ਅਪ੍ਰੈਲ, ਮਈ ਤੇ ਜੂਨ 2022 ਦੌਰਾਨ ਕੀਤੇ ਕੰਮਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਪ੍ਰੈਲ, ਮਈ ਅਤੇ ਜੂਨ 2022 ਦੌਰਾਨ ਕੀਤੇ ਗਏ ਵਿਕਾਸ ਕੰਮਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਕੰਮਾਂ ਦੀ ਮਹੀਨਾਵਾਰ ਮੀਟਿੰਗ ਹੋਈ।ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਮਹੀਨਾ ਅਪ੍ਰੈਲ, ਮਈ ਅਤੇ ਜੂਨ 2022 ਦੌਰਾਨ ਕੀਤੇ ਕੰਮਾਂ ਦਾ ਰੀਵਿਊ ਕੀਤਾ ਗਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸਾਰੇ ਵਿਕਾਸ ਕਾਰਜ਼ ਪਾਰਦਰਸ਼ਤਾ ਢੰਗ ਨਾਲ ਹੋਣੇ ਚਾਹੀਦੇ ਹਨ।ਉਨਾਂ ਸਮੂਹ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਉਹ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੇ ਯੁਟੀਲਾਈਜੇਸਨ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਉਣ।
ਮੀਟਿੰਗ ਦੌਰਾਨ ਖੇਤੀਬਾੜੀ ਅਫਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਸਾਉਣੀ ਸੀਜ਼ਨ ਦੌਰਾਨ 1.8 ਲੱਖ ਹੈਕਟੇਅਰ ਰਕਬੇ ਤੇ ਝੋਨੇ/ਬਾਸਮਤੀ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ 2258 ਹੈਕ ਰਕਬਾ ਝੋਨੇ ਦੀ ਸਿਧੀ ਬਿਜ਼ਾਈ ਹੇਠ ਆਇਆ ਹੈ।ਖੇਤੀਬਾੜੀ ਵਿਭਾਗ ਵੱਲੋਂ ਬੀਜ, ਖਾਦ, ਦਵਾਈਆਂ ਦੀ ਮਿਆਰੀ ਸਪਲਾਈ ਯਕੀਨੀ ਬਣਾਉਣ ਸਬੰਧੀ ਦੱਸਿਆ ਗਿਆ।ਵਧੀਕ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਬਾਗਬਾਨੀ ਵਿਭਾਗ ਨੂੰ ਸਬਜੀਆਂ ਦੇ ਸੁਧਰੇ ਬੀਜਾਂ ਦੀ ਸਪਲਾਈ ਕਰਨ, ਪਸ਼ੂ ਪਾਲਣ ਵਿਭਾਗ ਨੂੰ ਸਰਕਾਰੀ ਗਊਸ਼ਾਲਾ ਸਥਾਪਿਤ ਕਰਨ ਅਤੇ ਬਿਜਲੀ ਵਿਭਾਗ ਨੂੰ ਵੱਧ ਤੋਂ ਵੱਧ ਟਿਊਬਵੈਲ ਸੋਲਰ ਸਿਸਟਮ ਲਗਵਾਉਣ ਲਈ ਕਿਹਾ ਗਿਆ।ਉਹਨਾਂ ਭੂਮੀ ਰੱੱਖਿਆ ਵਿਭਾਗ ਨੂੰ ਸੀਵਰੇਜ਼ ਟਰੀਟਡ ਪਾਣੀ ਕਿਸਾਨਾਂ ਨੂੰ ਖੇਤੀ ਸਿੰਚਾਈ ਲਈ ਮਹੱਈਆ ਕਰਵਾਉਣ ਲਈ ਹਦਾਇਤ ਕੀਤੀ।
ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸਚਿਨ ਪਾਠਕ, ਐਕਸੀਐਨ ਇੰਦਰਜੀਤ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੱਚਿਨ ਸ਼ਰਮਾ, ਉਪ ਅਰਥ ਆਂਕੜਾ ਸਲਾਹਕਾਰ ਚਰਨਜੀਤ ਸਿੰਘ, ਸਮੂਹ ਬਲਾਕ ਡਿਪਵਲਪਮੈਂਟ ਅਫ਼ਸਰ, ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਾ: ਜਸਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਅਮਨਦੀਪ ਸਿੰਘ ਸੰਧੂ ਜਿਲ੍ਹਾ ਮੰਡੀ ਅਫਸਰ, ਤਜਿੰਦਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਰਵਿੰਦਰ ਸਿੰਘ ਉਪ ਮੰਡਲ ਅਫਸਰ ਭੂਮੀ ਰੱਖਿਆ ਵਿਭਾਗ, ਗੁਰਬੀਰ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ, ਇੰਜ. ਜਸਦੀਪ ਸਿੰਘ ਸੀਨੀਅਰ ਐਕਸੀਅਨ ਬਿਜਲੀ ਵਿਭਾਗ ਅਤੇ ਡਾ: ਪਰਜੀਤ ਸਿੰਘ ਔਲਖ ਖੇਤੀਬਾੜੀ ਵਿਕਾਸ ਅਫਸਰ ਅੰਮ੍ਰਿਤਸਰ ਮੌਜ਼ੂਦ ਸਨ।