Monday, September 16, 2024

5 ਪਰਵਾਸੀ ਕਹਾਣੀਕਾਰ (ਰਿਵਿਊ)

‘5 ਪਰਵਾਸੀ ਕਹਾਣੀਕਾਰ’ ਅਵਤਾਰ.ਐੱਸ ਸੰਘਾ ਦਾ ਸਾਹਿਤਕ ਕਲਾਕਾਰਾਂ ਵਿਚ ਸਾਂਝ ਪੈਦਾ ਕਰਨ ਵੱਲ ਇੱਕ ਖੂਬਸੂਰਤ ਉਪਰਾਲਾ ਹੈ।ਇਸ ਪ੍ਰਕਾਰ ਦੀ ਆਪਸੀ ਸਾਂਝ ਇਕ ਦੂਜੇ ਤੋਂ ਕੁੱਝ ਨਾ ਕੁੱਝ ਨਵਾਂ ਸਿੱਖਣ ਵੱਲ ਇਕ ਨਿੱਗਰ ਕਦਮ ਹੁੰਦੀ ਹੈ।ਖੁਦ ਇਕ ਸੁਲਝਿਆ ਹੋਇਆ ਕਹਾਣੀਕਾਰ ਤੇ ਨਾਵਲਕਾਰ ਹੁੰਦੇ ਹੋਏ ਅਵਤਾਰ.ਐੱਸ ਸੰਘਾ ਨੇ ਆਸਟਰੇਲੀਆ ਅਤੇ ਇੰਗਲੈਂਡ ਵਿਚੋਂ ਆਪਣੇ ਨਾਲ ਐਸੇ ਕਹਾਣੀਕਾਰ ਜੋੜੇ ਹਨ, ਜਿਹੜੇ ਕਹਾਣੀ ਦੇ ਖੇਤਰ ਵਿੱਚ ਕੁੱਝ ਨਾਮਣਾ ਖੱਟ ਚੁਕੇ ਹਨ।ਇਸ ਪੁਸਤਕ ਵਿਚ ਦਰਜ਼ ਅਵਤਾਰ.ਐੱਸ ਸੰਘਾ ਦੀਆਂ ਕਹਾਣੀਆਂ ਪਰਵਾਸੀ ਜੀਵਨ ‘ਤੇ ਸੱਚਮੁੱਚ ਹੀ ਇਕ ਵਿਲੱਖਣ ਤਬਸਰਾ ਹਨ।‘ਲਾਕਡਾਊਨ’ ਪਰਵਾਸੀ ਜੀਵਨ ਤੇ ਕਰੋਨਾ ਦੇ ਪ੍ਰਭਾਵ ਨੂੰ ਦਰਸਾਉਂਦੀ ਹੋਈ ਅੰਤ ਵਿਚ ਨਸਲਵਾਦ ਤੇ ਵੀ ਕਟਾਕਸ਼ ਕਰਦੀ ਹੈ।‘ਉਲਟੇ ਬਾਂਸ ਬਰੇਲੀ ਨੂੰ’ ਭਾਰਤ ਤੋਂ ਆਸਟਰੇਲੀਆ ਵੱਲ ਨੂੰ ਲੋਕਾਂ ਦਾ ਵਹੀਰਾਂ ਘੱਤ ਕੇ ਤੁਰਨ ਤੇ ਚਾਨਣਾ ਪਾਉਂਦੀ ਹੈ।‘ਰਿਸ਼ਤਾ ਹੋਰ ਵੀ ਬੇਜੋੜ ਲੱਗਣ ਲੱਗ ਪਿਆ’ ਪਰਵਾਸ ਵਿਚ ਪਹੁੰਚ ਕੇ ਰਿਸ਼ਤਿਆਂ ਦੇ ਵਿਗਾੜ ਨੂੰ ਦਰਸਾਉਂਦੀ ਹੈ।‘ਆਫਟਰ ਆਲ, ਭਾਰਤੀ ਨਾਰੀ ਹਾਂ’ ਤੇ ‘ਬਾਕੀ ਗੱਲਾਂ ਸ਼ਾਮ ਨੂੰ ਸਹੀ’ ਭਾਰਤੀ ਸਮਾਜ ਵਿਚ ਪ੍ਰਚਲਿਤ ਮਸਲਿਆਂ ਦੀ ਤਰਜਮਾਨੀ ਕਰਦੀਆਂ ਹਨ।
