ਸੰਗਰੂਰ, 20 ਮਈ (ਜਗਸੀਰ ਲੌਂਗੋਵਾਲ ) – ਮਹਿੰਗਾਈ ਅਤੇ ਉਜ਼ਰਤਾਂ ਦੇ ਵਾਧੇ ਲਈ ਅੱਜ ਸੀਟੂ ਨੇ ਕਾਮਰੇਡ ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਐਸ.ਡੀ.ਐਮ ਰਾਏਕੋਟ ਗੁਰਵੀਰ ਸਿੰਘ ਕੋਹਲੀ ਦੀ ਗੈਰ ਮੌਜ਼ੂਦਗੀ ਵਿੱਚ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ।ਕਾਮਰੇਡ ਜਤਿੰਦਰਪਾਲ ਸਿੰਘ ਅਤੇ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਮੰਗ ਪੱਤਰ ਦੇਣ ਆਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਖ਼ੁਰਾਕ ਅਤੇ ਹੋਰਨਾਂ ਜਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਰੋਕਣ ਲਈ ਫ਼ੌਰੀ ਠੋਸ ਕਦਮ ਚੁੱਕੇ ਜਾਣ, 14 ਜ਼ਰੂਰੀ ਵਸਤਾਂ ਦੀਆਂ ਰਿਆਇਤੀ ਰੇਟਾਂ ‘ਤੇ ਸਰਕਾਰੀ ਡੀਪੂਆਂ ਤੋਂ ਸਪਲਾਈ ਯਕੀਨੀ ਬਣਾਈ ਜਾਵੇ, ਪੈਟਰੋਲੀਅਮ ਪਦਾਰਥਾਂ ਨੂੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਦਾਂ ਜਾਵੇ ਅਤੇ ਇਨ੍ਹਾਂ ‘ਤੇ ਲਾਏ ਜਾ ਰਹੇ ਟੈਕਸਾਂ ਵਿੱਚ ਕਟੌਤੀਆਂ ਕੀਤੀਆਂ ਜਾਣ।ਇਸ ਤਰ੍ਹਾਂ ਪਰਚੂਨ ਦੇ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਾਖ਼ਲੇ ‘ਤੇ ਰੋਕ ਲਾਈ ਜਾਵੇ।ਅਨਾਜ ਅਤੇ ਦਾਲਾਂ ਵਿੱਚ ਵਾਧਾ ਵਪਾਰ ਅਤੇ ਜਖੀਰੇਬਾਜ਼ੀ ਉਤੇ ਸਖ਼ਤੀ ਨਾਲ ਰੋਕ ਲਾਈ ਜਾਵੇ, ਹਰ ਨਾਗਰਿਕ ਲਈ 10 ਕਿਲੋ ਅਨਾਜ ਅਤੇ ਦੋ ਕਿਲੋ ਦਾਲ ਪ੍ਰਤੀ ਮਹੀਨਾ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਆਮਦਨ ਟੈਕਸ ਦੇ ਘਰੇ ਤੋਂ ਬਾਹਰਲੇ ਪਰਿਵਾਰਾਂ ਨੂੰ 7500/- ਰੁਪਏ ਪ੍ਰਤੀ ਮਹੀਨਾ ਨਗਦ ਮਦਦ ਕੀਤੀ ਜਾਵੇ।ਮਹਿੰਗਾਈ ਭੱਤੇ ਦੀਆਂ ਵਧੀਆਂ ਕਿਸ਼ਤਾਂ ਫ਼ੌਰੀ ਜਾਰੀ ਕੀਤੀਆਂ ਜਾਣ, ਕੱਚੇ ਵਰਕਰ ਪੱਕੇ ਕੀਤੇ ਜਾਣ, ਬਰਾਬਰ ਕੰਮ ਬਰਾਬਰ ਤਨਖ਼ਾਹ ਲਈ ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ।ਹਰ ਤਰ੍ਹਾਂ ਦੇ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ।ਹਰ ਬੇਰੁਜ਼ਗਾਰ ਨੂੰ ਘੱਟੋ ਘੱਟ 6000/- ਰੁਪੈ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਜਾਵੇ।ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ 700/-ਰੁਪਏ ਦਿਹਾੜੀ ਦਿੱਤੀ ਜਾਵੇ ਅਤੇ ਸਾਲ ਵਿੱਚ ਦੋ ਸੌ ਦਿਨ ਕੰਮ ਦਿੱਤਾ ਜਾਵੇ।
ਇਸ ਮੌਕੇ ਕਾਮਰੇਡ ਪ੍ਰਕਾਸ਼ ਸਿੰਘ ਬਰਮੀ, ਰਾਜ ਜਸਵੰਤ ਸਿੰਘ ਜੋਗਾ, ਪ੍ਰਿਤਪਾਲ ਸਿੰਘ ਬਿੱਟਾ, ਜਰਨੈਲ ਸਿੰਘ ਹਲਵਾਰਾ, ਮੁਹੰਮਦ ਤੋਸਿਫ, ਭੁਪਿੰਦਰ ਸਿੰਘ ਗੌਬਿੰਦਗੜ੍ਹ, ਬਹਾਦਰ ਸਿੰਘ ਨੂਰਪੁਰਾ, ਮੁਹੰਮਦ ਅਸਰਫ, ਕਰਮਚੰਦ, ਰਾਜਾ ਸੱਦੋਵਾਲ, ਤਲਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …