Saturday, July 27, 2024

ਕਿਸਾਨਾਂ ਨੂੰ ਕੱਲ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ ਗੰਨੇ ਦੀ ਬਕਾਇਆ ਅਦਾਇਗੀ – ਖੇਤੀ ਮੰਤਰੀ

ਕਿਹਾ, ਫਗਵਾੜਾ ਮਿਲ ਦਾ ਕੋਈ ਹੋਰ ਪ੍ਰਬੰਧ ਨਾ ਹੋਇਆ ਤਾਂ ਸਰਕਾਰ ਚਲਾਏਗੀ ਮਿਲ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰਾਂ ਨਾਲ ਸਥਾਨਕ ਮੀਟਿੰਗ ਹਾਲ ਵਿੱਚ ਗੱਲ ਕਰਦੇ ਕਿਹਾ ਕਿ ਫਗਵਾੜਾ ਦੀ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮ. ਵਲੋਂ ਕਿਸਾਨਾਂ ਦੇ ਰੋਕੇ ਗਏ ਕਰੀਬ 72 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਕੱਲ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ, ਕਿਉਂਕਿ ਉਕਤ ਮਿਲ ਦੀ ਹਰਿਆਣਾ ਸਥਿਤ ਜਾਇਦਾਦ ਵੇਚ ਕੇ ਮਿਲ ਦੇ ਖਾਤੇ ਵਿਚ ਕਰੀਬ 23.76 ਕਰੋੜ ਰੁਪਏ ਆ ਗਏ ਹਨ।ਉਨਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਬਾਕੀ ਬਕਾਇਆ ਰਾਸ਼ੀ ਵੀ ਮਿਲ ਪ੍ਰਬੰਧਕਾਂ ਕੋਲੋਂ ਵਸੂਲ ਕੀਤੀ ਜਾਵੇਗੀ, ਜਿਸ ਲਈ ਸਰਕਾਰ ਵਲੋਂ ਮਿਲ ਦੇ ਮਾਲਕਾਂ ਦੀ ਨਿੱਜੀ ਜਾਇਦਾਦ ਨੂੰ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਖੇਤੀ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਵਲੋਂ ਆ ਰਹੇ ਗੰਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮਿਲ ਦੇ ਮੌਜ਼ੂਦਾ ਮਾਲਕਾਂ ਤੋਂ ਇਲਾਵਾ ਕਈ ਨਿੱਜੀ ਮਿਲਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੇਕਰ ਇੰਨਾਂ ਧਿਰਾਂ ਨਾਲ ਸਾਡਾ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਸਰਕਾਰ ਖ਼ੁਦ ਇਹ ਖੰਡ ਮਿਲ ਚਲਾਏਗੀ, ਪਰ ਕਿਸਾਨਾਂ ਦਾ ਗੰਨਾ ਨਹੀਂ ਰੁਲਣ ਦਿੱਤਾ ਜਾਵੇਗਾ।ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ ਅਤੇ ਅਸੀਂ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਚਾਹੁੰਦੇ ਹਾਂ। ਉਨਾਂ ਕਿਹਾ ਕਿ ਸਾਰੀਆਂ ਕਿਸਾਨ ਧਿਰਾਂ ਤੇ ਯੂਨੀਅਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਕਿਸੇ ਵੀ ਮਸਲੇ ‘ਤੇ ਧਰਨਾ ਲਗਾਉਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਲਈ ਮੇਜ਼ ‘ਤੇ ਆ ਕੇ ਬੈਠਣ।ਸਾਡੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾਂ ਖੁੱਲੇ ਹਨ ਅਤੇ ਹਰੇਕ ਮਸਲੇ ਦਾ ਹੱਲ ਵੀ ਗੱਲਬਾਤ ਨਾਲ ਹੀ ਹੋਣਾ ਹੁੰਦਾ ਹੈ।
ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਕੇਨ ਕਮਿਸ਼ਨਰ ਰਜੇਸ਼ ਕੁਮਾਰ ਰਹੇਜਾ, ਸੁਖਜਿੰਦਰ ਸਿੰਘ ਬਾਜਵਾ ਸਹਾਇਕ ਕੇਨ ਕਮਿਸ਼ਨਰ, ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ, ਸਤਵਿੰਦਰ ਸਿੰਘ ਸੰਧੂ ਤੇ ਕਿਸਾਨ ਯੂਨੀਅਨ ਵਲੋਂ ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …