ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਚਲਾਏ ਜਾਣ ਜਾਗਰੂਕਤਾ ਅਭਿਆਨ
ਪਠਾਨਕੋਟ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਨੋਜਵਾਨਾਂ ਨੂੰ ਨਸੇ ਦੀ ਦਲਦਲ ਚੋਂ ਬਾਹਰ ਕੱਢਣ ਲਈ ਅਤੇ ਨਸਿਆਂ ਖਿਲਾਫ ਜਾਗਰੂਕ ਕਰਨ ਲਈ ਜਿਲ੍ਹਾ ਪਠਾਨਕੋਟ ਅੰਦਰ ਚਲਾਏ ਜਾ ਰਹੇ ਪ੍ਰੋਗਰਾਮ ਡੈਪੋ ਅਤੇ ਬੱਡੀਜ਼ ਗਰੁੱਪ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਾਇਜਾ ਲੈਣ ਲਈ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਇੱਕ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਰਨਲ, ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਡਾ. ਆਦਿੱਤੀ ਸਲਾਰੀਆ ਸਹਾਇਕ ਸਿਵਲ ਸਰਜਨ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਰਾਜੇਸ਼ਵਰ ਸਿੰਘ ਸਲਾਰੀਆਂ ਡਿਪਟੀ ਡੀ.ਈ.ਓ ਪਠਾਨਕੋਟ ਅਤੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹੇ ਅੰਦਰ ਸਰਕਾਰ ਵਲੋਂ ਦੋ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਸ ਵਿੱਚ ਡੈਪੋ ਅਤੇ ਬੱਡੀਜ ਗਰੁੱਪ ਹਨ।ਉਨ੍ਹਾਂ ਦੱਸਿਆ ਕਿ ਡੈਪੋ ਪ੍ਰੋਗਰਾਮ ਅਧੀਨ ਜਿਲ੍ਹੇ ਅੰਦਰ ਨਸੇ ਦੇ ਕਾਰੋਬਾਰ ਤੇ ਸਖਤੀ ਕਰਦਿਆਂ ਨਸਾ ਬੰਦ ਕਰਵਾਉਣਾ ਅਤੇ ਜੋ ਨੋਜਵਾਨ ਨਸੇ ਦੀ ਦਲਦਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਦਾ ਓਟ ਸੈਂਟਰਾਂ ਵਿੱਚ ਇਲਾਜ਼ ਕਰਵਾ ਕੇ ਉਨ੍ਹਾਂ ਨੂੰ ਨਸ਼ਾ ਰਹਿਤ ਚੰਗੀ ਜ਼ਿੰਦਗੀ ਜੀਊਣ ਲਈ ਪ੍ਰੇਰਿਤ ਕਰਨਾ।ਇਸੇ ਹੀ ਤਰ੍ਹਾਂ ਸਕੂਲਾਂ ਅੰਦਰ ਬਣਾਏ ਗਏ ਬੱਡੀਜ਼ ਗਰੁੱਪ ਦਾ ਵੀ ਇਹ ਹੀ ਉਦੇਸ ਹੈ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇ ਅਤੇ ਉਹ ਵਿਦਿਆਰਥੀ ਆਪਣੇ ਗਲੀ ਮੁਹੱਲਿਆਂ, ਘਰ੍ਹਾਂ ਅੰਦਰ ਆਦਿ ਸਥਾਨਾਂ ਤੇ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰ ਸਕਣ।
ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਸੇ ਦੇ ਆਦਿ ਨੋਜਵਾਨ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਉਨ੍ਹਾਂ ਨੂੰ ਜਾਗਰੁਕ ਕੀਤਾ ਜਾਵੇ ਉਨ੍ਹਾਂ ਦੀ ਕੌਸਲਿੰਗ ਕਰਕੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਸੇ ਨੂੰ ਜਿਲ੍ਹੇ ਅੰਦਰੋਂ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ।ਉਨ੍ਹਾਂ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਨ੍ਹਾਂ ਵਲੋਂ ਜੋ ਸਕੂਲਾਂ ਅੰਦਰ ਬੱਡੀਜ ਗਰੁੱਪ ਬਣਾਏ ਗਏ ਹਨ ਉਨ੍ਹਾਂ ਨੂੰ ਤਿਆਰ ਕਰਕੇ ਨੁਕੜ ਨਾਟਕ ਆਦਿ ਹੋਰ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਨਸੇ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਫਤੇ ਵਿੱਚ ਦੋ ਦਿਨ ਬੱਡੀਜ਼ ਗਰੁਪ ਵਲੋਂ ਸਕੂਲ ਅੰਦਰ ਛੋਟੇ ਛੋਟੇ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਤੀਦਿਨ ਸਕੂਲਾਂ ਅੰਦਰ ਨਸ਼ੇ ਤੋਂ ਦੂਰ ਰਹਿਣ ਲਈ ਸਲੋਗਨ ਵੀ ਲਿਖੇ ਜਾਣ ਤਾਂ ਜੋ ਵਿਦਿਆਰਥੀ ਉਨ੍ਹਾਂ ਸਲੋਗਨਾਂ ਨੂੰ ਪੜ ਕੇ ਜਾਗਰੂਕ ਹੋ ਸਕਣ।