਸਿਘ ਰੰਧਾਵਾ ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬੀ ਵਿਭਾਗ ਦੀ ਇਕ ਨਵੀਂ ਪਿਰਤ ਹੈ।ਤੀਸਰੇ ਦਿਨ ਦੀ ਵਰਕਸ਼ਾਪ ਦੇ ਪਹਿਲੇ ਲੈਕਚਰ ਵਿਚ ਡਾ. ਆਤਮ ਰੰਧਾਵਾ ਨੇ ਕਵਿਤਾ ਦੇ ਹੋਂਦ ਵਿਚ ਆਉਣ, ਇਸ ਦੇ ਬਹੁ-ਅਰਥੀ ਹੋਣ ਅਤੇ ਸਮਾਜ ਵਿਚ ਇਸ ਦੀ ਕਿਰਿਆ ਪ੍ਰਤੀਕਿਰਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਉਹਨਾਂ ਕਿਹਾ ਕਿ ਚੰਗਾ ਕਵੀ ਬਣਨ ਅਤੇ ਚੰਗੀ ਕਾਵਿ ਸਿਰਜਣਾ ਲਈ ਜਿਥੇ ਵਿਸ਼ਾਲ ਅਨੁਭਵ ਦੀ ਲੋੜ ਹੁੰਦੀ ਹੈ, ਉਥੇ ਵਿਸ਼ਾਲ ਅਧਿਐਨ ਵੀ ਜਰੂਰੀ ਹੈ।ਦੂਸਰੇ ਲੈਕਚਰ ਵਿਚ ਡਾ. ਹੀਰਾ ਸਿੰਘ ਗੁਰਵਿੰਦਰ ਬਰਾੜ ਦੇ ਗੀਤ ‘ਸ਼ਿਵ ਦੀ ਕਿਤਾਬ ਵਰਗੀ’ ਦਾ ਵਿਹਾਰਕ ਅਧਿਐਨ ਕਰਦਿਆਂ ਕਿਹਾ ਕਿ ਗੀਤ ਸਾਡੀ ਰਹਿਤਲ ਦੇ ਨਾਲ ਹੀ ਹੋਂਦ ਵਿਚ ਆ ਗਏ ਸਨ ਅਤੇ ਇਹ ਸਾਹਿਤ ਦੀ ਸਭ ਤੋਂ ਬੁਨਿਆਦੀ ਅਤੇ ਕੋਮਲ ਵਿਧਾ ਹੈ।ਸਾਹਿਤਕ ਗੀਤ ਬਹੁ ਪਰਤੀ ਅਤੇ ਸਮੇਂ ਦੀ ਨਬਜ਼ ਨੂੰ ਪੇਸ਼ ਕਰਨ ਵਾਲੇ ਹੁੰਦੇ ਹਨ। ਬਰਾੜ ਦਾ ਇਹ ਗੀਤ ਤਿੱਖੀ ਵਰਗ-ਚੇਤਨਾ ਅਤੇ ਸਾਹਿਤਕ ਪਿੱਠ ਭੂਮੀ ਵਾਲਾ ਹੈ।ਜਿਸ ਵਿਚ ਸਮਾਜ ਦੇ ਦੋ ਵਰਗਾਂ ਦੀ ਹਾਲਤ ਬਿਆਨ ਕੀਤੀ ਗਈ ਹੈ ਇਸ ਦਾ ਫਿਲਮਾਂਕਣ ਗੀਤ ਦੇ ਬੋਲਾਂ ਦਾ ਸਮਰਥਨ ਕਰਦਾ ਹੈ।
                    ਦੋਵਾਂ ਲੈਕਚਰਾਂ ਤੋਂ ਬਾਅਦ ਹਾਜ਼ਰ ਵਿਦਿਆਰਥੀਆਂ ਨੇ ਸਵਾਲ ਪੁੱਛੇ, ਜਿੰਨਾਂ ਦਾ ਜਵਾਬ ਦੇਂਦਿਆਂ ਵਧੀਆ ਸੰਵਾਦ ਪੈਦਾ ਹੋਇਆ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …