ਅੰਮ੍ਰਿਤਸਰ, 12 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਪਹਿਲੇ ਡੀਨ ਅਕਾਦਮਿਕ ਮਾਮਲੇ ਅਤੇ ਸੰਸਥਾਪਕ ਮੁਖੀ ਇਤਿਹਾਸ ਵਿਭਾਗ ਪ੍ਰੋਫੈਸਰ ਜੇ.ਐਸ ਗਰੇਵਾਲ ਦੇ ਅਕਾਲ ਚਲਾਣੇ `ਤੇ ਯੂਨੀਵਰਸਿਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਓ.ਐਸ.ਡੀ ਵਾਈਸ ਚਾਂਸਲਰ ਪ੍ਰੋ. ਹਰਦੀਪ ਸਿੰਘ ਵੱਲੋਂ ਇਸ `ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਅਕਾਦਮਿਕ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਪ੍ਰੋ. ਗਰੇਵਾਲ ਇੱਕ ਸੰਸਥਾ ਨਿਰਮਾਤਾ, ਸੁਯੋਗ ਪ੍ਰਬੰਧਕ ਅਤੇ ਨੇਕ ਇਨਸਾਨ ਸਨ।ਅੰਤਰਰਾਸ਼ਟਰੀ ਪ੍ਰਸਿੱਧੀ ਦੇ ਇਤਿਹਾਸਕਾਰ ਪ੍ਰੋ. ਗਰੇਵਾਲ ਨੇ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਨੂੰ ਇਕ ਨਵਾਂ ਅਰਥ ਅਤੇ ਨਵੀਂ ਪਛਾਣ ਦਿੱਤੀ।ਖੇਤਰੀ ਇਤਿਹਾਸ ਦੀ ਮਹੱਤਤਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਤਿਹਾਸਕਾਰੀ ਦੇ ਵਿਸ਼ਾਲ ਪਰਿਪੇਖ ਵਿੱਚ ਸਥਾਪਿਤ ਕਰਨ ‘ਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਸੀ।ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਆਪਣੇ ਕਾਰਜ਼ਕਾਲ ਦੌਰਾਨ ਨਾ ਸਿਰਫ਼ ਆਪਣੇ ਖੋਜ ਕਾਰਜ ਪ੍ਰਕਾਸ਼ਿਤ ਕੀਤੇ ਸਗੋਂ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ‘ਤੇ ਕੰਮ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ।ਰਾਜਨੀਤਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਆਰਥਿਕ, ਭਾਸ਼ਾ ਅਤੇ ਸਾਹਿਤ ਵਿੱਚ ਵਿਕਾਸ, ਸ਼ਹਿਰੀ ਇਤਿਹਾਸ ਅਤੇ ਸਮਾਜਿਕ ਜਮਾਤਾਂ ਦਾ ਇਤਿਹਾਸ ਖੇਤਰ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ।
ਉਨ੍ਹਾਂ ਦੀਆਂ ਕਿਤਾਬਾਂ ‘ਚ ਗੁਰੂ ਨਾਨਕ ਇਤਿਹਾਸ ਵਿੱਚ, ਪੰਜਾਬ ਦੇ ਸਿੱਖ, ਮਾਸਟਰ ਤਾਰਾ ਸਿੰਘ, ਗੁਰੂ ਗੋਬਿੰਦ ਸਿੰਘ, ਬਟਾਲਾ ਵਿੱਚ ਵੈਸ਼ਨਵ ਸੰਸਥਾਵਾਂ, ਮੱਧਕਾਲੀ ਭਾਰਤ ਵਿੱਚ ਰਾਜ ਅਤੇ ਸਮਾਜ, ਮੱਧਕਾਲੀ ਭਾਰਤ ਦੀਆਂ ਧਾਰਮਿਕ ਲਹਿਰਾਂ ਅਤੇ ਸੰਸਥਾਵਾਂ ਆਦਿ ਦੇ ਨਾਂ ਵਰਣਨਯੋਗ ਹਨ।ਉਹਨਾਂ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ ਉਹਨਾਂ ਨੂੰ 2005 ‘ਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।