ਹਰ ਸਾਲ ਦੀਵਾਲੀ ਆੳਂੁਦੀ ਹੈ ਅਤੇ ਲੰਘ ਜਾਂਦੀ ਹੈ।ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ।ਆਮ ਰੋਜ਼ਮਰਾ ਦੀ ਜਿੰਦਗੀ ਨਾਲੋਂ ਦੀਵਾਲੀ ਦੇ ਤਿਉਹਾਰ ‘ਤੇ ਖੁਸ਼ੀਆਂ ਗਮੀਆਂ ਜਿਆਦਾ ਮਹਿਸ਼ੂਸ ਹੁੰਦੀਆਂ ਹਨ।ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਨਾਇਆ ਜਾਵੇ।ਪਿਛਲੇ ਸਾਲ ਦੀਵਾਲੀ ਵਾਲੇ ਦਿਨ ਸਾਡੇ ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਸਨ।ਇਸ ਲਈ ਸਾਨੂੰ ਦੀਵਾਲੀਆਂ ਚੰਗੀਆਂ ਨਹੀਂ ਲੱਗਦੀਆਂ ਸਨ, ਪਰ ਐਤਕੀ ਦੀ ਦੀਵਾਲੀ ਖੁਸ਼ੀਆਂ ਭਰੀ ਹੈ।ਸਾਡੇ ਕਿਸਾਨ ਵੀਰ ਖੇਤੀ ਮਾਰੂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਆਪਣੇ ਘਰ ਵਾਪਸ ਪਰਤ ਆਏ ਹਨ ਤੇ ਸਾਡੀਆਂ ਨਵੀਆਂ ਸਰਕਾਰਾਂ ਵੀ ਕੁੱਝ ਕੰਮ ਸਾਡੀ ਇੱਛਾ ਅਨੁਸਾਰ ਕਰ ਰਹੀਆਂ ਹਨ।
ਅਜਕਲ ਜਿਆਦਾਤਰ ਸਾਡੇ ਬੱਚੇ ਪੜ੍ਹਾਈ ਕਰਨ ਲਈ ਜਾਂ ਜਿੰਦਗੀ ਦੀ ਸਫਲਤਾਂ ਲਈ ਵਿਦੇਸ਼ਾਂ ‘ਚ ਜਾ ਰਹੇ ਹਨ।ਸਾਡੇ ਬੰਧਨ, ਸਾਡੇ ਰਿਸ਼ਤੇ-ਨਾਤੇ ਭਾਵੇਂ ਉਹ ਭੈਣ-ਭਰਾ ਦਾ ਹੋਵੇ, ਮਾਂ-ਬਾਪ, ਬੇਟੇ ਜਾਂ ਬੇਟੀ ਦਾ ਹੋਵੇ, ਪਿਆਰ ਦਾ ਹੋਵੇ, ਮੁਹੱਬਤ ਦਾ ਹੋਵੇ, ਇਨ੍ਹਾਂ ਵਿਚਲੇ ਨਿੱਘ ਨੂੰ ਪੂਰੀ ਤਰ੍ਹਾਂ ਮਾਨਣ ਲਈ ਸਾਡਾ ਮਨ ਉਨ੍ਹਾਂ ਨੂੰ ਸਾਡੇ ਕੋਲ ਹੋਣਾ ਲੋਚਦਾ ਹੈ।ਜੇਕਰ ਸਾਡਾ ਸੱਜਣ ਪਿਆਰਾ, ਸਾਡੇ ਭੈਣ-ਭਰਾ, ਸਾਡੇ ਪਿਆਰ ਅਤੇ ਮੁਹੱਬਤ ਦੇ ਰਿਸ਼ਤੇ ਸਾਡੇ ਕੋਲ ਹੋਣ ਤਾਂ ਦੀਵਾਲੀ ਦੀਆਂ ਖੁਸ਼ੀਆਂ ਦੂਣੀਆ ਚੌਣੀਆਂ ਹੋ ਜਾਦੀਆਂ ਹਨ।ਸਾਨੂੰ ਸਾਡੇ ਬੱਚਿਆਂ ਦੀ ਵਿਦੇਸ਼ ਵਿੱਚ ਜਾਣ ਦੀ ਖੁਸ਼ੀ ਵੀ ਹੈ, ਪਰ ਉਨ੍ਹਾਂ ਦੇ ਵਿਛੋੜੇ ਦਾ ਦਰਦ ਵੀ ਹੈ।ਦੇਖਿਆ ਜਾਵੇ ਤਾਂ ਬੱਚਿਆਂ ਬਿਨ੍ਹਾਂ ਇਥੇ ਕਾਹਦੀਆਂ ਦੀਵਾਲੀਆਂ ਹਨ।ਖੁਸ਼ੀਆਂ ਤੇ ਗਮੀਆਂ ਜ਼ਿੰਦਗੀ ਦਾ ਹਿੱਸਾ ਹਨ, ਜੋ ਹਮੇਸ਼ਾਂ ਆਉਦੀਆਂ ਹੀ ਰਹਿਣਗੀਆਂ।
ਜੇਕਰ ਦੀਵਾਲੀ ਦੇ ਤਿਉਹਾਰ ਦਾ ਵਿਸਲੇਸ਼ਣ ਕਰੀਏ ਤਾਂ ਦੀਵਾਲੀ ਸ਼ਬਦ ਦੀਪਾਵਾਲੀ ਤੋਂ ਬਣਿਆ ਹੈ।ਜਿਸ ਦਾ ਅਰਥ ਹੈ ਦੀਵਿਆਂ ਦੀਆਂ ਮਾਲਾਵਾਂ ਜਾਂ ਕਤਾਰਾਂ।ਦੀਵਾਲੀ ਰੋਸ਼ਨੀਆਂ ਦਾ ਤਿਉਹਾਰ ਹੈ।ਪਹਿਲਾਂ ਲੋਕ ਦੀਵਾਲੀ ਵਾਲੀ ਰਾਤ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਅਤੇ ਗੇਟਾਂ ‘ਤੇ ਦੀਵੇ, ਮੋਮਬੱਤੀਆਂ ਆਦਿ ਜਗਾਉਂਦੇ ਸਨ।ਪਰ ਪਿੱਛਲੇ ਕੁੱਝ ਸਾਲਾਂ ਤੋਂ ਚਾਈਨਾ (ਚੀਨ) ਦੀਆਂ ਬਣੀਆਂ ਲੜੀਆਂ ਨੇ ਦੀਵੇ ਤੇ ਮੋਮਬੱਤੀਆਂ ਦੀ ਹੋਂਦ ਖ਼ਤਮ ਹੀ ਕਰ ਦਿੱਤੀ ਹੈ।ਸਿਰਫ ਰਸਮ ਪੂਰੀ ਕਰਨ ਲਈ ਹੀ ਘਰਾਂ ਵਿਚ ਪੰਜ ਸੱਤ ਦੀਵੇ ਜਗਾਏ ਜਾਂਦੇ ਹਨ।ਦੀਵਾਲੀ ਵਾਲੇ ਦਿਨ ਦੀਵੇ ਰੌਸ਼ਨ ਕਰਨੇ ਜਿੱਤ ਜਾਂ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਂਗ ਹੈ।ਦੀਵੇ ਆਪ ਜਲ ਕੇ ਦੂਸਰਿਆਂ ਦਾ ਮਾਰਗ ਰੋਸ਼ਨ ਕਰਦੇ ਹਨ, ਜੋ ਸਾਨੂੰ ਆਪਣਾ ਆਪ ਵਾਰ ਕੇ ਦੂਸਰਿਆਂ ਦੇ ਕੰਮ ਆਉਣ ਦੀ ਪ੍ਰੇਰਨਾ ਦਿੰਦੇ ਹਨ।
ਦੀਵਾਲੀ ਦੇ ਤਿਉਹਾਰ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ।ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਇਹ ਤਿਉਹਾਰ ਮਨਾਉਂਦੇ ਆ ਰਹੇ ਹਨ। ਦੀਵਾਲੀ ਦਾ ਸਬੰਧ ਪੰਜਾਬੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਮੌਕੇ ਤੋਂ ਹੀ ਜੁੜਿਆ ਹੋਇਆ ਹੈ, ਪਰ ਇਸ ਦਾ ਵਿਸ਼ੇਸ਼ ਮਹੱਤਵ ਉਦੋਂ ਹੋਰ ਬਣਿਆ ਹੈ ਜਦੋਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਗ਼ਲਾਂ ਦੀ ਕੈਦ ਤੋਂ ਮੁਕਤ ਹੋ ਕੇ ਅਤੇ 52 ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ ਮੁਕਤ ਕਰਵਾ ਕੇ ਬਾਹਰ ਆਏ।ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ।ਪ੍ਰਸਿੱਧ ਇਤਿਹਾਸਕਾਰ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਦੀਵੇ ਜਗਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ।
ਹਿੰਦੂ ਧਰਮ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਨਵਾਸ ਕੱਟ ਕੇ ਲੰਕੇਸ਼ਵਰ ਰਾਵਣ ਤੇ ਉਸ ਦੀ ਸੈਨਾ ਨੂੰ ਹਰਾ ਕੇ ਸੀਤਾ ਮਾਤਾ ਸਮੇਤ ਅਯੁੱਧਿਆ ਆਏ ਸਨ।ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿਚ ਘਰਾਂ ਦੀਆਂ ਛੱਤਾਂ ਉੱਤੇ ਦੀਵੇ ਜਗਾਏ ਗਏ।ਆਰੀਆ ਸਮਾਜ ਦੇ ਨੇਤਾ ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਏਸੇ ਦਿਨ ਨਿਰਵਾਣ ਪ੍ਰਾਪਤ ਹੋਇਆ।ਇਹ ਤਿਉਹਾਰ ਸਰਦੀ ਰੁੱਤ ਦੇ ਆਗਮਨ ਦਾ ਵੀ ਸੂਚਕ ਹੈ।
ਦੀਵਾਲੀ ਵੈਸੇ ਤਾਂ ਪੂਰੇ ਦੇਸ਼ ਵਿਚ ਮਨਾਈ ਜਾਂਦੀ ਹੈ, ਪਰ ਪੰਜਾਬ ਵਿੱਚ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਦੀ ਸ਼ਾਨ ਹੀ ਵੱਖਰੀ ਹੈ।ਲੱਖਾਂ ਲੋਕ ਦੇਸ਼ਾ-ਵਿਦੇਸ਼ਾ ਤੋਂ ਇਥੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ।ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਵਿਖੇ ਰੌਸ਼ਨੀ ਦੀ ਸਜਾਵਟ ਦਾ ਬੜਾ ਸੁਹਾਵਣਾ ਦ੍ਰਿਸ਼ ਹੁੰੰਦਾ ਹੈ।ਰਾਤ ਨੂੰ ਆਤਸ਼ਬਾਜੀ ਚਲਾਈ ਜਾਂਦੀ ਹੈ। ਆਤਸ਼ਬਾਜੀ ਵੇਖਣ ਵਾਲਿਆਂ ਦੀ ਰੌਣਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਪ੍ਰਕਰਮਾ ਵਿਚ ਖੜ੍ਹੇ ਹੋਣ ਦੀ ਥਾਂ ਨਹੀਂ ਮਿਲਦੀ।ਬਜ਼ਾਰਾਂ ਦੀ ਸਜਾਵਟ ਬੜੀ ਦਿਲ ਖਿੱਚਵੀਂ ਹੁੰੰਦੀ ਹੈ।ਇਸੇ ਲਈ ਕਿਹਾ ਜਾਂਦਾ ਹੈ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ’।
ਮੱਸਿਆ ਦੀ ਕਾਲੀ ਰਾਤ ਨੂੰ ਰੁਸ਼ਨਾਉਂਦਾ ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਹੁੰਦਾ ਹੈ, ਆਮ ਤੌਰ ‘ਤੇ ਇਹ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ‘ਚ ਆਉਂਦਾ ਹੈ।ਦੇਸ਼ ਦੇ ਕੋਨੇ-ਕੋਨੇ ਤੇ ਕਈ ਹੋਰ ਮੁਲਕਾਂ ਵਿਚ ਮਨਾਏ ਜਾਣ ਵਾਲੇ ਵੱਡੇ ਤਿਉਹਾਰ ਦੀਵਾਲੀ ‘ਤੇ ਪਟਾਕੇ ਵਗੈਰਾ ਚਲਾ ਕੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ।
ਸਮੂਹ ਦੇਸ਼ ਵਾਸੀਆਂ ਦੇ ਘਰ ਮਿਲਾਪ, ਪਿਆਰ, ਖੁਸ਼ੀਆਂ, ਆਪਸੀ ਭਾਈਚਾਰਕ ਸਾਂਝ ਅਤੇ ਉੱਚੀ-ਸੁੱਚੀ ਸੋਚ ਦੇ ਦੀਪ ਹਮੇਸ਼ਾਂ ਜਗਦੇ ਰਹਿਣ।ਦੀਵਾਲੀ ਮੁਬਾਰਕ ਦੋਸਤੋ! 2310202202
ਭਵਨਦੀਪ ਸਿੰਘ ਪੁਰਬਾ
ਮੋ – 9988929988