ਜਸਬੀਰ ਆਹਲੂਵਾਲੀਆ ਦੀਆਂ ਕਹਾਣੀਆਂ ਵਿੱਚ ਯਥਾਰਥਵਾਦੀ ਚਿਤ੍ਰਣ ਦੇ ਨਾਲ ਨਾਲ ਮਨੋਵਿਗਿਆਨਕ ਝਲਕਾਰੇ ਆਮ ਵੇਖਣ ਨੂੰ ਮਿਲ ਜਾਂਦੇ ਹਨ।ਕਹਾਣੀ ‘ਕਿਰਨਾਂ ਵਾਲਾ ਸੂਰਜ’ ਦੇ ਦੂਸਰੇ ਅੱਧ ਵਿਚ ਮਨੋਵਿਗਿਆਨਕ ਅਤੇ ਜਜ਼ਬਾਤੀ ਉਭਾਰ ਦੇਖੇ ਜਾ ਸਕਦੇ ਹਨ।ਕਹਾਣੀ ਵਿਚ ਵਰਖਾ ਦੀ ਬਹੁਤਾਤ ਦਾ ਚਿਤਰਣ ਤੇ ਅਖੀਰ ਵਿਚ ਰੋਜ਼ੀ ਦਾ ਕਹਿਣਾ ‘ਕਿਰਨਾਂ ਵਾਲਾ ਸੂਰਜ ਸਾਡੇ ਘਰ ਆ ਗਿਆ‘ ਕਹਾਣੀ ਦੀ ਡੂੰਘਾਈ ਦੇ ਗਵਾਹ ਹਨ।ਕਹਾਣੀ ‘ਇਸ਼ਾਰਾ’ ਵਿੱਚ ਨਿਤਿਨ ਅਤੇ ਮਿਸਜ਼ ਚੋਪੜਾ ਪਾਤਰ ਸੁਹਣੇ ਸਿਰਜ਼ੇ ਗਏ ਹਨ।
ਨਿਰਮਲ ਕੰਧਾਲਵੀ ਦੀਆਂ ਕਹਾਣੀਆਂ ਪਰਵਾਸੀ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ।‘ਓਏ ਕਮਲਿਆ ਲੋਕ ਕੀਰਤਨ ਨੂੰ ਮਾਇਆ ਨਹੀਂ ਦਿੰਦੇ, ਘਰ ਵਾਲਿਆਂ ਦੇ ਮੂੰਹ-ਮੁਲਾਹਜ਼ੇ ਨੂੰ ਦਿੰਦੇ ਆ’ ਮੈਨੂੰ ਕੁੱਤੇ ਨੇ ਕੱਟਿਆ ਸੀ, ਮੈਂ ਐਵੇਂ ਸੰਘ ਪਾੜੀ ਜਾਂਦਾ, ਬੇਰ ਤਾਂ ਜਿਹੜੇ ਝੜਨੇ ਸੀ ਪਹਿਲੇ ਹੱਲੇ ਹੀ ਝੜ ਗਏ ਸੀ’ ਸ਼ਬਦਾਵਲੀ ਅਤੇ ਕੀਰਤਨੀਆਂ ਦੀ ਮਨੋਬਿਰਤੀ ਦਰਸਾਉਂਦੀ ਹੈ (ਕਹਾਣੀ ‘ਮਲ੍ਹਿਆਂ ਦੇ ਬੇਰ’)।‘ਕਬੂਤਰਬਾਜ਼’ ਵਿਚ ਦਲਬੀਰ ਨੂੰ ਗਰੀਨ ਕਾਰਡ ਮਿਲਣਾ ਤੇ ਸ਼ਰਨਜੀਤ ਨਾਲ ਉਸ ਦਾ ਤਲਾਕ ਹੋ ਜਾਣਾ, ਅੱਜ ਕਲ੍ਹ ਦੇ ਪਰਵਾਸੀ ਵਿਆਹੁਤਾ ਜੀਵਨ ਦੇ ਆਂਮ ਵਰਤਾਰਿਆਂ ਜਿਹਾ ਵਰਤਾਰਾ ਹੈ।
ਬਲਵੰਤ ਸਿੰਘ ਗਿੱਲ ਨੇ ਅਤਪਣੇ ਤਜਰਬਿਆਂ, ਮਨੋਦ੍ਰਿਸ਼ਾਂ ਅਤੇ ਮੰਥਨਾਂ ਨੂੰ ਮਿਆਰੀ ਕਹਾਣੀਆਂ ਦੀ ਸ਼ਕਲ ਦਿੱਤੀ ਹੈ।ਇਹਨਾਂ ਕਹਾਣੀਆਂ ਦੇ ਵਿਸ਼ੇ ਪਰਵਾਸੀ ਜੀਵਨ ਦੀਆਂ ਪਰਤਾਂ ਨੂੰ ਫਰੋਲਦੇ ਹੋਏ ਇਸਦੀ ਭਾਰਤੀ ਜੀਵਨ ਨਾਲ ਤੁਲਨਾਤਮਕ ਪੇਸ਼ਕਾਰੀ ਕਰਦੇ ਨਜ਼ਰ ਆਉਂਦੇ ਹਨ।‘ਉੱਜੜੇ ਬਾਗ ਦਾ ਫੁੱਲ’ ਸੁਣਾ ਪ੍ਰਤੀਕ ਏ।ਕਹਾਣੀ ‘ਕੰਮੀਆਂ ਦੀ ਕੁੜੀ’ ਦਾ ਅੰਤ ‘ਸਰਦਾਰ ਜੀ ਅਸੀਂ ਤਾਂ ਤੁਹਾਡੇ ਕੰੰਮੀ ਹਾਂ।ਤੁਸੀਂ ਇਹ ਇਤਿਹਾਸਕ ਫੈਸਲਾ ਕਰ ਕੇ ਸਾਡੇ ਤੇ ਅੰਤਾਂ ਦਾ ਅਹਿਸਾਨ ਕੀਤਾ ਹੈ…..’ ਸਮਾਜ ਵਿਚ ਜਾਤਪਾਤ ਦੇ ਖਾਤਮੇ ਲਈ ਢੋਲ ਤੇ ਡੱਗੇ ਦੀ ਚੋਟ ਵਾਂਗ ਹੈ।
ਜਸਵਿੰਦਰ ਰਤੀਆਂ ਦੀਆਂ ਕਹਾਣੀਆਂ ਦੇ ਵਿਸ਼ੇ ਪੰਜਾਬ ਦੀਆਂ ਸਮਾਜਕ ਤੇ ਰਾਜਨੀਤਕ ਸਮੱਸਿਆਵਾਂ, ਪਰਵਾਸ ਦੇ ਕਾਰਣ ਅਤੇ ਪਰਵਾਸੀਆਂ ਦੀਆਂ ਸਮੱਸਿਆਵਾਂ, ਔਰਤ-ਮਰਦ ਦੇ ਸਬੰਧਾਂ ਵਿਚ ਬਦਲਦੀਆਂ ਪ੍ਰਸਥਿਤੀਆਂ ਅਤੇ ਵਿਦੇਸ਼ੀ ਅਤੇ ਭਾਰਤੀ ਜੀਵਨ ਸ਼ੈਲੀ ਦੇ ਅੰਤਰ ਨਾਲ ਸਬੰਧ ਰੱਖਦੀਆਂ ਹਨ।ਉਸ ਨੇ ਆਪਣੀਆਂ ਕਹਾਣੀਆਂ ਵਿਚ ਪਾਤਰਾਂ ਦੇ ਤਾਲਮੇਲ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਆ ਹੈ।ਉਹ ਆਪਣੀ ਗੱਲ ਕਹਿਣ ਵਿਚ ਪੂਰੀ ਤਰ੍ਹਾ ਸਫਲ ਰਿਹਾ ਹੈ।ਉਸ ਦੀ ਕਹਾਣੀ ‘ਨਵਾਂ ਸਥਾਨ’ ਦਰਸਾਉਂਦੀ ਹੈ ਕਿ ਵਿਚ ਦਿੱਲੀ ਵਿਖੇ ਲਗੇ ਕਿਰਸਾਨੀ ਮੋਰਚੇ ਨੇ ਪਿੰਡਾਂ ਵਿਚ ਲੋਕਾਂ ਦੇ ਹਰ ਵਰਗ ਵਿਚ ਸਾਂਝ ਅਤੇ ਪਰਸਪਰ ਤਾਲਮੇਲ ਵਧਾਇਆ ਹੈ।ਸੰਕਟ ਸਮੇਂ ਪ੍ਰਭਾਵਤ ਗਰੁੱਪ ਆਪਣੇ ਭੇਦ-ਭਾਵ ਮਿਟਾ ਕੇ ਹਮੇਸ਼ਾ ਇਕੱਠੇ ਹੋ ਜਾਂਦੇ ਹਨ।ਇਹ ਕਹਾਣੀ ਪੜ੍ਹ ਕੇ ਸਕਾਟਿਸ਼ ਨਾਟਕਕਾਰ ਜੌ ਕੋਰੀ (Joe Corrie) ਦਾ ਨਾਟਕ ਹਿਊਰਜ਼ ਆਫ ਕੋਲ (Hewers of Coal) ਯਾਦ ਆ ਗਿਆ।ਜਿਵੇਂ ਕੋਲੇ ਦੀ ਇਕ ਖਾਨ ਵਿਚ ਕਿੰਨੇ ਸਾਰੇ ਕਰਿੰਦੇ ਫਸ ਕੇ ਆਪਣੇ ਸਾਰੇ ਵੈਰ ਵਿਰੋਧ ਭੁੱਲ ਜਾਂਦੇ ਹਨ ਇਵੇਂ ਹੀ ਕਾਰਪੋਰੇਟ ਘਰਾਣਿਆਂ ਅਤੇ ਸਰਕਾਰ ਦੀ ਵਧੀਕੀ ਮੂਹਰੇ ਕਿਸਾਨ ਆਪਣੇ ਸਾਰੇ ਵੈਰ ਵਿਰੋਧ ਭੁੱਲ ਕੇ ਇਕ ਸਾਲ ਤੋਂ ਵੀ ਵੱਧ ਸਮਾਂ ਤਕ ਉਥੇ ਡਟੇ ਰਹੇ।ਆਪਣੀ ਇਕ ਹੋਰ ਕਹਾਣੀ ਵਿਚ ਉਸ ਨੇ ਦੋ ਭਾਸ਼ਾਵਾਂ ਖਾਸ ਕਰਕੇ ਮਾਤ ਭਾਸ਼ਾ ਦੀ ਅਹਿਮੀਅਤ ਤੇ ਜੋਰ ਦਿੱਤਾ ਹੈ।ਇਕ ਥਾਂ ਉਹ ਲਿਖਦਾ ਹੈ, ….. ਤੁਸੀਂ ਜੁਆਕਾਂ ਨੂੰ ਪੰਜਾਬੀ ਪੜ੍ਹਾਉਣ ਸਿਖਾਉਣ ਲਈ ਜ਼ੋਰ ਲਾਈ ਜਾਂਦੇ ਹੋ।ਉਧਰ ਇੰਡੀਆ ਵਾਲੇ ਅੰਗਰੇਜ਼ੀ ਸਿਖ-ਸਿਖ ਕੇ ਆਈਲੈਟਸ ਕਰ ਕੇ ਬਾਹਰ ਆਉਣ ਨੂੰ ਤਰਲੋ ਮੱਛੀ ਹੋਈ ਜਾਂਦੇ……..
ਪੁਸਤਕ ਵਿਚ ਡਾ. ਸੰਘਾ ਨੇ ਸਾਵਾਂਪਣ ਲਿਆਉਣ ਦੀ ਕਮਾਲ ਕੀਤੀ ਏ।ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਸਮਰਪਣ ਹਰੇਕ ਕਹਾਣੀਕਾਰ ਦੇ ਕਿਸੇ ਇਕ ਵਧੀਆ ਪਾਤਰ ਨੂੰ ਕਰ ਦਿੱਤਾ ਹੈ।ਇੰਜ ਕਰਨ ਨਾਲ ਕਿਸੇ ਵੀ ਕਹਾਣੀਕਾਰ ਨੂੰ ਕੋਈ ਗਿਲ਼੍ਹਾ-ਸ਼ਿਕਵਾ ਨਹੀਂ ਰਹਿੰਦਾ ਕਿ ਪੁਸਤਕ ਕਿਸੇ ਖਾਸ ਵਿਅਕਤੀ ਨੂੰ ਸਮਰਪਣ ਕੀਤੀ ਗਈ ਏ। ਡਾ ਸੰਘਾ ਨੇ ਵਡੱਪਣ ਦਿਖਾਉਂਦਿਆਂ ਆਪਣੇ ਆਪ ਨੂੰ ਸਭ ਤੋਂ ਬਾਦ ਥਾਂ ਦਿੱਤੀ ਹੈ।ਚੌਹਾਂ ਲਿਖਾਰੀਆਂ ਦੀਆਂ ਕਹਾਣੀਆਂ ਦੀ ਚੋਣ ਵਧੀਆ ਹੈ।ਸੰਪਾਦਕ ਨੇ ਮੁੱਖਬੰਧ ਵਿਚ ਬੋਲੀ ਅਤੇ ਭਾਸ਼ਾ ਬਾਰੇ ਬੜੇ ਮੂਲ ਅਤੇ ਮੌਲਿਕ ਵਿਚਾਰ ਪੇਸ਼ ਕੀਤੇ ਹਨ। ਵਿਦੇਸ਼ ਵਿਚ ਰਹਿ ਕੇ ਵੀ ਸੰਪਾਦਕ ਦਾ ਮਾਂ ਬੋਲੀ ਲਈ ਪਿਆਰ ਡੁੱਲ੍ਹ ਡੁੱਲ੍ਹ ਪੈਂਦਾ ਹੈ।ਕਹਾਣੀਆਂ ਵਿਚ ਬੇਲੋੜੇ ਪ੍ਰਤੀਕਾਂ ਦੀ ਸੰਪਾਦਕ ਨੇ ਪ੍ਰੋੜਤਾ ਨਹੀਂ ਕੀਤੀ।ਇੰਜ ਕਰਨ ਵਿਚ ਸੰਪਾਦਕ ਨੇ ਵਰਿਆਮ ਸੰਧੂ ਨੂੰ ਆਪਣੇ ਨਾਲ ਲਿਆ ਹੈ।ਇਹ ਆਧੁਨਿਕ ਕਹਾਣੀ ਦੇ ਸੁਧਾਰ ਵਲ ਇਕ ਚੰਗਾ ਕਦਮ ਹੈ।ਪੁਸਤਕ ਵਿਸ਼ਾ ਵਸਤੂ (matter) ਤੇ ਸ਼ੈਲੀ (manner) ਦੋਹਾਂ ਪੱਖਾਂ ਤੋਂ ਹੀ ਇਕ ਮਿਆਰੀ ਪੁਸਤਕ ਹੈ।ਆਜ਼ਾਦ ਬੁੱਕ ਡਿਪੋ ਹਾਲ ਬਾਜ਼ਾਰ ਅੰਮ੍ਰਿਤਸਰ ਨੇ ਇਸ ਦੀ ਪ੍ਰਕਾਸ਼ਨਾ ਕਰਕੇ ਸਾਹਿਤਕ ਖੇਤਰ ਦੀ ਝੋਲੀ ਵਿਚ ਇਕ ਹੋਰ ਮਿਆਰੀ ਪੁਸਤਕ ਦਾ ਵਾਧਾ ਕੀਤਾ ਹੈ।

ਸੁਖਵਿੰਦਰ ਸਿੰਘ ਨਰੂਲਾ
ਅੰਮ੍ਰਿਤਸਰ।
ਮੋ – 9855551929

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …