Wednesday, January 15, 2025

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਆਯੋਜਿਤ ਕੀਤਾ ‘ਕਹਾਣੀ ਦਰਬਾਰ’

ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਭਾਸ਼ਾ ਵਿਭਾਗ ਪੰਜਾਬ ਅਤੇ ਭਾਸ਼ਾ ਮੰਚ ਪੋਸਟ ਗਰੈਜੂਏਟ ਵਿਭਾਗ ਪੰਜਾਬੀ ਵੱਲੋਂ ‘ਹੱਸਦਾ ਪੰਜਾਬ ਮੇਰਾ ਖੁਆਬ’ ਦੇ ਅੰਤਰਗਤ ‘ਕਹਾਣੀ ਦਰਬਾਰ’ ਦਾੲ ਆਯੋਜਨ ਕੀਤਾ ਗਿਆ।ਪੰਜਾਬ ਵਿਚ ਪਹਿਲੀ ਵਾਰ ਕਰਵਾਏ ਗਏ ਅਜਿਹੇ ਕਹਾਣੀ ਦਰਬਾਰ ਦੇ ਮੁੱਖ ਮਹਿਮਾਨ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਕੁਲਬੀਰ ਸਿੰਘ ਸੂਰੀ ਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਗੁਰਿੰਦਰ ਕੌਰ ਸੂਰੀ ਸਨ।ਜਦਕਿ ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਵਿਭਾਗ) ਅੰਮ੍ਰਿਤਸਰ-ਗੁਰਦਾਸਪੁਰ ਤੇ ਗੁਰਿੰਦਰ ਮਕਨਾ ਫਿਲਮੀ ਅਦਾਕਾਰ ਵਿਸ਼ੇਸ਼ ਮਹਿਮਾਨ ਸਨ।ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਨੰਨ੍ਹੇ ਪੌਦੇ ਦੇ ਕੇ ਸਵਾਗਤ ਕੀਤਾ।ਪ੍ਰਿੰਸੀਪਲ ਡਾ. ਵਾਲੀਆ ਨੇ ਕਿਹਾ ਕਿ ਨਰੋਏ ਸਮਾਜ ਤੇ ਚੰਗੇ ਸਮਾਜ ਦੀ ਸਿਰਜਣਾ ਲਈ ਲੇਖਕਾਂ ਦਾ ਮਹੱਤਪੂਰਨ ਯੋਗਦਾਨ ਹੈ।
                   ਡਾ. ਕੁਲਬੀਰ ਸਿੰਘ ਸੂਰੀ ਨੇ ਕਿਹਾ ਕਿ ਉਹਨਾਂ ਨੂੰ ਸਾਹਿਤ ਸਿਰਜਣ ਦੀ ਗੁੜ੍ਹਤੀ ਆਪਣੇ ਵਿਰਸੇ ਵਿਚੋਂ ਮਿਲੀ ਹੈ।ਬਾਲ ਸਾਹਿਤ ਵੱਲ ਪ੍ਰੇਰਿਤ ਹੋਣ ਦਾ ਕਾਰਨ ਪੰਜਾਬੀ ਭਾਸ਼ਾ ‘ਚ ਬਾਲ ਸਾਹਿਤ ਦੀਆਂ ਪੁਸਤਕਾਂ ਦਾ ਘੱਟ ਹੋਣਾ ਸੀ।ਬਾਲ ਸਾਹਿਤ ਦਾ ਮੂਲ ਮੰਤਵ ਬੱਚਿਆਂ ਨੂੰ ਚੰਗਾ ਸੁਨੇਹਾ ਦੇਣਾ ਹੈ ਤਾਂ ਜੋ ਉਹ ਚੰਗੀਆਂ ਕਦਰਾਂ-ਕੀਮਤਾਂ ਸਿੱਖ ਸਕਣ।ਉਹਨਾਂ ਦੀਆਂ ਕਹਾਣੀਆਂ ਵਧੇਰੇ ਨੈਤਿਕ ਕਦਰਾਂ-ਕੀਮਤਾਂ, ਦੇਸ਼-ਭਗਤੀ ਤੇ ਕੁਦਰਤ ਦੀ ਵਿਸ਼ਾਲਤਾ ਨਾਲ ਸੰਬੰਧਤ ਹਨ।ਡਾ. ਪਰਮਜੀਤ ਸਿੰਘ ਕਲਸੀ (ਸਟੇਟ-ਐਵਾਰਡੀ) ਨੇ ਵਿਦਿਆਰਥਣਾਂ ਨੂੰ ਪੁਸਤਕਾਂ ਦੀ ਅਹਿਮੀਅਤ ਬਾਰੇ ਦੱਸਿਆ।ਜ਼ਿੰਦਗੀ ਜਿਊਣ ਦੇ ਢੰਗ, ਆਧੁਨਿਕ ਤਕਨੀਕੀ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਮਾਨਸਿਕ ਸਕੂਨ ਪਦਾਰਥਕ ਵਸਤਾਂ ਵਿਚ ਨਹੀਂ ਸਗੋਂ ਮਨੁੱਖੀ ਮਨ ਵਿਚ ਹੈ, ਨਾਲ ਹੀ ਉਹਨਾਂ ਆਪਣੇ ਸਾਹਿਤ ਸਿਰਜਣ ਸੰਬੰਧੀ ਨਿੱਜੀ ਤਜ਼ਰਬਿਆਂ ਨੂੰ ਸਾਂਝਾ ਕੀਤਾ।ਗੁਰਿੰਦਰ ਮਕਨਾ ਨੇ ਆਪਣੇ ਫ਼ਿਲਮੀ ਸਫ਼ਰ ਦੀ ਗੱਲ ਕਰਦਿਆਂ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਅਤੇ ਵਿਦਿਆਰਥਣਾਂ ਨੂੰ ਪੁਸਤਕਾਂ ਨਾਲ ਸਾਂਝ ਪਾਉਣ ਦਾ ਸੰਦੇਸ਼ ਦਿੱਤਾ।ਕਾਲਜ਼ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।ਇਸ ਦੇ ਨਾਲ ਹੀ ਸਾਰੇ ਪ੍ਰਤੀਯੋਗੀਆਂ ਨੂੰ ਵੀ ਸੰਸਥਾ ਵੱਲੋਂ ਸਮਰਿਤੀ ਚਿੰਨ੍ਹ ਪ੍ਰਦਾਨ ਕੀਤੇ ਗਏ।ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਸਨਮਾਨਿਤ ਕੀਤਾ ਗਿਆ।
ਕਾਲਜ ਦੀਆਂ ਵਿਦਿਆਰਥਣਾਂ ਜੋਬਨਦੀਪ ਕੌਰ ਐਮ.ਏ ਪੰਜਾਬੀ (ਸਮੈਸਟਰ ਦੂਜਾ), ਮਾਨਸੀ ਚਾਵਲਾ ਐਮ.ਏ ਪੰਜਾਬੀ (ਸਮੈਸਟਰ ਚੌਥਾ), ਨਵਨੀਤ ਕੌਰ ਬੀ.ਡੀ (ਸਮੈਸਟਰ ਦੂਜਾ) ਵੱਲੋਂ ਆਏ ਹੋਏ ਮਹਿਮਾਨਾਂ ਦੀਆਂ ਕਹਾਣੀਆਂ ਪੜੀਆਂ ਗਈਆਂ ਅਤੇ ਨਾਲ ਹੀ ਕਹਾਣੀਆਂ ਦਾ ਫਿਲਮਾਂਕਣ ਕੀਤਾ ਗਿਆ।ਡਾ. ਰਾਣੀ ਮੁਖੀ ਪੰਜਾਬੀ ਵਿਭਾਗ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਪਰਮਜੀਤ ਕੌਰ (ਪੰਜਾਬੀ ਵਿਭਾਗ) ਵੱਲੋਂ ਮੰਚ ਸੰਚਾਲਨ ਕੀਤਾ ਗਿਆ।
                   ਇਸ ਮੌਕੇ ਡਾ. ਸ਼ੈਲੀ ਜੱਗੀ (ਨੋਡਲ ਅਫਸਰ), ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਮੈਂਬਰਾਂ ਸਹਿਤ ਵਿਦਿਆਰਥਣਾਂ ਵੀ ਮੌਜ਼ੂਦ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …