ਬਰਨਾਲਾ ਵਿਖੇ ਹੋ ਰਹੇ ਸਮਾਗਮ ‘ਚ 40 ਜੇਤੂਆਂ ਨੂੰ ਮਿਲੇੇਗਾ ਨਕਦ ਇਨਾਮ ਤੇ ਪੜ੍ਹਨ ਸਮੱਗਰੀ
ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਚੇਤਨਾ ਪਰਖ ਪ੍ਰੀਖਿਆ ਦੇ ਸੂਬਾ ਮੁੱਖੀ ਰਜਿੰਦਰ ਭਦੌੜ ਤੇ ਬਰਨਾਲਾ-ਸੰਗਰੂਰ ਜ਼ੋਨ ਦੇ ਮੁਖੀ ਮਾਸਟਰ ਪਰਮਵੇਦ ਨੇ ਜਾਰੀ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ 24 ਤੇ 25 ਜੁਲਾਈ ਨੂੰ ਮਿਡਲ ਤੇ ਸੈਕੰਡਰੀ ਪੱਧਰੀ ਕਰਵਾਈ ਗਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਮਿਡਲ ਤੇ ਸੈਕੰਡਰੀ ਵਰਗ ਦੇ 20-20 ਵਿਦਿਆਰਥੀਆਂ ਨੂੰ 9 ਅਕਤੂਬਰ ਸਵੇਰੇ 10:30 ਤਰਕਸ਼ੀਲ ਭਵਨ ਬਰਨਾਲਾ ਵਿਖੇ ਨਕਦ ਇਨਾਮ, ਵਧੀਆ ਪੜ੍ਹਣ ਸਮੱਗਰੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਸਮਾਗਮ ਦੇ ਮੁੱਖ ਮਹਿਮਾਨ ਡਾ. ਰਜਿੰਦਰ ਪਾਲ ਸਿੰਘ ਪ੍ਰੋਫੈਸਰ ਅਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ।ਇਸ ਸਮੇਂ ਜੇਤੂ ਵਿਦਿਆਰਥੀ ਇਸ ਪ੍ਰੀਖਿਆ ਸੰਬੰਧੀ ਆਪਣੇ ਵਿਚਾਰ ਰੱਖਣਗੇ ਤੇ ਉਨ੍ਹਾਂ ਲਈ ਸਿਖਿਆਦਾਇਕ ਮਨੋਰੰਜਨ ਵੀ ਹੋਵੇਗਾ।
ਆਗੂਆਂ ਨੇ ਸਮੂਹ ਜੇਤੂ ਵਿਦਿਆਰਥੀਆਂ, ਸਾਰੇ ਮੁਖੀਆਂ, ਤਰਕਸ਼ੀਲ ਮੈਂਬਰਾਂ, ਜੇਤੂ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸਮਾਗਮ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ।