ਕਿਹਾ ਪੰਜਾਬ ਸਰਕਾਰ ਜਨਤਾ ਨਾਲ ਕੀਤਾ ਹਰੇਕ ਵਾਅਦਾ ਕਰ ਰਹੀ ਹੈ ਪੂਰਾ – ਕਟਾਰੂਚੱਕ
ਪਠਾਨਕੋਟ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੀ ਲੰਮੇ ਸਮੇਂ ਤੋਂ ਇੱਕ ਮੰਗ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕੰਜ਼ਿਊਮਰ ਕੋਰਟ ਹੋਣਾ ਚਾਹੀਦਾ ਹੈ, ਕਿਉਂਕਿ ਆਮ ਕਰਕੇ ਲੋਕਾਂ ਨੂੰ ਕੰਜ਼ਿਊਮਰ ਕੋਰਟ ਦੇ ਲਈ ਜਿਲ੍ਹਾ ਗੁਰਦਾਸਪੁਰ ਜਾਣਾ ਪੈਂਦਾ ਸੀ ਅਤੇ ਅੱਜ ਇਹ ਹੋਰ ਵੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਤਿੰਨ ਜਿਲ੍ਹਿਆਂ ਨੂੰ ਕਨਜਿਊਮਰ ਕੋਰਟ ਦਾ ਤੋਹਫਾ ਮਿਲਿਆ ਹੈ।ਜਿਸ ਵਿੱਚ ਜਿਲ੍ਹਾ ਫਾਜ਼ਿਲਕਾ, ਜਿਲ੍ਹਾ ਮਲੇਰਕੋਟਲਾ ਅਤੇ ਜਿਲ੍ਹਾ ਪਠਾਨਕੋਟ ਸ਼ਾਮਲ ਹੈ।ਜਿਲ੍ਹਾ ਪਠਾਨਕੋਟ ਨੂੰ ਅੱਜ ਕੰਜ਼ਿਊਮਰ ਕੋਰਟ ਦਾ ਤੋਹਫਾ ਦਿੱਤਾ ਗਿਆ ਹੈ ਅਤੇ ਜਿਲ੍ਹਾ ਪਠਾਨਕੋਟ ਲਈ ਕੰਜ਼ਿਊਮਰ ਕੋਰਟ ਮਨਜੂਰੀ ਦੇ ਦਿੱਤੀ ਗਈ ਹੈ।
ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਤੇ ਜ਼ੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਜਿਲ੍ਹਾ ਬਾਰ ਐਸੋਸੀਏਸਨ ਪਠਾਨਕੋਟ ਵਲੋਂ ਕੋਰਟ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਇੱਕ ਸਮਾਰੋਹ ਦੋਰਾਨ ਕੀਤਾ।ਐਡਵੋਕੇਟ ਰਵਿੰਦਰ ਸਿੰਘ ਠਾਕੁਰ ਪ੍ਰਧਾਨ ਬਾਰ ਐਸੋਸੀਏਸ਼ਨ ਪਠਾਨਕੋਟ, ਐਡਵੋਕੇਟ ਸੁਲੱਖਣ ਸਿੰਘ ਉਪ ਪ੍ਰਧਾਨ, ਐਡਵੋਕੇਟ ਅਕਸਿਤ ਮੋਦਗਿੱਲ ਸਕੱਤਰ, ਐਡਵੋਕੇਟ ਸਿਮਰਨਜੀਤ ਕੌਰ ਖਜਾਨਚੀ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਸਤੀਸ਼ ਸੈਣੀ, ਐਡਵੋਕੇਟ ਰਜਿੰਦਰ ਸ਼ਰਮਾ, ਐਡਵੋਕੇਟ ਗੋਰਵ ਠਾਕੁਰ, ਐਡਵੋਕੇਟ ਵਿਨੋਦ ਸਰਮਾ, ਐਡਵੋਕੇਟ ਏ.ਸੀ ਸ਼ੁਕਲਾ, ਐਡਵੋਕੇਟ ਐਮ.ਐਸ ਠਾਕਰ, ਐਡਵੋਕੇਟ ਮਾਸਟਰ ਮੋਹਣ ਲਾਲ, ਐਡਵੋਕੇਟ ਜੋਤੀ ਪਾਲ, ਐਡਵੋਕੇਟ ਭਾਰਤ ਭੂਸਣ, ਐਡਵੋਕੇਟ ਰਾਮੇਸ਼ ਕੁਮਾਰ, ਐਡਵੋਕੇਟ ਆਰ.ਐਸ ਬਾਜਵਾ, ਐਡਵੋਕੇਟ ਸੰਜੀਵ ਮਹਾਜਨ ਅਤੇ ਹੋਰ ਬਾਰ ਮੈਂਬਰ ਹਾਜ਼ਰ ਸਨ।
ਸਮਾਰੋਹ ਦੋਰਾਨ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਤੇ ਜ਼ੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸੱਤਾ ਵਿੱਚ ਆਉਂਣ ਤੋਂ ਪਹਿਲਾ ਉਹ ਐਡਵੋਕੇਟਸ ਨੂੰ ਮਿਲੇ ਅਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕੰਜ਼ਿਊਮਰ ਕੋਰਟ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵਲੋਂ ਇਹ ਗੱਲ ਸਰਕਾਰ ਅੱਗੇ ਰੱਖੀ।ਇਸ ਦੇ ਨਾਲ ਹੀ ਬਾਰ ਐਸੋਸੀਏਸਨ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕੰਜ਼ਿਊਮਰ ਕੋਰਟ ਹੋਣੀ ਚਾਹੀਦੀ ਹੈ ਅਤੇ ਅੱਜ ਬਹੁਤ ਹੀ ਖੁਸ਼ੀ ਦਾ ਮੋਕਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਿਲ੍ਹਾ ਪਠਾਨਕੋਟ ਨੂੰ ਕੰਜ਼ਿਊਮਰ ਕੋਰਟ ਦੀ ਮਨਜ਼ੂਰੀ ਦੇ ਕੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ।ਹੁਣ ਉਪਭੋਗਤਾਵਾਂ ਨੂੰ ਅਪਣੇ ਕਾਰਜ਼ਾਂ ਲਈ ਜਿਲ੍ਹਾ ਗੁਰਦਾਸਪੁਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਕੰਜ਼ਿਊਮਰ ਕੋਰਟ ਸਬੰਧੀ ਸਾਰੇ ਕੇਸਾਂ ਦਾ ਨਿਪਟਾਰਾ ਹੁਣ ਜਿਲ੍ਹਾ ਪਠਾਨਕੋਟ ਵਿੱਚ ਹੀ ਹੋਇਆ ਕਰੇਗਾ।ਉਨ੍ਹਾਂ ਕਿਹਾ ਕਿ ਹੁਣ ਬਾਰ ਐਸੋਸੀਏਸਨ ਵਲੋਂ ਹੁਣ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕੋਰਟ ਕੰਪਲੈਕਸ ਅੰਦਰ ਵਕੀਲਾਂ ਦੇ ਚੈਂਬਰ ਅਤੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ, ਉਨ੍ਹਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਰੱਖਾਂਗੇ ਜਾਵੇਗਾ ਅਤੇ ਜਲਦੀ ਹੀ ਬਣਦੀ ਕਾਰਵਾਈ ਤੇ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਦਿਆਂ 26554 ਨੋਕਰੀਆਂ ਨੂੰ ਮਨਜ਼ੂਰੀ ਦੇ ਕੇ ਅਪਣਾ ਵਾਅਦਾ ਪੂਰਾ ਕੀਤਾ।ਇਸ ਤੋਂ ਇਲਾਵਾ ਚਾਹੇ ਲੋਕਾਂ ਨੂੰ ਬਿਜਲੀ ਦੇ ਫ੍ਰੀ ਯੂਨਿਟ ਦੇਣ ਦੀ ਗੱਲ ਹੋਵੇ ਉਹ ਵੀ ਪੂਰੀ ਕੀਤੀ, ਬਹੁਤ ਹੀ ਜਲਦੀ ਲੱਖਾਂ ਲੋਕਾਂ ਦੇ ਬਿਜ਼ਲੀ ਬਿੱਲ ਜ਼ੀਰੋ ਆਉਣਗੇ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਵੀ ਕੀੜੀ ਪੱਤਣ ਅਤੇ ਮਕੋੜਾ ਪੱਤਣ ਤੇ ਜੋ ਨਵੇਂ ਪੁੱਲ ਬਣਾਉਣ ਜਾ ਰਹੇ ਹਨ, ਇਹ ਵੀ ਜਿਲ੍ਹਾ ਪਠਾਨਕੋਟ ਦੇ ਲੋਕਾਂ ਲਈ ਇੱਕ ਬਹੁਤ ਹੀ ਵੱਡੀ ਰਾਹਤ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਪਿੰਡ ਕੋਠੀ ਪੰਡਿਤਾਂ ਨਜ਼ਦੀਕ ਜੋ ਵਣ ਵਿਭਾਗ ਦੀ ਜ਼ਮੀਨ ਹੈ।ਉਸ ‘ਤੇ ਵੀ ਲੋਕਾਂ ਦੇ ਲਈ ਇੱਕ ਬਹੁਤ ਹੀ ਵਧੀਆ ਪਾਰਕ ਦਾ ਨਿਰਮਾਣ ਕੀਤਾ ਜਾਣਾ ਹੈ, ਜੋ ਜਿਲ੍ਹਾ ਪਠਾਨਕੋਟ ਲਈ ਇੱਕ ਬਹੁਤ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਫੰਗੋਤਾ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਪੂਰੀ ਦੁਨਿਆ ਅੰਦਰ ਜਿਲ੍ਹਾ ਪਠਾਨਕੋਟ ਨੂੰ ਇੱਕ ਵੱਖਰੀ ਪਹਿਚਾਣ ਦੇਵੇਗਾ ਅਤੇ ਜਿਲ੍ਹਾ ਪਠਾਨਕੋਟ ਦੇ ਲੋਕਾਂ ਲਈ ਹੋਰ ਵੀ ਰੁਜ਼ਗਾਰ ਦੇ ਮੋਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਉਨ੍ਹਾ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਜਿਲ੍ਹਾ ਪਠਾਨਕੋਟ ਅੰਦਰ ਲੀਚੀ ਜ਼ੋਨ ਬਣਾਇਆ ਗਿਆ ਹੈ, ਕਿਉਕਿ ਪੂਰੇ ਪੰਜਾਬ ਅੰਦਰ ਜਿਨ੍ਹੀ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਉਸ ਵਿੱਚ 68 ਫੀਸਦ ਲੀਚੀ ਜਿਲ੍ਹਾ ਪਠਾਨਕੋਟ ਅੰਦਰ ਪੈਦਾ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇੱਕ ਹੋਰ ਖੁਸੀ ਦੀ ਗੱਲ ਹੈ ਕਿ ਪੰਜਾਬ ਅੰਦਰ ਦੋ ਫੂਡ ਪ੍ਰੋਸੈਸਿੰਗ ਪਲਾਂਟ ਲਗਾਏ ਜਾਣੇ ਹਨ, ਜਿਨ੍ਹਾਂ ਵਿੱਚ ਇੱਕ ਫੂਡ ਪ੍ਰੋਸੈਸਿੰਗ ਪਲਾਂਟ ਜਿਲ੍ਹਾ ਹੁਸਿਆਰਪੁਰ ਅਤੇ ਦੂਸਰਾ ਜਿਲ੍ਹਾ ਪਠਾਨਕੋਟ ਅੰਦਰ ਲਗਾਇਆ ਜਾਣਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਨੂੰ ਲੀਚੀ ਦੀ ਪੈਦਾਵਾਰ ਵਿੱਚ ਆਉਣ ਵਾਲੇ ਸਮੇਂ ਦੋਰਾਨ ਜਿਲ੍ਹਾ ਪਠਾਨਕੋਟ ਇੱਕ ਵੱਖਰੀ ਪਛਾਣ ਬਣਾਏਗਾ।
ਉਨ੍ਹਾਂ ਕਿਹਾ ਕਿ ਭਾਵੇ ਕਿ ਉਨ੍ਹਾਂ ਨੂੰ ਰੁਝੇਵਿਆਂ ਕਾਰਨ ਜਿਆਦਾਤਰ ਚੰਗੀਗੜ੍ਹ ਰਹਿਣਾ ਪੈਂਦਾ ਹੈ, ਪਰ ਫਿਰ ਵੀ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਦਾ ਦਿਨ ਉਹ ਅਪਣੇ ਜਿਲ੍ਹਾ ਪਠਾਨਕੋਟ ਵਿੱਚ ਰਹਿਣ।ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਵਿੱਚ ਲਿਆਂਦਾ ਸੀ, ਉਸ ਅਧੀਨ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਤੋਂ ਘਰ ਘਰ ਰਾਸ਼ਨ ਪਹੁੰਚਾਉਣ ਦਾ ਜੋ ਵਾਅਦਾ ਕੀਤਾ ਸੀ ਇਸ ਦੀ ਸੁਰੂਆਤ ਕੀਤੀ ਜਾਣੀ ਹੈ, ਇਸ ਦੇ ਨਾਲ ਹੀ ਆਜ਼ਾਦੀ ਦੇ 75ਵੇਂ ਦਿਹਾੜੇ ਤੇ ਪੰਜਾਬ ਦੇ ਹਰੇਕ ਵਿਧਾਨ ਸਭਾ ਖੇਤਰਾਂ ਅੰਦਰ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ।ਇਸ ਤੋਂ ਇਲਾਵਾ ਹਰੇਕ ਵਿਧਾਨ ਸਭਾ ਖੇਤਰ ਵਿੱਚ ਦੋ ਦੋ ਆਂਗਣਬਾੜੀ ਸੈਂਟਰਾਂ ਨੂੰ ਅਪਡੇਟ ਕੀਤੇ ਜਾਣ ਦੀਆਂ ਵੀ ਤਿਆਰੀਆਂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਲੋਕ ਅਪਣੀ ਰਾਏ ਉਨ੍ਹਾਂ ਨੁੂੰ ਜਰੂਰ ਦੇਣ ਤਾਂ ਜੋ ਇੱਕ ਵਧੀਆ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ।