Friday, May 24, 2024

ਖਾਲਸਾ ਕਾਲਜ ਵਿਖੇ ‘ਮਾੜੀ ਹਵਾ ਦਾ ਮਨੁੱਖੀ ਸਿਹਤ ’ਤੇ ਅਸਰ, ਕਾਰਨ ਤੇ ਇਲਾਜ਼’ ਵਿਸ਼ੇ ’ਤੇ 2 ਰੋਜ਼ਾ ਰਾਸ਼ਟਰੀ ਕਾਨਫਰੰਸ

ਕੁਦਰਤੀ ਸਰੋਤਾਂ ਦਾ ਨੁਕਸਾਨ ਕਰਕੇ ਵਾਤਾਵਰਣ ਸੰਤੁਲਨ ਨੂੰ ਬੁਰੀ ਤਰ੍ਹਾਂ ਵਿਗਾੜਿਆ ਗਿਆ – ਛੀਨਾ

ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗਰੈਜੂਏਟ ਬਨਸਪਤੀ ਵਿਭਾਗ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਅਤੇ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੇ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ ਤਹਿਤ 2 ਰੋਜ਼ਾ ਰਾਸ਼ਟਰੀ ਕਾਨਫਰੰਸ ‘ਮਾੜੀ ਹਵਾ ਦਾ ਮਨੁੱਖੀ ਸਿਹਤ ’ਤੇ ਅਸਰ, ਕਾਰਨ ਅਤੇ ਇਲਾਜ’ ਕਰਵਾਈ ਗਈ।ਜਿਸ ਵਿਚ ਦੇਸ਼ ਭਰ ਤੋਂ 150 ਤੋਂ ਵਧੇਰੇ ਬਨਸਪਤੀ ਅਤੇ ਵਾਤਾਵਰਣ ਵਿਸ਼ੇ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ ਤੇ ਇਸ ਮਹੱਤਵਪੂਰਨ ਵਿਸ਼ੇ ਉਪਰ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ’ਤੇ ਖੁੱਲ੍ਹ ਕੇ ਵਿਚਾਰ ਵਟਾਦਰਾ ਕੀਤਾ।ਇਸ ਕਾਨਫਰੰਸ ਦੇ 4 ਟੈਕਨੀਕਲ ਸ਼ੈਸ਼ਨਾਂ ’ਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਭਾਸ਼ਣਾਂ, ਪੋਸਟਰਾਂ ਅਤੇ ਚਰਚਾਵਾਂ ਰਾਹੀਂ ਇਨ੍ਹਾਂ ਅਕਾਦਮਿਕ ਵਿਸ਼ਿਆਂ ’ਤੇ ਚਾਨਣਾ ਪਾਇਆ।
ਇਸ 2 ਰੋਜ਼ਾ ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਿਸ਼ਾ ਇਕੱਲੇ ਸਾਇੰਸ ਦਾ ਨਾ ਹੋ ਕੇ ਹਰ ਇਕ ਵਿਸ਼ੇ ਤੇ ਧਿਰ ਨਾਲ ਸਬੰਧਿਤ ਹੈ।ਉਨ੍ਹਾਂ ਕਿਹਾ ਕਿ ਅਸੀ ਪਿਛਲੇ ਸਮਿਆਂ ’ਚ ਕੁਦਰਤੀ ਸਰੋਤਾਂ ਦਾ ਨੁਕਸਾਨ ਕਰਕੇ ਵਾਤਾਵਰਣ ਸੰਤੁਲਨ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਹਾਨੀਕਾਰਕ ਸਿੱਧ ਹੋਵੇਗਾ।
ਮੁੱਖ ਬੁਲਾਰੇ ਪਦਮਸ਼੍ਰੀ ਐਵਾਰਡੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਵਾਤਾਵਰਣ ਅਤੇ ਰੁੱਖਾਂ ਦਾ ਸਾਡੀ ਸਿਹਤ ਅਤੇ ਜੀਵਨ ’ਚ ਮਹੱੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੇ ਵਾਤਾਵਰਣ ਬਚਾਉ ਕਾਰਜ਼ਾਂ ਦੀਆਂ ਟੀਮਾਂ ਨੇ ਪਿਛਲੇ 20 ਸਾਲਾਂ ’ਚ 7 ਲੱਖ ਤੋਂ ਜਿਆਦਾ ਰੁੱਖ, 200 ਤੋਂ ਜਿਆਦਾ ਫਲਦਾਰ ਬਾਗ ਅਤੇ 250 ਤੋਂ ਜਿਆਦਾ ਨਾਨਕ ਜੰਗਲ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ ਰੱਖਣ ਦੇ ਸ਼ਲਾਘਾਯੋਗ ਉਪਰਾਲੇ ਕੀਤੇ।ਉਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਖਡੂਰ ਸਾਹਿਬ ਨੂੰ ਜਾਂਦੀਆਂ ਸੜਕਾਂ ਹਰੇ ਅਤੇ ਛਾਂ ਦਾਰ ਰੁੱਖਾਂ ਨਾਲ ਭਰੀਆਂ ਪਈਆਂ ਹਨ।
ਇਸ ਉਦਘਾਟਨੀ ਸ਼ੈਸ਼ਨ ’ਚ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਪੜ੍ਹਨ ਅਤੇ ਸਮਝਣ ਦੀ ਰੁਚੀ ਪੈਦਾ ਕਰਨ ਬਾਰੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਸੀ ਕੁਦਰਤ ਦੀ ਅਧੀਨਗੀ ਹੇਠ ਤਾਂ ਸੁਖੀ ਤਰੀਕੇ ਨਾਲ ਚੱਲ ਸਕਦੇ ਹਾਂ ਪਰ ਕੁਦਰਤ ਦੇ ਵਿਰੱੁਧ ਬਾਗੀ ਹੋ ਜੇ ਚੱਲਣਾ ਸਾਡੇ ਲਈ ਸੰਭਵ ਨਹੀਂ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਡਾ. ਆਦਰਸ਼ ਪਾਲ ਵਿਗ ਨੇ ਬੋਰਡ ਵੱਲੋਂ ਸਮੇਂ-ਸਮੇਂ ’ਤੇ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਿਸਾਨਾਂ ਨੂੰ ਫਸਲੀ ਰਹਿੰਦ-ਖੰੂਹਦ ਅਤੇ ਪਰਾਲੀ ਨੂੰ ਅੱਗ ਨਾ ਲਾ ਕੇ ਜ਼ਮੀਨ ’ਚ ਵਾਹ ਕੇ ਅਗਲੀ ਫਸਲ ਬੀਜ਼ਣ ਵਾਸਤੇ ਜਾਗਰੂਕ ਕਰ ਰਿਹਾ ਹੈ ਅਤੇ ਜੋ ਕਿਸਾਨ ਇਹ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਲਜਾਂ, ਯੂਨੀਵਰਸਿਟੀਆਂ ਨੂੰ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ।
ੇ ਡਾ. ਬਲਵਿੰਦਰ ਸਿੰਘ ਮੁਖੀ ਬਨਸਪਤੀ ਵਿਭਾਗ ਨੇ ਪਿਛਲੇ ਸਮਿਆਂ ’ਚ ਵਿਭਾਗ ਵਲੋਂ ਵਾਤਾਵਰਣ ਬਚਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ।ਡਾ. ਰਾਜਬੀਰ ਸਿੰਘ ਸੰਯੁਕਤ ਸਕੱਤਰ ਨੇ ਆਏ ਹੋਏ ਸਾਰੇ ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਕਤ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ।
ਕਾਨਫਰੰਸ ਦੇ ਪਹਿਲੇ ਟੈਕਨੀਕਲ ਸ਼ੈਸਨ ’ਚ ਓਮੇਦਰ ਦੱਤ, ਖੇਤੀ ਵਿਰਾਸਤ ਮਿਸ਼ਨ ਨੇ ਵਾਤਾਵਰਣ ਦੀ ਮਹੱਤਤਾ ਬਾਰੇ ਦੱਸਿਆ।ਕਮਲਜੀਤ ਸਿੰਘ ਹੇਅਰ, ਕੁਦਰਤੀ ਕਿਸਾਨ, ਮੁਕਤਸਰ ਸਾਹਿਬ ਨੇ ਦੱਸਿਆ ਕਿ ਸਾਡੇ ਅਜੋਕੇ ਖੇਤੀ ਮਾਡਲ ’ਚ ਕਿਵੇਂ ਖੜੌਤ ਆ ਗਈ ਹੈ ਜੋ ਹੁਣ ਬਹੁਤੀ ਦੇਰ ਚੱਲਣ ਵਾਲਾ ਨਹੀਂ ਤੇ ਸਾਨੂੰ ਹੁਣ ਇਸ ’ਚੋਂ ਨਿਕਲ ਕੇ ਖੇਤੀ ਦੇ ਨਵੇਂ ਮਾਡਲ ਬਾਰੇ ਕੰਮ ਕਰਨਾ ਪਵੇਗਾ।
ਸ਼ੈਸ਼ਨ ਦੇ ਤੀਸਰੇ ਬੁਲਾਰੇ ਗੁਰਬਿੰਦਰ ਸਿੰਘ ਬਾਜਵਾ, ਵਾਈ.ਆਈ.ਐਫ਼ ਗੁਰਦਾਸਪੁਰ ਨੇ ਕੱਦੂ ਮੁਕਤ ਝੋਨਾ ਅਤੇ ਪਰਾਲੀ ਸੰਭਾਲ ਪ੍ਰਬੰਧਾਂ ਦੀਆਂ ਗਿਆਨ ਪੂਰਵਕ ਵਿਧੀਆਂ ਬਾਰੇ ਸਮਝਾਇਆ।ਦੂਸਰੇ ਸ਼ੈਸ਼ਨ ’ਚ ਡਾ. ਮਨਪ੍ਰੀਤ ਸਿੰਘ ਭੱਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਅਤੇ ਏ.ਕਿਯੂ.ਆਈ ਬਾਰੇ ਦੱਸਿਆ ਕਿ ਇਹ ਸਮਝਣਾਂ ਸਾਡੇ ਲਈ ਕਿਉਂ ਅਤੇ ਕਿਵੇਂ ਜ਼ਰੂਰੀ ਹਨ।ਜਦਕਿ ਡਾ. ਜਸਵੀਰ ਸਿੰਘ ਗਿੱਲ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਨੇ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀ ‘ਸਰਫੇਸ ਸੀਡਡ’ ਵਿਧੀ ਸਬੰਧੀ ਕਿਹਾ ਕਿ ਇਹ ਵਿਧੀ ਆਉਣ ਵਾਲੇ ਸਮੇਂ ’ਚ ਕਿਵੇਂ ਖੇਤੀ ਦਾ ਮੁਹਾਦਰਾ ਬਦਲਣ ’ਚ ਕਾਰਗਰ ਸਾਬਿਤ ਹੋਵੇਗੀ।
ਕਾਨਫਰੰਸ ਦੇ ਦੂਸਰੇ ਦਿਨ ਦੇ ਤੀਸਰੇ ਟੈਕਨੀਕਲ ਸ਼ੈਸ਼ਨ ’ਚ ਪ੍ਰੋ. ਸਰੋਜ ਅਰੋੜਾ ਨੇ ਪੌਦਿਆਂ ਦਾ ਮਨੁੱਖੀ ਬਿਮਾਰੀਆਂ ਤੇ ਮਨੁੱਖੀ ਜੀਵਨ ’ਚ ਮਹੱਤਤਾ ਬਾਰੇ ਦੱਸਿਆ।
ਚੌਥੇ ਟੈਕਨੀਕਲ ਸ਼ੈਸ਼ਨ ’ਚ ਡਾ. ਸ਼ਵੇਤਾ ਯਾਦਵ, ਐਚ.ਐਸ ਗੌਰ ਵਿਸ਼ਵਵਿਦਿਆਲਯ, ਮੱਧ ਪ੍ਰਦੇਸ਼ ਅਤੇ ਡਾ. ਸੁਰਿੰਦਰ ਸਿੰਘ ਸੂਥਰ, ਦੂੂਨ ਯੂਨੀਵਰਸਿਟੀ ਦੇਹਰਾਦੂਨ ਨੇ ਕੁਦਰਤੀ ਖੇਤੀ ’ਚ ਗੰਡੋਆ ਖਾਦ ਦੀ ਮਹੱਤਤਾ ’ਤੇ ਭਾਸ਼ਣ ਦਿੱਤੇ।ਉਨ੍ਹਾਂ ਅਨੁਸਾਰ ਕੁਦਰਤੀ ਖੇਤੀ ਦਾ ਸਾਡੀ ਚੰਗੀ ਸਿਹਤ ਅਤੇ ਵਾਤਾਵਰਣ ਦੇ ਨਾਲ ਸਿੱਧਾ ਸੰਪਰਕ ਹੈ।ਉਨ੍ਹਾਂ ਕਿਹਾ ਕਿ ਕਿਵੇ ਗੰਡੋਏ ਵਾਤਾਵਰਣ ਨੂੰ ਸਾਫ ਕਰਕੇ ਕੁਦਰਤੀ ਖੇਤੀ ਲਈ ਲਾਹੇਵੰਦ ਹਨ।ਯੂਨੀਵਰਸਿਟੀ ਤੋਂ ਪ੍ਰੋ. ਅਵਿਨਾਸ਼ ਨਾਗਪਾਲ, ਪ੍ਰੋ. ਸਤਵਿੰਦਰਜੀਤ ਕੌਰ, ਪ੍ਰੋ. ਜਤਿੰਦਰ ਕੌਰ ਅਤੇ ਡਾ. ਸ਼ੁਸ਼ਾਂਤ ਸ਼ਰਮਾ ਨੇ ਇਨ੍ਹਾਂ ਟੈਕਨੀਕਲ ਸ਼ੈਸ਼ਨਾਂ ਨੂੰ ਚੇਅਰ ਕੀਤਾ।ਪ੍ਰੋ. ਰਜਿੰਦਰ ਕੌਰ, ਡਾ. ਮਨਪ੍ਰੀਤ ਧੁੰਨਾ ਮੁਖੀ ਜੇਨੇਟਿਕਸ ਵਿਭਾਗ ਅਤੇ ਡਾ. ਹਰਪ੍ਰੀਤ ਵਾਲੀਆ ਦੀ ਟੀਮ ਨੇ ਕਾਨਫਰੰਸ ਵਿਚਲੇ ਯੰਗ ਇਨਵਾਇਰਮੈਂਟਲਿਸਟ ਐਵਾਰਡ ਵਾਲੇ ਸ਼ੈਸ਼ਨ ’ਚ ਜੀ.ਐਨ.ਡੀ.ਯੂ ਤੋਂ ਸੋਬੁਮ ਇੰਦਰਾ ਕੁਮਾਰ ਸਿੰਘ ਅਤੇ ਮੁਹੰਮਦ ਆਸਿਫ ਨੂੰ ਜੇਤੂ ਐਵਾਰਡਾਂ ਨਾਲ ਸਨਮਾਨਿਤ ਕੀਤਾ।ਡਾ. ਮਧੂ ਵਲੋਂ ਕਾਨਫਰੰਸ ’ਚ ਸ਼ਾਮਿਲ ਹੋਣ ’ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਾ. ਹਰਜਿੰਦਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਪੀ.ਕੇ ਆਹੂਜਾ, ਡਾ. ਮਨਿੰਦਰ ਕੌਰ, ਡਾ. ਹਰਸਿਮਰਨ ਕੌਰ, ਡਾ. ਸੋਨੀਆ ਸ਼ਰਮਾ, ਡਾ. ਗੁਰਪ੍ਰੀਤ ਕੌਰ, ਡਾ. ਪ੍ਰਦੀਪ ਕੌਰ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …