Wednesday, June 19, 2024

ਵਿਸ਼ਵ ਜਨਸੰਖਿਆ ਦਿਵਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਵੈਬਿਨਾਰ

ਜਨਸੰਖਿਆ ਦੀ ਸਮੱਸਿਆ ਨੂੰ ਜੜ੍ਹੋਂ ਸਮਝਣ ਦੀ ਲੋੜ – ਪ੍ਰੋਫੈਸਰ ਆਰ.ਐਸ ਘੁੰਮਣ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਆਬਾਦੀ ਦੇ ਮੁੱਦਿਆਂ ਦੀ ਅਹਿਮੀਅਤ ਅਤੇ ਮਹੱਤਤਾ ਵੱਲ ਧਿਆਨ ਕੇਂਦਰਤ ਕਰਨ ਲਈ 11 ਜੁਲਾਈ ਨੂੰ ਹਰ ਸਾਲ ਦੁਨੀਆਂ ਭਰ ਵਿਚ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਜਾਂਦਾ ਹੈ। ਇਸੇ ਲੜੀ ਵਿਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨਿਕੇਸ਼ਨ, ਅੰਮ੍ਰਿਤਸਰ ਵਲੋਂ ਇਸ ਵਿਸ਼ੇ `ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ।ਵੈਬਿਨਾਰ ਵਿੱਚ ਮਾਹਿਰ ਤੇ ਉੱਘੇ ਅਰਥ ਸ਼ਾਸਤਰੀ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਅਤੇ ਉਘੇ ਸਮਾਜਸੇਵੀ ਤੇ ਲੇਖਕ ਡਾਕਟਰ ਸਵਰਾਜ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
                 ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਜਦੋਂ ਅਸੀਂ ਸਸਟਨੇਬਲ ਡਿਵੈਲਪਮੈਂਟ ਗੋਲ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਅੱਗੇ ਵੱਧ ਰਹੇ ਹਾਂ, ਅਜਿਹੇ ਸਮੇਂ ਵਿੱਚ ਜਨਸੰਖਿਆ ਦੀ ਸਮੱਸਿਆ ਨੂੰ ਜੜੋਂ ਸਮਝਣ ਦੀ ਲੋੜ ਹੈ, ਤਾਂ ਹੀ ਇਸ ਦਾ ਹੱਲ ਕੀਤਾ ਜਾ ਸਕਦਾ ਹੈ।ਉਹਨਾਂ ਮਨੱਖੀ ਪੂੰਜੀ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਤੇ ਕਿਹਾ ਨੌਜਵਾਨ ਪੀੜ੍ਹੀ ਇਸ ਪੱਖੋਂ ਕਾਫੀ ਮਹੱਤਵਪੂਰਨ ਹੈ।ਘੁੰਮਣ ਨੇ ਕਿਹਾ ਕਿ ਨੌਜਵਾਨਾਂ ਨੂੰ ਵਿਕਾਸ ਵਿਚ ਭਾਗੀਦਾਰ ਬਣਾਉਣ ਅਤੇ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਠੀਕ ਕਰਨ ਨਾਲ ਹਾਂ ਪੱਖੀ ਨਤੀਜੇ ਵੇਖਣ ਨੂੰ ਮਿਲਣਗੇ।
                 ਉਥੇ ਹੀ ਡਾਕਟਰ ਸਵਰਾਜ ਸਿੰਘ ਨੇ ਕਿਹਾ ਕਿ ਇਕ ਪਾਸੇ ਜਿਥੇ ਕਈ ਦੇਸ਼ਾਂ ਲਈ ਵਧਦੀ ਜਨਸੰਖਿਆ ਸਮੱਸਿਆ ਬਣੀ ਹੋਈ ਹੈ, ਉਥੇ ਹੀ ਦੂਜੇ ਪਾਸੇ ਕੁੱਝ ਦੇਸ਼ਾਂ ਲਈ ਲੋਕਾਂ ਦੀ ਘੱਟਗਿਣਤੀ ਵੀ ਸਮੱਸਿਆ ਦਾ ਕਾਰਨ ਬਣੀ ਹੋਈ ਹੈ।ਉਹਨਾਂ ਕਿਹਾ ਕਿ ਵਧਦੀ ਜਨਸੰਖਿਆ ਦੇ ਕਾਰਨ ਆਮਤੌਰ `ਤੇ ਕ੍ਰਾਈਮ ਰੇਟ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।ਡਾਕਟਰ ਸਵਰਾਜ ਸਿੰਘ ਨੇ ਕਿਹਾ ਕਿ ਵਿਕਾਸ ਅਤੇ ਬਰਾਬਰਤਾ ਦੇ ਜ਼ਮੀਨੀ ਪੱਧਰ ‘ਤੇ ਲਾਗੂ ਹੋਣ ਨਾਲ ਜਨਸੰਖਿਆ ਦੇ ਨਾਹ ਪੱਖੀ ਪ੍ਰਭਾਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
              ਇਸ ਮੌਕੇ ਸੈਂਟਰਲ ਬਿਊਰੋ ਆਫ ਕਮਿਊਨਿਕੇਸ਼ਨ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਆਈ.ਆਈ.ਐਸ ਨੇ ਕਿਹਾ ਕਿ ਵਧਦੀ ਜਨਸੰਖਿਆ ਕਾਰਨ ਵਾਤਾਵਰਣ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਿਆ ਹੈ।ਇਸ ਕਰਕੇ ਲੋਕਾਂ ਅੰਦਰ ਇਸ ਵਿਸ਼ੇ ਬਾਰੇ ਜਾਗਰੂਕਤਾ ਲਿਆਉਣਾ ਜਰੂਰੀ ਹੈ।ਉਹਨਾਂ ਕਿਹਾ ਕਿ ਵਧਦੀ ਸਾਖਰਤਾ ਦਰ, ਵਿਆਹ ਦੀ ਘਟੋ ਘੱਟ ਉਮਰ ਸੰਬੰਧੀ ਸਖ਼ਤ ਕਾਨੂੰਨ ਅਤੇ ਲੋਕਾਂ ਵਿਚ ਵਧ ਰਹੀ ਜਾਗਰੂਕਤਾ ਕਾਰਨ ਇਸ ਪੱਖੋਂ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਹੈ।ਉਥੇ ਹੀ ਜਲੰਧਰ ਦੇ ਫੀਲਡ ਪਬਲੀਸਿਟੀ ਅਫ਼ਸਰ ਰਾਜਸ਼ ਬਾਲੀ ਆਈ.ਆਈ.ਐਸ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਮਹੱਤਵਪੂਰਨ ਮੁੱਦਿਆਂ `ਤੇ ਵੈਬਿਨਾਰਾਂ ਦਾ ਆਯੋਜਨ ਕਰਵਾਇਆ ਜਾਵੇਗਾ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …