Tuesday, December 24, 2024

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਦਿੱਤੀ ਨਿੱਘੀ ਸ਼ਰਧਾਂਜ਼ਲੀ

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਾਰਾਗੜ੍ਹੀ ਦੀ 125 ਸਾਲਾ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਸੰਸਾਰ ਭਰ ਪ੍ਰਸਿੱਧ ਸਾਰਾਗੜ੍ਹੀ ਦਾ ਯੁੱਧ, ਜੋ ਕਿ ਅਫ਼ਗਾਨਿਸਤਾਨ ਸਰਹੱਦ ਦੀਆਂ ਪਹਾੜੀਆਂ ’ਤੇ ਸਥਿਤ ਉਕਤ ਚੌਂਕੀ ’ਤੇ 12 ਸਤੰਬਰ 1897 ਨੂੰ ਵਾਪਰਿਆ।ਉਸ ਦਾ ਹੁਣ ਤੱਕ ਦੀਆਂ ਜ਼ੰਗਾਂ ’ਚੋਂ ਇੱਕ ਵਿਸ਼ੇਸ਼ ਦਰਜ਼ਾ ਹੈ।ਉਕਤ ਯੁੱਧ ਦੇ ਸ਼ਹੀਦਾਂ ਦੀ 125 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਪ੍ਰੋਗਰਾਮ ਕਰਵਾਇਆ ਗਿਆ।36 ਸਿੱਖ ਰੈਜ਼ੀਮੈਂਟ ਦੇ 21 ਜਾਬਾਜ਼ ਸਿੱਖ ਸਿਪਾਹੀਆਂ ਦੀ ਅਨੋਖੀ ਗਾਥਾ ਹੈ, ਜਿਨ੍ਹਾਂ ਨੇ 10 ਹਜ਼ਾਰ ਦੇ ਕਰੀਬ ਓਰਕਜ਼ਾਈ ਤੇ ਅਫ਼ਰੀਦੀ ਕਬਾਇਲੀਆਂ ਦਾ ਆਪਣੇ ਅਖ਼ੀਰਲੇ ਸਾਹਾਂ ਤੱਕ ਡੱਟ ਕੇ ਬੇਖੌਫ਼ ਸਾਹਮਣਾ ਕੀਤਾ।
ਬ੍ਰਿਟਿਸ਼ ਸਰਕਾਰ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਇਨ੍ਹਾਂ 21 ਸਿੱਖ ਯੋਧਿਆਂ ਦੀ ਯਾਦ ’ਚ ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ, ਪ੍ਰਧਾਨ ਅਤੇ ਬ੍ਰਿਗੇਡੀਅਰ ਜਤਿੰਦਰ ਸਿੰਘ ਅਰੋੜਾ, ਕੌਂਸਲ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੇਠੀ, ਸਰਦੂਲ ਸਿੰਘ ਮੰਨਨ ਆਦਿ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਛੀਨਾ ਨੇ ਕਿਹਾ ਕਿ ਯੋਧੇ ਇਤਿਹਾਸ ਨੂੰ ਸਿਰਜਦੇ ਹਨ ਅਤੇ ਸਾਰਾਗੜ੍ਹੀ ਜੰਗ ਦੀ ਸਿਰਜਣਾ ਆਪਣੇ ਖੂਨ ਦਾ ਆਖਰੀ ਕਤਰਾ ਵਹਾਅ ਕੇ 21 ਬਹਾਦਰ ਸਿੱਖ ਯੋਧਿਆਂ ਨੇ ਕੀਤੀ।ਸਿੱਖ ਇਕ ਅਜਿਹੀ ਕੌਮ ਹੈ, ਜੋ ਦੁਨੀਆਂ ਭਰ ’ਚ ਆਪਣੀ ਦਰਿਆ ਦਿਲੀ ਦੇ ਨਾਲ-ਨਾਲ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਸਦਕਾ ਸਤਿਕਾਰਯੋਗ ਹੈ।ਸਿੱਖਾਂ ਨੇ ਜਿਥੇ ਮਜ਼ਲੂਮਾਂ, ਲਾਚਾਰਾਂ ਅਤੇ ਹੋਰਨਾਂ ਧਰਮਾਂ ਦੀ ਰੱਖਿਆ ਖਾਤਿਰ ਹੱਸਦੇ ਹੱਸਦੇ ਆਪਣਾ ਬਲੀਦਾਨ ਦਿੱਤਾ ਹੈ, ਉਥੇ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਨੇ ਉਥੋਂ ਦੇ ਮੁਲਕਾਂ ਦੀ ਉਨਤੀ ਅਤੇ ਖੁਸ਼ਹਾਲੀ ਆਪਣਾ ਅਹਿਮ ਯੋਗਦਾਨ ਪਾਇਆ।
