Saturday, July 5, 2025
Breaking News

ਥਾਣਾ ਹਕੀਮਾਂ ਗੇਟ ਵਿਖੇ ਰਿਸ਼ਤੇਦਾਰਾਂ ਤੇ ਮਾਪਿਆਂ ਕੀਤਾ ਹੰਗਾਮਾ-ਪੁਲਿਸ ਤੇ ਲਾਏ ਗਾਇਬ ਕਰਨ ਦੇ ਦੋਸ਼

ਪੁਲਿਸ ਨੇ ਦੋਸ਼ਾਂ ਨੂੰ ਨਕਾਰਿਆ, ਕਿਹਾ ਹਰਪ੍ਰੀਤ ਇੱਕ ਪੇਸ਼ੇਵਰ ਅਪਰਾਧੀ

PPN0512201421

ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਪੁਲਿਸ ਵੱਲੋਂ ਜਬਰੀ ਨੋਜ਼ਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਉਨ੍ਹਾਂ ਤੇ ਸਮੈਕ ਅਤੇ ਨਸ਼ੀਲਾ ਪਾਊਡਰ ਆਦਿ ਵਰਗੇ ਨਸ਼ੀਲੇ ਪਦਾਰਥ ਪਾਕੇ ਝੂਠੇ ਪਰਚੇ ਦਰਜ਼ ਕਰਨ ਨੂੰ ਲੈ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਥਾਣਾ ਹਕੀਮਾ ਗੇਟ ਅੰਦਰ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਘਟਨਾ ਤੌਂ ਮਿਲੀ ਜਾਣਕਾਰੀ ਅਨੂਸਾਰ ਸਾਦਗੀ ਪਤਨੀ ਹਰਪ੍ਰੀਤ ਸਿੰਘ ਉਰਫ ਸੋਨੂੰ ਵਾਸੀ ਫਤਹਿ ਸਿੰਘ ਕਲੋਨੀ (ਅੰਨਗੜ) ਨੇ ਦੱਸਿਆ ਕਿ ਬੀਤੀ 1 ਦਸੰਬਰ ਨੂੰ ਸਵੇਰੇ 6 ਵਜੇ ਏਐਸਆਈ ਵਿਪਨ ਕੁਮਾਰ ਆਪਣੇ 4-5 ਮੁਲਾਜਮਾਂ ਨਾਲ ਉਨ੍ਹਾਂ ਦੇ ਘਰ ਆਇਆ ਅਤੇ ਬਿਨਾਂ ਕੋਈ ਕਾਰਣ ਦੱਸੇ ਸਾਰੇ ਘਰ ਦੀ ਤਲਾਸ਼ੀ ਲੈਣ ਲੱਗਾ।ਉਸ ਨੇ ਦੱਸਿਆ ਕਿ ਤਲਾਸ਼ੀ ਦੋਰਾਨ ਉਸ ਨੇ ਸਾਡੇ ਪਰਿਵਾਰਕ ਮੈਂਬਰਾਂ ਨਾਲ ਗਾਲੀ ਗਲੋਚ ਕੀਤਾ ਅਤੇ ਉਸ ਨਾਲ ਧੱਕਾ ਮੁੱਕੀ ਵੀ ਕੀਤੀ।ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਫੜ ਕੇ ਥਾਣੇ ਹਕੀਮਾ ਗੇਟ ਲੈ ਗਈ।
ਸਾਦਗੀ ਨੇ ਦੱਸਿਆ ਕਿ ਉਕਤ ਏਐਸਆਈ ਨੇ ਉਸ ਦੇ ਪਤੀ ਹਰਪ੍ਰੀਤ ਨੂੰ ਕਿਹਾ ਕਿ ਤੂੰ ਸਮੈਕ ਦਾ ਕਾਰੋਬਾਰ ਕਰਦਾ ਏਂ ਇਸ ਲਈ ਤੈਨੂੰ ਗ੍ਰਿਫਤਾਰ ਕਰ ਰਹੇ ਹਾਂ।ਇਸ ਤੋਂ ਬਾਅਦ ਉਹ ਸਾਰਾ ਦਿਨ ਹਰਪ੍ਰੀਤ ਨੂੰ ਵੱਖ ਵੱਖ ਥਾਣਿਆਂ ਵਿੱਚ ਲੱਭਦੇ ਰਹੇ ਪਰ ਕੋਈ ਥਹੁ ਪਤਾ ਨਹੀ ਲੱਗਾ।ਸਾਦਗੀ ਨੇ ਕਿਹਾ ਕਿ ਅਖੀਰ ਸ਼ਾਮੀ 5 ਵਜੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਹਰਪ੍ਰੀਤ ਥਾਣਾ ਹਕੀਮਾ ਗੇਟ ਵਿਖੇ ਬੰਦ ਹੈ।ਇਸ ਤੋਂ ਬਾਅਦ ਉਹ ਆਪਣੀ ਸੱਸ ਸਮੇਤ ਆਪਣੇ ਪਤੀ ਲਈ ਰੋਟੀ ਲੈ ਕੇ ਥਾਣਾ ਹਕੀਮਾਂ ਗੇਟ ਗਈ ਅਤੇ ਮੋਜੂਦ ਪੁਲਿਸ ਮੁਲਾਜਮ ਨੂੰ ਕਿਹਾ ਕਿ ਉਸ ਦੇ ਪਤੀ ਠੀਕ ਨਹੀ ਹਨ, ਇਨ੍ਹਾਂ ਨੂੰ ਦੋਰੇ ਪੈਂਦੇ ਹਨ, ਇਸ ਲਈ ਇਸ ਨੂੰ ਘਰ ਭੇਜ ਦਿਓ ਉਹ ਕੱਲ ਸਵੇਰੇ 10 ਵਜੇ ਮੁੜ ਥਾਣੇ ਹਾਜਰ ਕਰ ਦੇਣਗੇ, ਪਰ ਪੁਲਿਸ ਮੁਲਾਜਮਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ 10 ਵਜੇ ਵਾਪਸ ਆਪਣੇ ਘਰ ਆ ਗਏ।
ਸਾਦਗੀ ਨੇ ਦੱਸਿਆ ਕਿ ਇਸ ਤੋਂ ਬਾਅਦ 11 ਵਜੇ ਉਨ੍ਹਾਂ ਨੂੰ ਕਿਸੇ ਤੋਂ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਜਿਸ ਨੂੰ ਹਕੀਮਾਂ ਗੇਟ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਉਹ ਥਾਣੇ ਵਿੱਚ ਨਹੀ ਹੈ ਅਤੇ ਜਦ ਉਹ ਕਰੀਬ 12 ਵਜੇ ਥਾਣੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਲੜਕਾ ਥਾਣੇ ਬੰਦ ਨਹੀ ਹੈ।ਉਨ੍ਹਾਂ ਇਸ ਸਬੰਧ ਵਿੱਚ ਜੱਦ ਪੁਲਿਸ ਨੂਂ ਪੁੱਛਿਆ ਤਾਂ ਉਨਾਂ ਕੋਈ ਤਸੱਲੀਬਖਸ਼ ਜੁਆਬ ਨਹੀ ਦਿੱਤਾ।ਸਾਦਗੀ ਨੇ ਦੱਸਿਆ ਕਿ ਉਨਾਂ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਪੁਲਿਸ ਵੱਲੋਂ ਉਸ ਦੇ ਪਤੀ ਨੂੰ ਮਾਰ ਕੁੱਟ ਕਰਕੇ ਮਾਰ ਦਿੱਤਾ ਗਿਆ ਹੈ ਜਾਂ ਕਿੱਧਰੇ ਗਾਇਬ ਕਰ ਦਿੱਤਾ ਹੈ।ਉਸ ਨੇ ਕਿਹਾ ਕਿ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਪਤੀ ਹਰਪ੍ਰੀਤ ਉਨਾਂ ਦੀ ਹਿਰਾਸਤ ਚੋਂ ਫਰਾਰ ਹੋ ਗਿਆ ਹੈ, ਜੋ ਕਿ ਸਿਰੇ ਤੋਂ ਗਲਤ ਹੈ।
ਇਸ ਸਬੰਧ ਵਿੱਚ ਜਦ ਥਾਣਾ ਹਕੀਮਾ ਗੇਟ ਦੇ ਮੁਖੀ ਸ਼ੁਸੀਲ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਨ੍ਹਾਂ ਵੱਲੋਂ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ, ਸਗੋਂ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ, ਜੋ ਹਰਪ੍ਰੀਤ ਖਿਲਾਫ ਪਹਿਲਾਂ ਵੀ ਨਸ਼ੇ ਦੇ ਕਾਰੋਬਾਰ ਅਤੇ ਉਸ ਦੇ ਖਿਲਾਫ ਹੋਰ ਕਈ ਅਪਰਾਧਿਕ ਮਾਮਲੇ ਦਰਜ਼ ਹਨ।ਉਨਾਂ ਦੱਸਿਆ ਕਿ ਜੱਦ ਹਰਪ੍ਰੀਤ ਨੂੰ ਥਾਣੇ ਲਿਆਂਦਾ ਗਿਆ ਤਾਂ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ।ਸ਼ੁਸੀਲ ਕੁਮਾਰ ਨੇ ਦੱਸਿਆ ਕਿ ਫਰਾਰ ਹੋਣ ਤੋਂ ਬਾਅਦ ਉਹ ਆਪਣੇ ਘਰ ਗਿਆ ਅਤੇ ਸਾਰਾ ਡਰਾਮਾ ਘੜਿਆ।ਉਨਾਂ ਕਿਹਾ ਕਿ ਹਰਪ੍ਰੀਤ ਦਾ ਪਰਿਵਾਰ ਜਾਣ ਬੁੱਝ ਕੇ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ ਕਰ ਰਿਹਾ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply