Monday, April 21, 2025

ਚਮਚਾ

“ਇੱਕ ਲੱਕੜ ਦਾ ਚਮਚਾ ਆਈਸ ਕਰੀਮ ਦੇ ਕੱਪ `ਚ ਡੁਬੋ ਦਿੱਤਾ ਗਿਆ ਹੈ, ਇਸ ਦਾ ਦੂਸਰਾ ਸਿਰਾ ਠੰਢਾ ਹੋਵੇਗਾ ਜਾਂ ਨਹੀਂ” ਪੇਪਰ `ਚ ਆਏ ਇਸ ਪ੍ਰਸ਼ਨ ਬਾਰੇ ਜਦ ਬੱਚੇ ਨੇ ਪੇਪਰ ਉਪਰੰਤ ਅਧਿਆਪਕ ਕੋਲੋਂ ਸਹੀ ਉੱਤਰ ਜਾਣਨਾ ਚਾਹਿਆ ਤਾਂ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਲੱਕੜ ਦੇ ਚਮਚੇ ਦਾ ਦੂਸਰਾ ਸਿਰਾ ਠੰਢਾ ਨਹੀਂ ਹੋਵੇਗਾ, ਕਿਉਂਕਿ ਲੱਕੜ ਇੱਕ ਰੋਧਕ ਹੋਣ ਕਰਕੇ ਆਪਣੇ ਵਿਚੋਂ ਤਾਪ ਨੂੰ ਲੰਘਣ ਨਹੀਂ ਦਿੰਦੀ।ਬੱਚੇ ਨੇ ਪੇਪਰ `ਚ ਆਪਸ਼ਨ ਸਹੀ ਚੁਣੀ ਹੋਣ ਕਰ ਕੇ ਨਾਲ ਦੇ ਸਾਥੀਆਂ ਨੂੰ ਖ਼ੁਸ਼ੀ ਨਾਲ ਦੱਸਿਆ ਕਿ ਮੇਰਾ ਉਤਰ ਸਹੀ ਹੈ, ਕਹਿੰਦਾ ਚਲਿਆ ਗਿਆ।ਬਾਅਦ `ਚ ਇਸ ਵਿਸ਼ੇ ਤੇ ਅਧਿਆਪਕਾਂ `ਚ ਵਿਅੰਗਮਈ ਚਰਚਾ ਛਿੜ ਗਈ ਕਿ ਸਟੀਲ ਦੇ ਚਮਚੇ ਦਾ ਦੂਸਰਾ ਸਿਰਾ ਕਿਉਂ ਤੱਤਾ-ਠੰਢਾ ਹੁੰਦਾ ਹੈ ਤੇ ਲੱਕੜ ਦੇ ਚਮਚੇ ਦਾ ਦੂਸਰਾ ਸਿਰਾ ਤੱਤਾ-ਠੰਢਾ ਕਿਉਂ ਨਹੀਂ ਹੁੰਦਾ? ਅਧਿਆਪਕਾਂ ਨੂੰ ਪਾਣੀ ਪਿਆਉਣ ਆਏ ਅਤੇ ਚਰਚਾ ਸੁਣ ਰਹੇ ਸੇਵਾਦਾਰ ਨੂੰ ਇੱਕ ਅਧਿਆਪਕ ਨੇ ਸਵਾਲ ਕੀਤਾ,” ਹਾਂ ਬਈ ਤੂੰ ਵੀ ਤਾਂ ਪੰਜ ਸੱਤ ਜਮਾਤਾਂ ਪੜ੍ਹਿਆ ਹੋਵੇਂਗਾ, ਹੈ ਕੋਈ ਗਿਆਨ ਤੈਨੂੰ ਸਟੀਲ ਦੇ ਚਮਚੇ ਤੇ ਲੱਕੜ ਦਾ ਚਮਚੇ ਬਾਰੇ—।”ਸੇਵਾਦਾਰ ਸਹਿਜ-ਸੁਭਾਅ ਬੋਲਿਆ ਕਿ ਸਰ ਜੀ! ਲ਼ੱਕੜ ਦੇ ਚਮਚੇ ਨੂੰ ਆਪਣੇ ਅੰਤ ਤੇ ਹੋਂਦ ਦਾ ਪਤਾ ਹੈ ਕਿ ਮੈਨੂੰ ਇੱਕ ਵਾਰ ਵਰਤ ਕੇ ਕੂੜੇ `ਚ ਸੁੱਟ ਦੇਣਾ।ਇਸੇ ਕਰਕੇ ਸ਼ਾਇਦ ਤੱਤਾ-ਠੰਢਾ ਨਹੀਂ ਹੁੰਦਾ।ਸਟੀਲ ਦੇ ਚਮਚੇ ਨੂੰ ਪਤਾ ਹੈ ਕਿ ਮੈਨੂੰ ਭਾਵੇਂ ਕੋਈ ਜਿੰਨਾ ਮਰਜ਼ੀ ਵਿੰਗਾ-ਟੇਢਾ ਕਰਕੇ ਮਰੋੜ ਕੇ ਸੁੱਟ ਦੇਵੇ, ਮੈਨੂੰ ਵਰਤਣ ਵਾਲਿਆਂ ਸਿੱਧਾ ਕਰਕੇ ਧੋਅ ਕੇ ਵਰਤ ਹੀ ਲੈਣਾ।ਸੇਵਾਦਾਰ ਦੇ ਬੋਲ਼ ਅਧਿਆਪਕਾਂ ਨੂੰ ਛੋਟਾ ਮੂੰਹ ਬੜੀ ਬਾਤ ਵਾਲੇ ਤਾਂ ਲੱਗੇ, ਪਰ ਅਧਿਆਪਕ ਇੱਕ ਦੂਜੇ ਦੇ ਚਿਹਰੇ ਵੱਲ ਇਸ ਤਰ੍ਹਾਂ ਵੇਖਣ ਲੱਗੇ ਜਿਵੇਂ ਉਹ ਕੋਈ ਬਹੁਤ ਡੂੰਘੀ ਤੇ ਰਹੱਸਮਈ ਗੱਲ ਕਰ ਗਿਆ ਹੋਵੇ—— ।0710202201

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ – 9855512677

Check Also

ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …