ਇਲਾਜ਼ ਅਧੀਨ ਡਾ. ਅਲੱਗ ਦੀ ਸ਼੍ਰੋਮਣੀ ਕਮੇਟੀ ਕਰੇਗੀ ਹਰ ਸੰਭਵ ਮਦਦ – ਐਡਵੋਕੇਟ ਧਾਮੀ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ ਸੱਗੂ) – ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਡਾ. ਸਰੂਪ ਸਿੰਘ ਅਲੱਗ ਜੋ ਬੀਤੇ ਕੁੱੱਝ ਦਿਨਾਂ ਤੋਂ ਲੁਧਿਆਣਾ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨਾਂ ਦੀ ਜਲਦ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਮਨਾ ਕੀਤੀ ਹੈ।ਐਡਵੋਕੇਟ ਧਾਮੀ ਨੇ ਆਖਿਆ ਕਿ ਡਾ. ਅਲੱਗ ਵੱਲੋਂ 100 ਤੋਂ ਵੱਧ ਪੁਸਤਕਾਂ ਲਿਖ ਕੇ ਸਿੱਖੀ ਪ੍ਰਚਾਰ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ, ਜਿਸ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਹਰ ਸੰਭਵ ਮਾਲੀ ਸਹਾਇਤਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਸਮੇਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਨਾਲ ਹੈ ਅਤੇ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਡਾ. ਅਲੱਗ ਨੂੰ ਜਲਦ ਸਿਹਤਯਾਬ ਕਰਨ ਤਾਂ ਜੋ ਉਹ ਸਿੱਖੀ ਦੀ ਸੇਵਾ ਨਿਰੰਤਰ ਕਰਦੇ ਰਹਿਣ।
ਦੱਸਣਯੋਗ ਹੈ ਕਿ ਡਾ. ਸਰੂਪ ਸਿੰਘ ਅਲੱਗ ਨੂੰ ਕੁੱਝ ਦਿਨ ਪਹਿਲਾਂ ਦਿਮਾਗ ਨਾਲ ਸਬੰਧਤ ਸਮੱਸਿਆ ਆਈ ਹੈ, ਜਿਸ ਕਾਰਨ ਉਹ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਵਿਖੇ ਦਾਖਲ ਹਨ। ਇਹ ਵੀ ਜ਼ਿਕਰਯੋਗ ਹੈ ਕਿ ਡਾ. ਸਰੂਪ ਸਿੰਘ ਅਲੱਗ ਪਿਛਲੇ 40 ਸਾਲਾਂ ਤੋਂ ਸ਼ਬਦ ਦਾ ਲੰਗਰ ਲਗਾ ਕੇ ਸਿੱਖੀ ਦੀ ਮਹਾਨ ਸੇਵਾ ਕਰ ਰਹੇ ਹਨ ਅਤੇ ਦੇਸ਼ ਦੁਨੀਆਂ ਵਿਚ ਸਿੱਖੀ ਨਾਲ ਸਬੰਧਤ ਧਾਰਮਿਕ ਪੁਸਤਕਾਂ ਮੁਫਤ ਵੰਡਦੇ ਹਨ।