ਛੀਨਾ ਨੇ ਦੱਸਿਆ ਕਿ ਜਦੋਂ ਉਕਤ ਜੰਗ ਛਿੜੀ ਤਾਂ ਪਠਾਣ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਸਿੱਖ ਵੀ ਅਜਿੱਤ ਤੇ ਬਹਾਦਰ ਹਨ ਅਤੇ ਉਨ੍ਹਾਂ ਵਰਗਾ ਚਾਰੇ ਦਿਸ਼ਾਵਾਂ ’ਚ ਕੋਈ ਸਾਨੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਇਤਿਹਾਸ ’ਚ ਝਾਤ ਮਾਰੀਏ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ ਕਈ ਹਜ਼ਾਰ ਸਾਲ ਪਹਿਲਾਂ ਸਿੱਖਾਂ ਨੇ ਪਠਾਣਾਂ ਨੂੰ ਹਰਾਇਆ ਸੀ।ਉਹ ਵੀ ਉਨ੍ਹਾਂ ਦੀ ਜਨਮ ਭੂਮੀ ’ਤੇ ਜਿਸ ’ਚ ਖਾਲਸੇ ਦੇ ਮਾਣ ਜਨਰਲ ਹਰੀ ਸਿੰਘ ਨਲਵਾ ਨੇ ਖਾਲਸਾਈ ਨਿਸ਼ਾਨ ਸਾਹਿਬ ਕਿਲ੍ਹਾ ਜਮਰੌਦ ਤੋਂ ਅਟਕ ਦਰਿਆ ਦੇ ਪਾਰ ਤੱਕ ਝੁਲਾ ਦਿੱਤਾ ਸੀ।
ਜੋਸਨ ਨੇ ਕਿਹਾ ਕਿ ਸਮਾਨਾ ਰੇਂਜ਼ ਦਾ ਇਲਾਕਾ ਇਕ ਹਜ਼ਾਰ ਸਾਲ ਤੋਂ ਵੱਧ ਸਮੇਂ ਤੱਕ ਭਾਰਤੀ ਉਪ ਮਹਾਂਦੀਪ ਲਈ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਚੌਂਕੀ ’ਚ 21 ਸਿੱਖਾਂ ’ਚੋਂ 3 ਦੀ ਉਮਰ 38 ਤੋਂ 40, 10 ਦੀ 27 ਤੋਂ 30 ਅਤੇ ਬਾਕੀਆਂ ਦੀ 23 ਤੋਂ 26 ਦਰਮਿਆਨ ਸੀ।ਸ਼ਹੀਦੀ ਸਮੇਂ ਹਵਾਲਦਾਰ ਈਸ਼ਰ ਸਿੰਘ ਦੀ ਉਮਰ 39 ਸਾਲ ਸੀ ਤੇ ਸਿਗਨਲਮੈਨ ਗੁਰਮੁੱਖ ਸਿੰਘ 23 ਸਾਲਾ ਦਾ ਨੌਜਵਾਨ ਸੀ।ਇਸ ਲੜਾਈ ਦੌਰਾਨ 36 ਸਿੱਖ ਰੈਜ਼ੀਮੈਂਟ ਦੇ ਗੋਰੇ ਅਫ਼ਸਰਾਂ ਨੇ ਲੀ-ਮੈਟਫ਼ੋਰਡ ਰਾਈਫ਼ਲਾਂ ਦੀ ਵਰਤੋਂ ਕੀਤੀ ਤੇ ਸਿੱਖ ਸਿਪਾਹੀਆਂ ਨੇ ਮਾਰਟਿਨੀ ਹੈਨਰੀ ਰਾਈਫ਼ਲ, ਜਦ ਕਿ ਪਠਾਣਾਂ ਨੇ ਪਖ਼ਤੂਨ ਖਿੱਤੇ ਦੀ ਆਪਣੀ ਰਵਾਇਤੀ ਰਾਈਫ਼ਲ ‘ਜੈਜ਼ਲ’ ਦਾ ਇਸਤੇਮਾਲ ਕੀਤਾ।ਉਨ੍ਹਾਂ ਆਪਣੀ ਉਕਤ ਯੁੱਧ ’ਤੇ ਲਿਖੀ ਪੁਸਤਕ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ’ਤੇ ਕਈ ਫਿਲਮਾਂ ਦਾ ਨਿਰਮਾਣ ਹੋਇਆ ਹੈ, ਜਿਨ੍ਹਾਂ ’ਚ ਅਕਸ਼ੈ ਕੁਮਾਰ ਦੀ ਅਦਾਕਾਰੀ ਹੇਠ ‘ਕੇਸਰੀ’ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਸਾਰਾਗੜ੍ਹੀ ਯੁੱਧ ’ਚ 21 ਸਿੱਖਾਂ ਦੀ ਦਲੇਰੀ ਦੀ ਲਾਮਿਸਾਲ ਸ਼ਹਾਦਤ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਘੱਟ ਗਿਣਤੀ ਸਿੱਖ ਕੌਮ ਨੇ ਕਈ ਇਤਿਹਾਸਕ ਜੰਗਾਂ ਲੜੀਆਂ ਹਨ, ਜੋ ਕਿ ਇਤਿਹਾਸ ਦੇ ਸੁਨਿਹਰੇ ਪੰਨਿਆਂ ’ਚ ਦਰਜ਼ ਹੈ।
ਪ੍ਰਿੰ: ਗਿੱਲ ਨੇ ਆਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੜੇ ਫ਼ਖਰ ਦੀ ਗੱਲ ਹੈ ਕਿ ਅੱਜ ਸਾਰਾਗੜ੍ਹੀ ਦੇ ਮਹਾਨ ਜਾਂਬਾਜ਼ ਸਿਪਾਹੀਆਂ ਦੀ ਸ਼ਤਾਬਦੀ ਲਈ ਸਕੂਲ ਮੈਨੇਜ਼ਮੈਂਟ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਅਤੇ ਅਸੀਂ ਅੱਜ ਉਨ੍ਹਾਂ ਯੁੱਧਾਂ ਦਰਮਿਆਨ ਸ਼ਹੀਦ ਹੋਏ ਮਹਾਨ ਸਿੱਖਾਂ ਨੂੰ ਸ਼ਰਧਾਜਲੀ ਭੇਟ ਕਰਦੇ ਹਾਂ।
ਇਸ ਮੌਕੇ ਫ਼ਾਊਂਡੇਸ਼ਨ ਦੇ ਰਵਨੀਤ ਕੌਰ ਬਾਵਾ, ਖ਼ਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਕੰਬੋਜ਼, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਨਿਰਮਲਜੀਤ ਕੌਰ ਗਿੱਲ ਆਦਿ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …