Tuesday, December 24, 2024

ਜੇਲ ਤੋਂ ਬਚਣ ਲਈ ਨਵਜੋਤ ਸਿੱਧੂ ਵਲੋਂ ਡਰਾਮੇਬਾਜ਼ੀ ਦੀ ਛੀਨਾ ਨੇ ਕੀਤੀ ਨਿਖੇਧੀ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ 34 ਸਾਲ ਪੁਰਾਣੇ ਰੋਡ ਰੇਜ਼ ਕੇਸ ’ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜੇਲ੍ਹ ਜਾਣ ਤੋਂ ਬਚਣ ਲਈ ਆਤਮ ਸਮਰਪਣ ਕਰਨ ਤੋਂ ਪਹਿਲਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਅਪਨਾਏ ਗਏ ਹੱਥਕੰਡੇ ਦੀ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਿੱਧੂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਿਰ ਮੱਥੇ ਕਹਿਣ ਦੀ ਬਿਆਨਬਾਜ਼ੀ ਦਾਗ ਰਿਹਾ ਸੀ ਅਤੇ ਦੂਜੇ ਪਾਸੇ ਉਹ ਜ਼ੇਲ ਨਾ ਜਾਣ ਲਈ ਆਤਮ ਸਮਰਪਣ ਕਰਨ ਤੋਂ ਬਹਾਨੇ ਬਣਾ ਕੇ ਡਰਾਮੇਬਾਜ਼ੀ ਕਰ ਰਿਹਾ ਸੀ ਤਾਂ ਕਿ ਸਜ਼ਾ ਤੋਂ ਬਚਿਆ ਜਾ ਸਕੇ, ਪਰ ਹੁਣ ਉਸ ਦੇ ਸਰੈਂਡਰ ਕਰਨ ਤੋਂ ਬਾਅਦ ਪੁਲਿਸ ਦੁਆਰਾ ਜ਼ੇਲ੍ਹ ਭੇਜ ਦਿੱਤਾ ਗਿਆ ਹੈ।
                ਛੀਨਾ ਨੇ ਕਿਹਾ ਕਿ ਸਿੱਧੂ ਨੂੰ ਬਹਾਨੇ ਲੱਭਣ ਦੀ ਬਜਾਏ ਕਾਨੂੰਨ ਦੇ ਅਧੀਨ ਹੋਣਾ ਚਾਹੀਦਾ ਸੀ ਅਤੇ ਸਮਾਂ ਬਰਬਾਦ ਕਰਦਿਆਂ ਬਚਣ ਲਈ ਵਿਉਂਤਬੰਦੀਆਂ ਬਣਾਉਣ ਨਾਲੋਂ ਸਹੀ ਹੁੰਦਾ ਜੇਕਰ ਉਹ ਸੁਪਰੀਮ ਕੋਰਟ ਦੇ ਫ਼ੈਸਲਾ ਦੀ ਇੰਨ ਬਿੰਨ ਉਸੇ ਸਮੇਂ ਪਾਲਣਾ ਕਰਕੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰਦੇ।ਉਨ੍ਹਾਂ ਕਿਹਾ ਕਿ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਗੁਰਨਾਮ ਸਿੰਘ ਦੇ ਪੀੜਤ ਪਰਿਵਾਰ ਨੂੰ ਨਿਆਂ ਮਿਲਿਆ ਹੈ।ਉਨ੍ਹਾਂ ਇਥੇ ਜਾਰੀ ਇਕ ਬਿਆਨ ’ਚ ਕਿਹਾ ਕਿ ਆਖ਼ਰਕਾਰ ਉਸ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਹੈ, ਜਿਸ ਦਾ ਇਕਲੌਤਾ ਰੋਟੀ ਕਮਾਉਣ ਵਾਲਾ ਇਸ ਘਟਨਾ ’ਚ ਮਾਰਿਆ ਗਿਆ ਸੀ।
                ਛੀਨਾ ਅਤੇ ਸਿੱਧੂ ਕਿਸੇ ਸਮੇਂ ਦੋਵੇਂ ਭਾਜਪਾ ’ਚ ਰਹੇ ਹਨ ਅਤੇ ਆਪ ਵੀ ਕੱਟੜ ਵਿਰੋਧੀ ਅਤੇ ਆਲੋਚਕ ਰਹੇ ਹਨ।ਛੀਨਾ ਨੇ ਕਿਹਾ ਕਿ ਸਿੱਧੂ ਕੱਲ੍ਹ ਫੈਸਲਾ ਸੁਣਾਏ ਜਾਣ ਤੋਂ ਬਾਅਦ ਆਤਮ ਸਮਰਪਣ ਕਰਨ ਦੀ ਗੱਲ ਕਰਦੇ ਰਹੇ ਪਰ ਅਚਾਨਕ ਅਜਿਹਾ ਕੀ ਹੋਇਆ ਕੀ ਉਨ੍ਹਾਂ ਦੀ ਸਿਹਤ ਵਿਗੜ ਗਈ?
                   ਛੀਨਾ ਨੇ ਕਿਹਾ ਕਿ ਸਿੱਧੂ ਨੇ ‘ਕਿਸੇ ਵੀ ਵਚਨਬੱਧਤਾ ਅਤੇ ਸਿਧਾਂਤਾਂ ਤੋਂ ਬਿਨਾਂ ਰਾਜਨੀਤੀ’ ਕੀਤੀ ਹੈ।ਉਨ੍ਹਾਂ ਕਿਹਾ ਕਿ ਸਿੱਧੂ ਨੇ ਹਮੇਸ਼ਾਂ ਜਿਸ ਵੀ ਉਚ ਸਿਆਸਤਦਾਨ ਦੀ ਵਾਹੋ-ਵਾਹੀ ਕੀਤੀ, ਬਾਅਦ ’ਚ ਉਸ ਨੂੰ ਬਦਨਾਮ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ, ਭਾਵੇਂ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੀ ਜਾਂ ਫ਼ਿਰ ਮੌਜ਼ੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …