ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਸਾਡੇ ਸਮਿਆਂ ਦੇ ਮਹਾਨ ਲੋਕ-ਪੱਖੀ ਨਾਟਕਕਾਰ, ਲੇਖਕ, ਬੁੱਧੀਜੀਵੀ ਤੇ ਸਮਾਜ ਸੇਵੀ ਭਾਅ ਜੀ ਗੁਰਸ਼ਰਨ ਸਿੰਘ ਦੀ ਕਰਮਭੂਮੀ ਰਹੇ ਉਨ੍ਹਾਂ ਦੇ ਸਥਾਨਕ ਰਣਜੀਤਪੁਰਾ ਪੁਤਲੀਘਰ ਸਥਿੱਤ ਜ਼ਦੀ ਘਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਰਾਸਤ ਵਜੋਂ ਜਿਉਂ ਦਾ ਤਿਉਂ ਸੰਭਾਲਣ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂੁਦਨ ਨੂੰ ਦਿੱਤਾ ਗਿਆ।
ਕਮੇਟੀ ਦੇ ਮੈਂਬਰਾਂ ਡਾ: ਪਰਮਿੰਦਰ ਸਿੰਘ, ਕੇਵਲ ਧਾਲੀਵਾਲ, ਰਮੇਸ਼ ਯਾਦਵ, ਸੁਮੀਤ ਸਿੰਘ ਤੋਂ ਇਲਾਵਾ ਅਦਾਕਾਰ ਗੁਰਿੰਦਰ ਮਕਨਾ ਆਦਿ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਕਮੇਟੀ ਵਲੋਂ ਮੁੱਖ ਮੰਤਰੀ ਦੇ ਨਾਮ ਦਿੱਤੇ ਮੰਗ ਪੱਤਰ ਵਿੱਚ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਦੀ ਕੇਵਲ ਪੰਜਾਬ ਦੇ ਲੋਕਾਂ ਜਾਂ ਪੰਜਾਬੀ ਰੰਗਮੰਚ ਨੂੰ ਹੀ ਦੇਣ ਨਹੀਂ ਸੀ, ਬਲਕਿ ਦੁਨੀਆਂ ਭਰ ਦੇ ਲੱਖਾਂ ਲੇਖਕਾਂ, ਰੰਗਕਰਮੀਆਂ ਤੇ ਪਾਠਕਾਂ ਲਈ ਉਹ ਰੋਲ ਮਾਡਲ ਸਨ ਤੇ ਉਨ੍ਹਾਂ ਦੇ ਮਨਾਂ ਵਿਚ ਭਾਅ ਜੀ ਗੁਰਸ਼ਰਨ ਸਿੰਘ ਪ੍ਰਤੀ ਅਥਾਹ ਸਤਿਕਾਰ ਸੀ ਅਤੇ ਅੱਜ ਵੀ ਹੈ।ਉਨ੍ਹਾਂ ਮੰਗ ਕੀਤੀ ਕਿ ਅਜਿਹੀ ਮਹਾਨ ਤੇ ਲੋਕ-ਪੱਖੀ ਸ਼ਖਸੀਅਤ ਦੀਆਂ ਯਾਦਾਂ ’ਤੇ ਉਨ੍ਹਾਂ ਦੀ ਕਰਮਭੂਮੀ ਰਹੇ ਉਨ੍ਹਾਂ ਦੇ ਅੰਮ੍ਰਿਤਸਰ ਵਿੱਚਲੇ ਘਰ ‘ਗੁਰੂ ਖ਼ਾਲਸਾ ਨਿਵਾਸ’ ਨੂੰ ਵਿਰਾਸਤ ਵਜੋਂ ਜਿਉਂ ਦਾ ਤਿਉਂ ਸੰਭਾਲਣਾ ਸਾਡੀਆਂ ਸਰਕਾਰਾਂ ਦਾ ਵੀ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਤੋਂ ਪ੍ਰੇਰਨਾ ਲੈਂਦੀਆਂ ਰਹਿਣ।ਜਿਸ ਨੂੰ ਕਿ ਕੁੱਝ ਲੋਕਾਂ ਵਲੋਂ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਇਸ ਮਹਾਨ ਨਾਟਕਕਾਰ ਤੇ ਲੇਖਕ ਦੇ ਘਰ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇ ਤੇ ਇਥੇ ਭਾਅ ਜੀ ਦੀ ਢੁੱਕਵੀਂ ਯਾਦਗਾਰ ਸਥਾਪਿਤ ਕੀਤੀ ਜਾਵੇ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਕਮੇਟੀ ਮੈਂਬਰਾਂ ਦੀ ਗੱਲ ਧਿਆਨ ਨਾਲ ਸੁਣੀ ਤੇ ਅਗਲੇਰੀ ਯੋਗ ਕਾਰਵਾਈ ਹਿੱਤ ਇਸ ਮੰਗ ਪੱਤਰ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …