Saturday, February 15, 2025

ਦਬੁਰਜ਼ੀ ਕੋਲਡ ਸਟੋਰ ਨੂੰ ਲੱਗੀ ਅੱਗ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਨੂੰ ਦੇਵਾਂਗਾ – ਰਮਦਾਸ

ਅਮੋਨੀਆ ਗੈਸ ਰਿਸਣ ‘ਤੇ ਮੂੰਹ ਅਤੇ ਅੱਖਾਂ ਨੂੰ ਗਿੱਲੇ ਕੱਪੜੇ ਨਾਲ ਢੱਕੋ – ਐਸ.ਡੀ.ਐਮ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ) – ਬੀਤੇ ਦਿਨੀ ਦਬੁੱਰਜੀ ਵਿਖੇ ਕੋਲਡ ਸਟੋਰ ਨੂੰ ਲੱਗੀ ਅੱਗ ਨੂੰ 45 ਘੰਟਿਆਂ ਦੀ ਲਗਾਤਾਰ ਜੱਦੋ-ਜਹਿਦ ਤੋਂ ਬਾਅਦ ਵੀ ਬੁਝਾਇਆ ਨਹੀਂ ਜਾ ਸਕਿਆ ਅਤੇ ਅਜੇ ਤੱਕ ਅੰਦਰ ਪਿਆ ਸਾਮਾਨ ਵਾਰ-ਵਾਰ ਪਾਣੀ ਪਾਉਣ ‘ਤੇ ਵੀ ਅੱਗ ਫੜ੍ਹ ਰਿਹਾ ਹੈ।ਉਹ ਇਸ ਨੁਕਸਾਨ ਦੀ ਰਿਪੋਰਟ ਮੁੱਖ ਮੰਤਰੀ ਪੰਜਾਬ ਨਾਲ ਸਾਂਝੀ ਕਰਨਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਮੌਕੇ ਦਾ ਜਾਇਜ਼ਾ ਲੈਣ ਮੌਕੇ ਕੀਤਾ।ਉਨਾਂ ਦੱਸਿਆ ਕਿ ਅੰਦਰ ਪਏ ਸਾਮਾਨ ਵਿੱਚ ਬਾਦਾਮ, ਕਾਜੂ, ਖਸਖਸ, ਮਿਰਚਾ ਆਦਿ ਕੀਮਤੀ ਸਾਮਾਨ ਲਗਭਗ ਸੜ੍ਹ ਚੁੱਕਾ ਹੈ ਅਤੇ ਇਮਾਰਤ ਵੀ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਜੋ ਕਿ ਕਿਸੇ ਵੇਲੇ ਵੀ ਢਹਿ ਸਕਦੀ ਹੈ।ਉਨਾਂ ਅੱਗ ਬੁਝਾਊ ਅਮਲੇ, ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਦੀ ਸਰਾਹਨਾ ਕੀਤੀ।ਰਮਦਾਸ ਨੇ ਕਿਹਾ ਕਿ ਅੱਗ ਬੁਝਾਊ ਅਮਲਾ ਲਗਾਤਾਰ ਪਾਣੀ ਪਾ ਰਿਹਾ ਹੈ, ਪਰ ਅੰਦਰ ਜਾਣ ਦਾ ਕੋਈ ਰਾਹ ਨਾ ਬਚਿਆ ਹੋਣ ਕਾਰਨ ਅੱਗ ਨਹੀਂ ਬੁੱਝ ਰਹੀ।
ਹਾਜ਼ਰ ਐਸ.ਡੀ.ਐਮ ਅੰਮ੍ਰਿਤਸਰ-2 ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਹਵਾਈ ਫੌਜ ਦੇ ਅਧਿਕਾਰੀਆਂ ਨੂੰ ਵੀ ਮੌਕਾ ਵਿਖਾਇਆ ਗਿਆ ਸੀ ਅਤੇ ਉਨਾਂ ਦੀ ਰਾਇ ਅੱਗ ਬੁਝਾਉਣ ਲਈ ਗਈ ਸੀ।ਉਨਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਜੇਕਰ ਅੱਗ ਕੋਲਡ ਸਟੋਰ ਦੀ ਮਸ਼ੀਨਰੀ ਨੂੰ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਅਮੋਨੀਆ ਗੈਸ ਦਾ ਰਿਸਾਅ ਹੋ ਸਕਦਾ ਹੈ।ਉਨਾਂ ਨੇੜਲੇ ਇਲਾਕੇ ਦੇ ਲੋਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਅਮੋਨੀਆ ਦੇ ਰਿਸਾਵ ਨਾਲ ਹਵਾ ਵਿੱਚ ਗੈਸ ਫੈਲਦੀ ਹੈ ਤਾਂ ਉਹ ਅੱਖਾਂ, ਨੱਕ ਆਦਿ ‘ਤੇ ਸਾੜ੍ਹ ਮਹਿਸੂਸ ਕਰਨ ਦੇ ਲੱਛਣ ਨੂੰ ਸਮਝਦੇ ਹੋਏ ਤੁਰੰਤ ਆਪਣਾ ਮੂੰਹ, ਅੱਖਾਂ ਗਿੱਲੇ ਕੱਪੜੇ ਨਾਲ ਢੱਕ ਲੈਣ, ਕਿਉਂਕਿ ਅਮੋਨੀਆ ਗੈਸ ਪਾਣੀ ਦੀ ਛੂਹ ਨਾਲ ਤਰਲ ਪਦਾਰਥ ਵਿੱਚ ਬਦਲ ਜਾਂਦੀ ਹੈ, ਜੋ ਕਿ ਨੁਕਸਾਨਦੇਹ ਨਹੀਂ ਰਹਿੰਦੀ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …