ਏਡਜ਼ ਕਾਰਨ ਹਰ ਸਾਲ ਸਾਢੇ 6 ਲੱਖ ਲੋਕ ਪੈਂਦੇ ਨੇ ਮੌਤ ਦੇ ਮੂੰਹ
ਅੰਮ੍ਰਿਤਸਰ, 17 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰੈਡ ਰੀਬਨ ਕਲੱਬ ਅਤੇ ਡਾਇਰੈਕਟੋਰੇਟ ਆਫ਼ ਯੁਵਕ ਸੇਵਾਵਾਂ ਪੰਜਾਬ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਏਡਜ਼ ਵਰਗੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਵਾਉਣ ਦੇ ਮਕਸਦ ਤਹਿਤ ‘ਏਡਜ਼: ਭਿਆਨਕ ਮਹਾਂਮਾਰੀ’ ਅਤੇ ‘ਐਡਵੋਕੇਸੀ ਮੀਟਿੰਗ’ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਆਰ.ਐਸ ਮੁੱਧਲ ਏ.ਡੀ.ਸੀ (ਡਿਵੈਲਪਮੈਂਟ) ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।
ਮੂਧਲ ਨੇ ਕਿਹਾ ਕਿ ਦੋ ਜੀਆਂ ਦੇ ਆਪਸੀ ਮੋਹ, ਅਦਬ, ਸੱਚੀ ਸੁੱਚੀ ਸਾਂਝ ਤੇ ਅਲੌਕਿਕ ਸੁਮੇਲ ’ਚੋਂ ਜਦੋਂ ਮੁਹੱਬਤ ਤੇ ਅਦਬ ਮਨਫ਼ੀ ਕਰ ਦਿੱਤੇ ਜਾਣ ਤਾਂ ਏਡਜ਼ ਵਰਗੀ ਭਿਆਨਕ ਬੀਮਾਰੀ ਜਨਮ ਲੈਂਦੀ ਹੈ।ਉਨ੍ਹਾਂ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਨਾਲ ਇਕ ਸਾਲ ’ਚ ਕਰੀਬ 6 ਲੱਖ 50 ਹਜ਼ਾਰ ਵਿਅਕਤੀ ਮੌਤ ਦੇ ਮੂੰਹ ਜਾ ਪੈਂਦੇ ਹਨ ਜੋ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਕਾਲਜ ਉਚੇਰੀ ਵਿੱਦਿਆ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਅਤੇ ਏਡਜ਼ ਵਰਗੀ ਨਾਮੁਰਾਦ ਬਿਮਾਰੀ ਖ਼ਿਲਾਫ ਵੀ ਵਿਦਿਆਰਥੀਆਂ ’ਚ ਜਾਗਰੂਕਤਾ ਪੈਦਾ ਕਰਨ ਲਈ ਵਚਨਬੱਧ ਹੈ।ਸੈਮੀਨਾਰ ਮੌਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਡਰਮੈਟਾਲੋਜੀ ਵਿਭਾਗ ਮੁੱਖੀ ਅਤੇ ਪ੍ਰੋਫੈਸਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਇਹ ਬਿਮਾਰੀ ਜਿਥੇ ਪਹਿਲੇ ਵਧੇਰੇ 25 ਤੋਂ 35 ਸਾਲ ਦੇ ਵਿਅਕਤੀਆਂ ਨੂੰ ਆਪਣੀ ਗ੍ਰਿਫਤ ’ਚ ਲੈਂਦੀ ਸੀ, ਹੁਣ 15 ਤੋਂ 25 ਸਾਲ ਦੇ ਨੌਜਵਾਨ ਇਸ ਨਾਲ ਵਧੇਰੇ ਪੀੜਤ ਹਨ।ਅੱਜ ਵਿਸ਼ਵ ’ਚ 4 ਕਰੋੜ ਲੋਕ ਐਚ.ਆਈ.ਵੀ ਵਾਇਰਸ ਤੋਂ ਪੀੜਤ ਹਨ।ਅਫ਼ਰੀਕਾ ਤੇ ਨਾਇਜ਼ੀਰੀਆ ਤੋਂ ਬਾਅਦ ਹਿੰਦੁਸਤਾਨ ਗਿਣਤੀ ’ਚ ਤੀਜਾ ਏਡਜ਼ਗ੍ਰਸਤ ਮੁਲਕ ਹੈ ਅਤੇ ਇਸ ਸਮੇਂ ਅੰਮ੍ਰਿਤਸਰ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਵਧੇਰੇ ਏਡਜ਼ ਪੀੜਤ ਹਨ।
ਏ.ਆਰ.ਟੀ ਸੈਂਟਰ ਤਰਨ ਤਾਰਨ ਐਸ.ਐਮ.ਓ ਡਾ. ਰਿਪੂਦਮਨਦੀਪ ਸਿੰਘ ਸਮਰਾ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਇਹ ਬਿਮਾਰੀ ਬਿਨ੍ਹਾਂ ਐਚ.ਆਈ.ਵੀ ਟੈਸਟ ਕੀਤੇ ਖੂਨ ਚਾੜਨ ਰਾਹੀਂ ਇਕ ਤੋਂ ਵੱਧ ਵਿਅਕਤੀਆਂ ਵਲੋਂ ਸਾਂਝੇ ਤੌਰ ’ਤੇ ਵਰਤੀਆਂ ਜਾਂਦੀਆਂ ਸਰਿੰਜ਼ਾਂ ਰਾਹੀਂ ਅਤੇ ਸਭ ਤੋਂ ਵੱਧ ਅਸਰੁੱਖਿਅਤ ਸਰੀਰਕ ਸਬੰਧਾਂ ਰਾਹੀਂ ਫ਼ੈਲਦੀ ਹੈ।ਇਸ ਬਿਮਾਰੀ ਦਾ ਇਲਾਜ਼ ਅਜੇ ਸੰਭਵ ਨਹੀਂ ਹੈ, ਇਸ ਲਈ ਪ੍ਰਹੇਜ਼ ਹੀ ਇਸ ਦਾ ਇਲਾਜ਼ ਹੈ।ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮਨਪ੍ਰੀਤ ਕੌਰ ਮੱਘੂ ਨੇ ਕਿਹਾ ਕਿ ਐਚ.ਆਈ.ਵੀ ਤੋਂ ਏਡਜ਼ ਬਣਨ ’ਚ 6 ਮਹੀਨੇ ਤੋਂ 10 ਸਾਲ ਲੱਗਦੇ ਹਨ ਪਰ ਭਾਰਤ ਵਰਗੇ ਅਵਿਕਸਸ਼ੀਲ ਦੇਸ਼ ’ਚ ਇਹ ਵਾਇਰਸ ਜਲਦੀ ਹੀ ਏਡਜ਼ ਦਾ ਰੂਪ ਧਾਰਨ ਕਰ ਲੈਂਦਾ ਹੈ।
ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ ਅਸਿਸਟੈਂਟ ਡਾਇਰੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਐਚ.ਆਈ.ਵੀ ਪਾਜ਼ਟਿਵ ਨਾਲ ਖੂਨ ਵਿਚਲੇ ਚਿੱਟੇ ਕਣ ਜਿਹੜੇ ਸਾਡੇ ਸਰੀਰ ਦੀਆਂ ਬਿਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ ਨਸ਼ਟ ਹੋ ਜਾਂਦੇ ਹਨ।ਕਾਲਜ ਦੇ ਰੈਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਭੁਪਿੰਦਰ ਸਿੰਘ ਜੌਲੀ ਨੇ ਕਿਹਾ ਕਿ ਏਡਜ਼ ਤੋਂ ਬਚਣ ਲਈ ਸਭ ਤੋਂ ਵਧੀਆਂ ਢੰਗ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲੀਏ ਅਤੇ ਵਿਦਿਆਰਥੀਆਂ ਦੀ ਸ਼ਕਤੀ ਨੂੰ ਖੇਡ ਦੇ ਮੈਦਾਨ ਵੱੱਲ ਆਕਰਸ਼ਿਤ ਕਰੀਏ।ਕਲੱਬ ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਨਾਲ ਆਮ ਨਾਗਰਿਕਾਂ ਵਾਂਗ ਹਮਦਰਦੀ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।
ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਵਲੋਂ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਦੇ 25 ਅਤੇ ਤਰਨ ਤਾਰਨ ਜ਼ਿਲ੍ਹੇ ਦੇ 10 ਰੈਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਨੂੰ ਏਡਜ਼ ਸੰਬੰਧੀ ਜਾਗਰੂਕਤਾ ਫੈਲਾਉਣ ਲਈ ‘ਐਡਵੋਕੇਸੀ ਮੀਟਿੰਗ’ ਦੌਰਾਨ ਗਰਾਂਟ ਵੀ ਜਾਰੀ ਕੀਤੀ ਗਈ।
ਇਸ ਮੌਕੇ ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਮਲਕਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਮਨੀ ਅਰੌੜਾ, ਡਾ. ਪੀ.ਕੇ ਆਹੂਜਾ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।