ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ।ਉਹ ਸ਼ਹਾਦਤ ਬਹੁਤ ਮਹਾਨ ਸੀ ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਇਕ ਬੇਮਿਸਾਲ ਘਟਨਾ ਹੈ।ਆਪਣੇ ਧਰਮ ਲਈ ਜਾਨ ਵਾਰ ਦੇਣੀ ਬਹੁਤ ਮਹਾਨ ਹੈ, ਪਰ ਦੂਜਿਆਂ ਦੇ ਧਰਮ ਲਈ ਸ਼ਹਾਦਤ ਦੇਣੀ ਵਿਸ਼ੇਸ਼ ਤੌਰ ‘ਤੇ ਮਹਾਨ ਹੈ।ਦੂਸਰੀ ਵਿਲੱਖਣ ਗੱਲ ਇਹ ਹੈ ਕਿ ਅਜੇ ਤੱਕ ਸੰਸਾਰ ਵਿਚ ਜਿੰਨੀਆਂ ਸ਼ਹਾਦਤਾਂ ਹੋਈਆਂ ਹਨ ਕਾਤਲ ਹੀ ਪਹਿਲਾਂ ਮਕਤੂਲ ਕੋਲ ਜਾਂਦਾ ਰਿਹਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਹਨ ਕਿ ਉਹ ਜਾ ਕੇ ਔਰੰਗਜ਼ੇਬ ਤਕ ਇਹ ਗੱਲ ਪਹੁੰਚਾ ਦੇਣ ਕਿ ਜੇ ਗੁਰੂ ਤੇਗ ਬਹਾਦਰ ਇਸਲਾਮ ਧਰਮ ਧਾਰਨ ਕਰ ਲੈਣ ਤਾਂ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ।ਗੁਰੂ ਤੇਗ ਬਹਾਦਰ ਜੀ ਆਪ ਹੀ ਗ੍ਰਿਫ਼ਤਾਰੀ ਦਿੰਦੇ ਹਨ।ਜਦ ਦਿੱਲੀ ਦੇ ਸਿੱਖਾਂ ਨੇ ਰੁਪਈਏ ਤਾਰ ਕੇ ਛੁਡਾਉਣ ਦੀ ਗੱਲ ਕੀਤੀ ਤਾਂ ਆਪ ਨੇ ਫੁਰਮਾਇਆ ਕਿ ਇਹ ਗ੍ਰਿਫਤਾਰੀ ਮੈਂ ਆਪਣੇ ਆਪ ਦਿੱਤੀ ਹੈ।ਗੁਰੂ ਸਾਹਿਬ ਹੀ ਪਹਿਲੇ ਸ਼ਹੀਦ ਹਨ ਜਿਨ੍ਹਾਂ ਦੇ ਸੀਸ ਦਾ ਕਿਸੇ ਹੋਰ ਥਾਂ ਅਤੇ ਧੜ ਦਾ ਕਿਸੇ ਹੋਰ ਥਾਂ ਸਸਕਾਰ ਹੋਇਆ।
ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ 1621 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ।ਆਪ ਪੰਜ਼ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ।ਆਪ ਬਚਪਨ ਤੋਂ ਹੀ ਸੰਤ ਸੁਭਾਅ, ਗੰਭੀਰ ਵਿਚਾਰਵਾਨ ਤੇ ਦਲੇਰ ਸਨ।ਬਚਪਨ ਵਿੱਚ ਹੀ ਆਪ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਤੇ ਕਈ ਵਾਰ ਸਮਾਧੀ ਲਾ ਲੈਂਦੇ।ਆਪ ਜੀ ਦੀ ਪੜ੍ਹਾਈ ਤੇ ਸਿਖਲਾਈ ਗੁਰੂ ਪਿਤਾ ਜੀ ਦੀ ਦੇਖ-ਰੇਖ ਵਿੱਚ ਹੋਈ।ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਆਪ ਜੀ ਨੂੰ ਸ਼ਸਤਰ ਵਿੱਦਿਆ ਦਿੱਤੀ ਗਈ ਅਤੇ ਘੋੜਸਵਾਰੀ ਵੀ ਸਿਖਾਈ ਗਈ।ਆਪ ਜੀ ਨੇ ਤੇਰਾਂ ਚੌਦਾਂ ਸਾਲ ਦੀ ਉਮਰ ਵਿੱਚ ਹੀ ਕਰਤਾਰਪੁਰ ਦੀ ਲੜਾਈ ਵਿੱਚ ਚੰਗੇ ਜੌਹਰ ਵਿਖਾਏ ਅਤੇ ਸੂਰਬੀਰਾਂ ਵਾਂਗ ਤਲਵਾਰ ਚਲਾਈ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੇਂ ਹਿੰਦੋਸਤਾਨ ਵਿੱਚ ਔਰੰਗਜ਼ੇਬ ਦਾ ਰਾਜ ਸੀ।ਰਾਜ ਪ੍ਰਾਪਤ ਕਰਨ ਲਈ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਨ, ਤਿੰਨ ਭਰਾਵਾਂ (ਦਾਰਾ, ਮੁਰਾਦ ਅਤੇ ਸ਼ਾਹ ਸੁਜਾਹ) ਅਤੇ ਆਪਣੇ ਪੁੱਤਰ ਸੁਲਤਾਨ ਮੁਹੰਮਦ ਨੂੰ ਕਤਲ ਕਰਵਾਇਆ।ਤਖ਼ਤ ਪ੍ਰਾਪਤ ਕਰਨ ਉਪਰੰਤ ਇਸ ਨੇ ਹਿੰਦੂ ਮੰਦਰਾਂ ਅਤੇ ਪਾਠਸ਼ਾਲਾਵਾਂ ਦੀ ਉਸਾਰੀ ’ਤੇ ਰੋਕ ਲਾ ਦਿੱਤੀ। ਸੰਗੀਤ, ਰਾਗ, ਨਾਚ ‘ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਅਤੇ ਹਿੰਦੂਆਂ ‘ਤੇ ਟੈਕਸ ਦੀ ਰਾਸ਼ੀ ਦੁੱਗਣੀ ਕਰ ਦਿੱਤੀ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਇਕ ਤੋਂ ਜਿਆਦਾ ਕਾਰਨ ਹਨ।ਪਹਿਲਾ ਵੱਡਾ ਕਾਰਨ ਇਹ ਹੈ ਕਿ ਔਰੰਗਜ਼ੇਬ ਸਿੱਖ ਜਥੇਬੰਦੀ ਨੂੰ ਮੁਗਲ ਰਾਜ ਲਈ ਬਹੁਤ ਖ਼ਤਰਨਾਕ ਸਮਝਦਾ ਸੀ।ਦੂਸਰਾ ਕਾਰਨ ਗੁਰੂ ਜੀ ਦੇ ਦਲੇਰੀ ਭਰੇ ਪ੍ਰਚਾਰ ਤੋਂ ਇਹ ਹਕੂਮਤ ਭੈ ਭੀਤ ਤੇ ਨਾਰਾਜ਼ ਹੋ ਗਈ ਸੀ।ਤੀਸਰਾ ਕਾਰਨ ਨਜ਼ਦੀਕੀ ਰਿਸ਼ਤੇਦਾਰ ਪ੍ਰਿਥੀ ਚੰਦ, ਧੀਰ ਮੱਲ ਅਤੇ ਰਾਮ ਰਾਏ ਕਾਫੀ ਸਮੇਂ ਤੋਂ ਗੁਰੂ ਘਰ ਦੇ ਵਿਰੋਧੀ ਚਲੇ ਆ ਰਹੇ ਸਨ।ਧੀਰ ਮੱਲ ਅਤੇ ਰਾਮਰਾਏ ਕੱਟੜ ਵਿਰੋਧੀ ਸਨ।ਸਭ ਤੋਂ ਵੱਡਾ ਕਾਰਨ ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਸੀ ਜਿਸ ਤੋਂ ਤੰਗ ਆ ਕੇ ਲੋਕ ਕੁਰਲਾ ਰਹੇ ਸਨ।ਜਨਤਾ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਇੱਕੋ ਇੱਕ ਹੱਲ ਸੋਚਿਆ ਕਿ ਸ਼ਹਾਦਤ ਦੇਣੀ ਹੀ ਸਮੇਂ ਦੀ ਲੋੜ ਹੈ।ਕਸ਼ਮੀਰੀ ਪੰਡਿਤ ਵਿਦਵਾਨ ਅਤੇ ਪ੍ਰਸਿੱਧ ਸਨ।ਔਰੰਗਜ਼ੇਬ ਦੀ ਸੋਚ ਸੀ ਕਿ ਜੇਕਰ ਕਸ਼ਮੀਰੀ ਪੰਡਿਤ ਮੁਸਲਮਾਨ ਬਣ ਜਾਣ ਤਾਂ ਬਾਕੀ ਅਨਪੜ ਜੰਤਾ ਨੂੰ ਇਸਲਾਮ ਵਿੱਚ ਲਿਆਉਣਾ ਸੌਖਾ ਹੋ ਜਾਵੇਗਾ। ਇਸ ਮਕਸਦ ਨੂੰ ਪੂਰਾ ਕਰਨ ਲਈ ਔਰੰਗਜ਼ੇਬ ਨੇ ਇਫਤਾਰ ਖ਼ਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਸਤੰਬਰ 1671 ਵਿੱਚ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ ਅਤੇ ਖ਼ਾਸ ਹਦਾਇਤਾਂ ਦਿੱਤੀਆਂ ਕਿ ਕਸ਼ਮੀਰੀ ਪੰਡਿਤਾਂ ’ਤੇ ਜ਼ੁਲਮ ਢਾਹ ਕੇ, ਪ੍ਰੇਰ ਕੇ ਜਾਂ ਲਾਲਚ ਦੇ ਕੇ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ।
ਜਦ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਅੱਤਿਆਚਾਰਾਂ ਤੋਂ ਕਿਸੇ ਤਰ੍ਹਾਂ ਵੀ ਬਚਾਉ ਦੀ ਆਸ-ਉਮੀਦ ਨਾ ਰਹੀ ਤਾਂ ਉਹ ਕਿਰਪਾ ਰਾਮ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ’ਚ ਹਾਜ਼ਰ ਹੋਏ, ਆਪਣੇ ਦੁੱਖ-ਦਰਦ ਦੀ ਵਿਥਿਆ ਸੁਣਾਈ ਅਤੇ ਸੁਰੱਖਿਆ ਲਈ ਅਰਜ਼ੋਈ ਕੀਤੀ।ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਜੀ ਸੋਚਣ ਲੱਗੇ ਕਿ ਇਨ੍ਹਾਂ ਦੇ ਬਚਾਉ ਲਈ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ।ਜਦ ਇਸ ਗੱਲ ਦਾ ਪਤਾ 9 ਵਰ੍ਹਿਆਂ ਦੇ ਬਾਲ ਗੋਬਿੰਦ ਰਾਇ ਜੀ ਨੂੰ ਲੱਗਾ ਤਾਂ ਉਹ ਬੜੇ ਸਵੈ-ਵਿਸ਼ਵਾਸ ਤੇ ਨਿਡਰਤਾ ਨਾਲ ਕਹਿਣ ਲੱਗੇ, “ਆਪ ਜੀ ਨਾਲੋਂ ਵੱਡਾ ਪੁਰਸ਼ ਕੌਣ ਹੋ ਸਕਦਾ ਹੈ? ਇਹ ਸੁਣ ਕੇ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਗੋਬਿੰਦ ਰਾਏ ਨੂੰ ਸ਼ਾਬਾਸ਼ ਦਿੱਤੀ ਅਤੇ ਸੰਗਤਾਂ ਨੂੰ ਗੁਰਗੱਦੀ ਦੇ ਅਗਲੇ ਹੋਣ ਵਾਲੇ ਵਾਰਸ਼ ਦੇ ਧੀਰਜ ਅਤੇ ਕੁਰਬਾਨੀ ਦੇ ਜਜ਼ਬੇ ਦੇ ਵੀ ਦੀਦਾਰ ਕਰਵਾ ਦਿੱਤੇ।ਗੁਰੂ ਸਾਹਿਬ ਨੇ ਉਸੇ ਵੇਲੇ ਪੰਡਿਤਾਂ ਨੂੰ ਕਹਿ ਦਿੱਤਾ ਕਿ ਬਾਦਸ਼ਾਹ ਤੱਕ ਇਹ ਸੁਨੇਹਾ ਪਹੁੰਚਾ ਦਿਓ ਕਿ ਜੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੋ ਤਾਂ ਸਾਰਾ ਹਿੰਦੂ ਸਮਾਜ ਇਸਲਾਮ ਧਾਰਨ ਕਰ ਲਵੇਗਾ।ਇਹ ਉੱਤਰ ਸੁਣ ਕੇ ਪੰਡਿਤਾਂ ਨੇ ਸੁੱਖ ਦਾ ਸਾਹ ਲਿਆ ਅਤੇ ਧੰਨਵਾਦ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਲੱਗੇ।
ਪੰਡਿਤਾਂ ਦੇ ਵਫ਼ਦ ਨੂੰ ਦਿੱਲੀ ਤੋਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾਣ ਦੀ ਤਿਆਰੀ ਅਰੰਭ ਕਰ ਦਿੱਤੀ।ਸਾਹਿਬਜ਼ਾਦਾ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਦੀ ਜੁੰਮੇਵਾਰੀ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਸਰਗਰਮੀਆਂ ਦੀ ਰੂਪ ਰੇਖਾ ਵੀ ਸਮਝਾਈ।ਦੀਰਘ ਦਰਸ਼ੀ ਸਤਿਗੁਰੂ ਜੀ ਨੇ ਲੰਬੇ ਸਮੇਂ ਤੱਕ ਚੱਲਣ ਵਾਲੀ ਤੇ ਤਿੱਖੀ ਕਿਸਮ ਦੀ ਜੱਦੋਜਹਿਦ ਦੇ ਸਾਰੇ ਪੱਖਾਂ ਬਾਰੇ ਵਿਸਥਾਰ ਨਾਲ ਸਾਹਿਬਜ਼ਾਦੇ ਨੂੰ ਸਮਝਾਉਂਦੇ ਹੋਏ ਅਕਾਲ ਪੁਰਖ ਦੀ ਬੰਦਗੀ ਵਿੱਚ ਰਹਿਣ ਦੀ ਸਿੱਖਿਆ ਦ੍ਰਿੜ੍ਹ ਕਰਵਾਈ।
ਸੂਬੇਦਾਰ ਸਰਹੰਦ ਦਿਲਾਵਰ ਖਾਂ ਨੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਲਏ ਗਏ ਫ਼ੈਸਲੇ ਬਾਰੇ ਸੂਚਨਾ ਮਿਲਦੇ ਸਾਰ ਹੀ ਰੋਪੜ ਥਾਣੇ ਦੇ ਥਾਣੇਦਾਰ ਮਿਰਜਾ ਨੂੰਰ ਮੁਹੰਮਦ ਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫ਼ਤਾਰ ਕਰ ਕੇ ਸਰਹੰਦ ਲਿਆਉਣ ਦੇ ਹੁਕਮ ਜਾਰੀ ਕਰ ਦਿੱਤੇ।
8 ਜੁਲਾਈ 1675 ਨੂੰ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੀ ਗੁਰਗੱਦੀ ਨਸ਼ੀਨੀ ਦੀ ਰਸਮ ਪੂਰੀ ਕਰਨ ਉਪਰੰਤ ਗੁਰੂ ਸਾਹਿਬ 10 ਜੁਲਾਈ 1675 ਨੂੰ ਚੱਕ ਨਾਨਕੀ (ਅਨੰਦਪੁਰ ਸਾਹਿਬ) ਤੋਂ ਰਵਾਨਾ ਹੋ ਗਏ।ਆਪ ਦੇ ਨਾਲ ਤਿੰਨ ਸਿੱਖ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਸਨ।ਚੱਕ ਨਾਨਕੀ ਤੋਂ ਚੱਲ ਕੇ ਆਪ ਕੀਰਤਪੁਰ ਸਾਹਿਬ ਪੁੱਜੇ।ਸਿੱਖ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ।11 ਜੁਲਾਈ ਨੂੰ ਆਪ ਸਰਸਾ ਨਦੀ ਪਾਰ ਕਰ ਕੇ ਜਿਉਂ ਹੀ ਪਿੰਡ ਮਲਕਪੁਰ ਰੰਘੜਾਂ ਪਹੁੰਚੇ ਤਾਂ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਨ ਰੋਪੜ ਨੇ ਆਪਣੇ ਫੌਜੀ ਦਸਤੇ ਦੀ ਸਹਾਇਤਾ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਤਿੰਨਾਂ ਗੁਰਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਸਰਹੰਦ ਦੇ ਸੂਬੇਦਾਰ ਪਾਸ ਭੇਜ ਦਿੱਤਾ।ਇਹ ਗੁਰੂ ਸਾਹਿਬ ਦੀ ਤੀਜ਼ੀ ਗ੍ਰਿਫ਼ਤਾਰੀ ਸੀ।ਇਸ ਤੋਂ ਪਹਿਲਾਂ ਵੀ ਆਪ ਨੂੰ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ।
ਭੱਟ ਵਹੀਆਂ ਅਨੁਸਾਰ ਆਪ ਜੀ ਦੀ ਪਹਿਲੀ ਗ੍ਰਿਫ਼ਤਾਰੀ 8 ਨਵੰਬਰ 1665 ਨੂੰ ਮੁਖੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਗਵਾਲ ਦਾਸ, ਗੁਰਦਾਸ, ਸੰਗਤ ਅਤੇ ਦਿਆਲਾ ਦਾਸ ਸਮੇਤ ਉਸ ਵਕਤ ਹੋਈ ਜਦੋਂ ਗੁਰੂ ਸਾਹਿਬ ਸਿੱਖਾਂ ਨੂੰ ਧਮਧਾਣ ਵਿਖੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਵਾ ਰਹੇ ਸਨ।ਭੱਟ ਵਹੀਆਂ ਮੁਤਾਬਿਕ ਔਰੰਗਜ਼ੇਬ ਦੇ ਹੁਕਮ ’ਤੇ ਆਲਮ ਖਾਂ ਫੌਜ ਸਮੇਤ ਧਮਧਾਣ ਆ ਚੜਿਆ ਤੇ ਗੁਰੂ ਸਾਹਿਬ ਅਤੇ ਇਹਨਾਂ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਿਆ।ਉਸ ਸਮੇਂ ਗੁਰੂ ਸਾਹਿਬ ਦੇ ਸਿੱਖ ਚਉਪਤ ਰਾਏ ਤੇ ਦੀਵਾਨ ਦਰਘਾ ਮਲ, ਰਾਜਾ ਮਿਰਜਾ ਜੈ ਸਿੰਘ ਦੀ ਪਤਨੀ ਰਾਣੀ ਪੁਸ਼ਪਾ, ਜੋ ਗੁਰੂ ਜੀ ਦੀ ਅੱਤ ਦੀ ਸ਼ਰਧਾਲੂ ਸੀ, ਨੂੰ ਮਿਲੇ।ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਦੇ ਯਤਨਾਂ ਦਾ ਸਦਕਾ ਇੱਕ ਮਹੀਨੇ ਬਾਅਦ ਗੁਰੂ ਸਾਹਿਬ ਅਤੇ ਸਿੱਖਾਂ ਦੀ ਰਿਹਾਈ ਹੋਈ।
ਦੂਜੀ ਗ੍ਰਿਫ਼ਤਾਰੀ ਆਪ ਜੀ ਦੀ ਅਪਰੈਲ 1670 ਨੂੰ ਆਗਰੇ ਵਿਖੇ ਹੋਈ।ਜਦੋਂ ਗੁਰੂ ਜੀ ਦੇ ਪੂਰਬ ਦੇਸ਼ ਵਿੱਚ ਪ੍ਰਚਾਰ ਦੀਆਂ ਖਬਰਾਂ ਦਿੱਲੀ ਦਰਬਾਰ ਵਿੱਚ ਪਹੁੰਚੀਆਂ ਤਾਂ ਔਰੰਗਜ਼ੇਬ ਨੇ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ।ਆਪ ਦੇ ਨਾਲ ਭਾਈ ਸਤੀ ਦਾਸ ਜੀ, ਭਾਈ ਜੇਠਾ ਜੀ ਤੇ ਭਾਈ ਦੁਰਗਾ ਜੀ ਆਦਿ ਸਿੱਖਾਂ ਨੂੰ ਸਖ਼ਤ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ।ਸੈਫ ਖਾਨ, ਜੋ ਗੁਰੂ ਜੀ ਦਾ ਅੱਤ ਦਾ ਸ਼ਰਧਾਲੂ ਸੀ, ਨੇ ਆਪਣਾ ਅਸਰ ਰਸੂਖ ਵਰਤ ਕੇ ਦੋ ਮਹੀਨੇ 12 ਦਿਨਾਂ ਬਾਅਦ ਰਿਹਾਈ ਕਰਵਾ ਦਿੱਤੀ।ਰਿਹਾਈ ਤੋਂ ਬਾਅਦ ਆਪ, ਆਪਣੇ ਸਿੱਖਾਂ ਸਮੇਤ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਪਹੁੰਚੇ।ਇਥੇ ਹੀ ਰਾਜਾ ਰਾਮ ਸਿੰਘ ਦੀ ਮਾਤਾ ਪੁਸ਼ਪਾ ਰਾਣੀ ਤੇ ਉਸ ਦੀ ਨੂੰਹ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ।ਇਸ ਤੋਂ ਬਾਅਦ ਗੁਰੂ ਸਾਹਿਬ ਬਕਾਲੇ ਲਈ ਵਾਪਸ ਚੱਲ ਪਏ।
ਤੀਜੀ ਗ੍ਰਿਫ਼ਤਾਰੀ ਵਿੱਚ ਕੁੱਝ ਦਿਨ ਸਰਹੰਦ ਰੱਖਣ ਤੋਂ ਬਾਅਦ ਸਤਿਗੁਰੂ ਜੀ ਨੂੰ ਤਿੰਨਾਂ ਸਿੱਖਾਂ ਸਮੇਤ ਬੱਸੀ ਪਠਾਣਾ ਦੇ ਮੁੱਖ ਕੈਦ ਖਾਨੇ ਵਿੱਚ ਪੌਣੇ ਚਾਰ ਮਹੀਨੇ ਰੱਖ ਕੇ ਖ਼ੌਫ਼ਨਾਕ ਤੇ ਦਿਲ ਕੰਬਾਊ ਤਸੀਹੇ ਦਿੱਤੇ ਗਏ।ਸਰਹੰਦ ਦੇ ਸੂਬੇਦਾਰ ਨੇ ਗ੍ਰਿਫ਼ਤਾਰੀ ਦੀ ਰੀਪੋਰਟ ਔਰੰਗਜ਼ੇਬ ਨੂੰ ਹਸਨ ਅਬਦਾਲ ਵਿਖੇ ਭੇਜੀ।ਔਰੰਗਜ਼ੇਬ ਵਲੋਂ ਹੁਕਮ ਮਿਲਣ ’ਤੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੂੰ ਲੋਹੇ ਦੇ ਪਿੰਜ਼ਰੇ ਵਿੱਚ ਬੰਦ ਕਰ ਕੇ 3 ਨਵੰਬਰ 1675 ਨੂੰ ਦਿੱਲੀ ਦੀ ਚਾਂਦਨੀ ਚੌਂਕ ਵਾਲੀ ਕੋਤਵਾਲੀ ਵਿੱਚ ਪਹੁੰਚਾਇਆ ਗਿਆ। ਇਸ ਸਮੇਂ ਦਿੱਲੀ ਦਾ ਸੂਬੇਦਾਰ ਸਾਫੀਖਾਨ ਸੀ, ਜੋ ਔਰੰਗਜ਼ੇਬ ਦਾ ਬਹੁਤ ਭਰੋਸੇਯੋਗ ਸੀ ਅਤੇ ਦਿੱਲੀ ਕਿਲ੍ਹੇ ਦਾ ਕਿਲ੍ਹੇਦਾਰ ਮੁਤਲਾਫ਼ਤ ਖਾਂ ਸੀ, ਜੋ 1671 ਤੋਂ ਇਸ ਪਦਵੀ ’ਤੇ ਸੀ।ਜਾਦੂ ਨਾਥ ਸਰਕਾਰ ਅਨੁਸਾਰ ਇਸ ਸਮੇਂ ਦਿੱਲੀ ਦਾ ਸ਼ਾਹੀ ਕਾਜ਼ੀ ਅਬਦੁਲ ਵਹਾਬ ਵੋਹਰਾ ਸੀ।ਹਕੂਮਤ ਦੀ ਸਾਰੀ ਨਿਆਂ ਪ੍ਰਣਾਲੀ ਇਸ ਦੇ ਅਧੀਨ ਸੀ।ਇਹ ਅੱਤ ਦਾ ਜ਼ਾਲਮ ਤੇ ਰਿਸ਼ਵਤਖ਼ੋਰ ਸੀ।
ਸੂਬੇਦਾਰ ਸਾਫੀ ਖਾਂ ਅਤੇ ਕਾਜ਼ੀ ਨੇ ਪਹਿਲਾਂ ਗੁਰੂ ਸਾਹਿਬ ਨੂੰ ਧਰਮ ਪਰਿਵਰਤਨ ਕਰਨ ਲਈ ਪ੍ਰੇਰਿਆ, ਲਾਲਚ ਵੀ ਦਿੱਤੇ।ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ।ਕਾਜ਼ੀ ਦੇ ਹੁਕਮ ਨਾਲ ਦਰੋਗੇ ਨੇ ਗੁਰੂ ਜੀ ਨੂੰ ਕਸ਼ਟ ਦੇਣ ਲਈ, (ਗੁਰੂ ਕੀਆਂ ਸਾਖੀਆਂ ਮੁਤਾਬਿਕ) ਉਹਨਾਂ ਦੇ ਸਰੀਰ ’ਤੇ ਗਰਮ-ਗਰਮ ਰੇਤ ਪਾਈ ਗਈ।ਸਰੀਰ ਛਾਲੇ ਛਾਲੇ ਹੋ ਗਿਆ।ਕਾਜ਼ੀ ਐਸਾ ਦੁਸ਼ਟ ਸੀ, ਕਿ ਤਸੀਹਿਆਂ ਬਾਰੇ ਤਸੱਲੀ ਕਰਨ ਲਈ ਲਗਾਤਾਰ 7, 8, 9 ਨਵੰਬਰ ਨੂੰ ਰੋਜ਼ ਕੋਤਵਾਲੀ ਆਉਂਦਾ ਰਿਹਾ।ਜਦੋਂ ਗੁਰੂ ਸਾਹਿਬ ਆਪਣੇ ਇਰਾਦੇ ਵਿੱਚ ਦ੍ਰਿੜ੍ਹ ਰਹੇ ਤਾਂ ਅਗਲੇ ਦਿਨ 10 ਨਵੰਬਰ ਨੂੰ ਬਲਦੇ ਥੰਮ ਨਾਲ ਆਪ ਦੇ ਸਰੀਰ ਨੂੰ ਲਗਾ ਕੇ ਤਸੀਹੇ ਦਿੱਤੇ।
ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲ ਕਰਨ ਲਈ ਬਹੁਤ ਪ੍ਰੇਰਿਆ, ਦਲੀਲਬਾਜ਼ੀ ਕੀਤੀ ਪਰ ਨਾਕਾਮ ਰਿਹਾ। ਫਿਰ ਕੋਈ ਕਰਾਮਾਤ ਵਿਖਾਉਣ ਲਈ ਆਖਿਆ, ਪਰ ਗੁਰੂ ਜੀ ਨੇ ਅਜਿਹਾ ਨਾ ਕੀਤਾ।ਆਪਣੀ ਇਸ ਅਸਫਲਤਾ ਤੋਂ ਬਾਅਦ ਉਸ ਨੇ ਗੁਰੂ ਜੀ ਤੇ ਸਾਥੀ ਸਿੰਘਾਂ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ।ਗੁਰੂ ਜੀ ਨੂੰ ਤੰਗ ਪਿੰਜਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ।ਉਨ੍ਹਾਂ ਦੇ ਨਾਲ ਆਏ ਸਿੱਖਾਂ ਵਿੱਚੋਂ ਭਾਈ ਦਿਆਲਾ ਜੀ ਨੂੰ ਜਿਊਂਦਿਆਂ ਦੇਗ਼ ਵਿਚ ਉਬਾਲਿਆ ਗਿਆ; ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾਈ ਗਈ।
ਅੰਤ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਸ਼ਾਹੀ ਹੁਕਮ ਨਾਲ ਜਲਾਲ ਦੀਨ ਨਾਂ ਦੇ ਜਲਾਦ ਨੇ ਧੜ ਨਾਲੋਂ ਵੱਖ ਕਰ ਦਿੱਤਾ।ਧਰਮ ਹੇਤ ਸੀਸ ਦੇਣ ਦਾ ਇਹ ਸਾਕਾ 11 ਨਵੰਬਰ 1675 ਈਸਵੀ ਨੂੰ ਹੋਇਆ।ਇਸ ਨਾਲ ਸਾਰੇ ਪਾਸੇ ਹਾਹਾਕਾਰ ਮੱਚ ਗਈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਬਚਿਤ੍ਰ ਨਾਟਕ’ ਵਿਚ ਇਸ ਤਰ੍ਹਾਂ ਅੰਕਿਤ ਹੈ:
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ॥
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥੧੫॥
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥੧੬॥
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ।ਇਹ ਸ਼ਹਾਦਤ ਆਪਣੇ ਧਰਮ ਦੀ ਰੱਖਿਆ ਲਈ ਨਹੀਂ ਸੀ, ਸਗੋਂ ਹਿੰਦੂ ਧਰਮ ਦੇ ਜਨੇਊ ਦੀ ਰੱਖਿਆ ਲਈ ਸੀ।ਧਾਰਮਿਕ ਅਜ਼ਾਦੀ ਲਈ ਗੁਰੂ ਸਾਹਿਬ ਦੀ ਇਹ ਲਾਸਾਨੀ ਸ਼ਹਾਦਤ ਮਹਾਨ ਕੁਰਬਾਨੀ ਸੁਨਹਿਰੀ ਇਤਿਹਾਸ ਦਾ ਪੰਨਾ ਬਣ ਗਈ, ਜਿਸ ਅੱਗੇ ਸਦਾ ਸਿਰ ਝੁਕਦਾ ਹੈ।
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ॥੧੩॥
(ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਵਿਸ਼ੇਸ਼) 2811202201
-ਡਾ. ਆਤਮਾ ਸਿੰਘ (ਸਹਾਇਕ ਪ੍ਰੋਫੈਸਰ ਪੰਜਾਬੀ),
ਬਾਬਾ ਅਜੈ ਸਿੰਘ ਖਾਲਸਾ ਕਾਲਜ,
ਗੁਰਦਾਸ ਨੰਗਲ, ਗੁਰਦਾਸਪੁਰ-143520
ਮੋ- 9878883680