153 ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਦਿੱਤੇ ਜਾਣਗੇ
ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਮਹੰਤ ਗੁਰਬੰਤਾ ਦਾਸ ਗੂੰਗੇ, ਬੋਲੇ ਬੱਚਿਆਂ ਦੇ ਸਕੂਲ ਵਿੱਚ ਕਰਵਾਏ ਗਏ ਦੋ ਰੋਜ਼ਾ ਡਿਸਏਬਲਿਟੀ ਟੈਸਟ ਕੈਂਪ ਅੱਜ ਸਮਾਪਤ ਹੋਇਆ। ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਇਸ ਕੈਂਪ ਵਿੱਚ 572 ਅਪੰਗ ਲਾਭਪਾਤਰੀਆਂ ਦੀ ਸਨਾਖਤ ਕੀਤੀ ਗਈ ਹੈ, ਜਿੰਨ੍ਹਾਂ ਨੂੰ 45 ਲੱਖ ਰੁਪਏ ਤੋਂ ਵੱਧ ਦੀ ਸਹਾਇਤਾ ਵੱਖ-ਵੱਖ ਰੂਪ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੋਰ ਬਾਦਲ ਦੇ ਯਤਨਾਂ ਸਦਕਾ ਇਸ ਕੈਂਪ ਦਾ ਆਯੋਜਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਅਪੰਗ ਵਿਅਕਤੀਆਂ ਨੂੰ ਇਸ ਸਕੂਲ ਵਿਖੇ ਲਿਆਇਆ ਗਿਆ ਅਤੇ ਉਨ੍ਹਾਂ ਦੇ ਡਾਕਟਰੀ ਮੁਆਇਨੇ ਤੋਂ ਬਾਅਦ ਉਨ੍ਹਾਂ ਦੀ ਵੱਖ-ਵੱਖ ਸਹਾਇਤਾ ਲਈ ਸਨਾਖਤ ਕੀਤੀ ਗਈ। ਉਨ੍ਹਾਂ ਦੱਸਿਆ ਕਿ 572 ਲਾਭਪਾਤਰੀਆਂ ਵਿੱਚ 196 ਟਰਾਈ ਸਾਈਕਲ, 52 ਵਹੀਲ ਚੇਅਰ, 396 ਸੁਣਨ ਵਾਲੀਆਂ ਮਸ਼ੀਨਾਂ, 41 ਐਮ.ਆਰ.ਕਿੱਟ, 200 ਫੌੜ੍ਹੀਆਂ ਅਤੇ 10 ਬਰੇਲ ਕਿੱਟ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਭਪਾਤਰੀਆਂ ਨੂੰ ਅਗਲੇ 30 ਦਿਨਾਂ ਦੇ ਅੰਦਰ ਇਹ ਸਾਰਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ 153 ਹੋਰ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ, ਜਿੰਨ੍ਹਾਂ ਨੂੰ ਬਨਾਵਟੀ ਅੰਗ ਵੰਡੇ ਜਾਣਗੇ। ਡਾ. ਬਸੰਤ ਗਰਗ ਨੇ ਸਾਰੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਇਹ ਕੈਂਪ ਲਗਾਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਅਪੰਗ ਵਿਅਕਤੀਆਂ ਦੀ ਹਰ ਤਰੀਕੇ ਨਾਲ ਮੱਦਦ ਕਰਨੀ ਚਾਹੀਦੀ ਹੈ।
ਇਸ ਮੌਕੇ ‘ਤੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਾਲੀ ਗਿਰੀ, ਸਹਾਇਕ ਕਮਿਸ਼ਨਰ (ਜਨਰਲ) ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਚਾਰੂਮੀਤਾ, ਸਕੱਤਰ ਰੈਡ ਕਰਾਸ ਕਰਨਲ ਵਰਿੰਦਰ ਕੁਮਾਰ (ਰਿਟ:) ਵੀ ਹਾਜ਼ਰ ਸਨ।