ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਤ ਸਕੱਤਰ ਗੁਰਬਚਨ ਸਿੰਘ ਚਾਂਦ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਇੱਕ ਸਾਂਝੇ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਣ ਸਿੰਘ, ਇੰਜ. ਹਰਜਾਪ ਸਿੰਘ ਔਜਲਾ, ਮਨਮੋਹਨ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਕੁਲਵੰਤ ਸਿੰਘ ਅਣਖੀ, ਇੰਜ. ਦਲਜੀਤ ਸਿੰਘ ਕੋਹਲੀ, ਪ੍ਰਧਾਨ ਹਰਦੀਪ ਸਿੰਘ ਚਾਹਲ, ਜਨਰਲ ਸਕੱਤਰ ਰਾਜਵਿੰਦਰ ਸਿੰਘ ਤੇ ਸਮੂਹ ਕਾਰਜਕਾਰਣੀ ਮੈਂਬਰਾਨ ਨੇ ਕਿਹਾ ਕਿ ਉਨ੍ਹਾਂ ਦਾ ਜਨਮ 31 ਅਗਸਤ 1933 ਨੂੰ ਮੰਡੀ ਬਾਹਾਵਲਦੀਨ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿੱਚ ਜੀਵਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਦੇਈ ਕੌਰ ਦੀ ਕੁਖੋਂ ਹੋਇਆ।ਦੇਸ਼ ਦੀ ਵੰਡ ਸਮੇਂ 1947 ਵਿੱਚ ਇਹ ਪਰਿਵਾਰ ਅੰਮ੍ਰਿਤਸਰ ਸਰਕਾਰੀ ਕੈਂਪ ਵਿੱਚ ਆ ਗਿਆ ਜਿੱਥੇ ਬੀਮਾਰੀ ਫੈਲਣ ਨਾਲ ਮਾਤਾ ਜੀ ਸਵਰਗਵਾਸ ਹੋ ਗਏ।ਪਿਤਾ ਆਪ ਜੀ ਦੇ ਜਨਮ ਤੋਂ ਕੁੱਝ ਮਹੀਨੇ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਸਨ।ਇਸ ਲਈ ਇਨ੍ਹਾਂ ਦੀ ਪ੍ਰਵਰਿਸ਼ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਹੋਈ।ਉਨਾਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਟ੍ਰਿਕ ਕੀਤੀ।ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਸਿੱਧ ਸਿੱਖ ਵਿਦਵਾਨ ਪ੍ਰਿੰਸੀਪਲ ਪ੍ਰੋ. ਸਾਹਿਬ ਸਿੰਘ ਤੋਂ ਅਗਲੇਰੀ ਪੜ੍ਹਾਈ ਕੀਤੀ।ਕੁੱਝ ਸਮਾਂ ਪਠਾਨਕੋਟ ਖਾਲਸਾ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਨੌਕਰੀ ਕੀਤੀ।1959 ਵਿੱਚ ਧਾਰਮਿਕ ਬਿਰਤੀ ਦੇ ਮਾਲਿਕ ਤੇ ਦਰਵੇਸ਼ ਸਿਆਸਤਦਾਨ ਬਾਪੂ ਕੇਸਰ ਸਿੰਘ ਪਠਾਨਕੋਟ ਨਾਲ ਮੇਲ ਹੋਇਆ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਟੈਸਟ ਦਿਵਾ ਕੇ 22 ਸਤੰਬਰ 1959 ਨੂੰ ਕਲਰਕ ਭਰਤੀ ਕਰਵਾ ਦਿੱਤਾ।4 ਅਕਤੂਬਰ 1960 ਨੂੰ ਆਪ ਦੀ ਸ਼ਾਦੀ ਬੀਬੀ ਬਲਵੰਤ ਕੌਰ ਨਾਲ ਹੋਈ।ਸ਼੍ਰੋਮਣੀ ਕਮੇਟੀ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਕੇ 26 ਮਾਰਚ 1993 ਨੂੰ ਬਤੌਰ ਮੀਤ ਸਕੱਤਰ ਸੇਵਾ ਮੁਕਤ ਹੋਏ।ਸੇਵਾ ਮੁਕਤੀ ਤੋਂ ਬਾਅਦ ਆਪ ਨੇ ਗੁਰੂ ਰਾਮਦਾਸ ਹਸਪਤਾਲ ਤੇ ਬਾਅਦ ਬਤੌਰ ਸੁਪਰਡੈਂਟ ਤਖ਼ਤ ਹਜ਼ੂਰ ਸਾਹਿਬ ਨਿਸ਼ਕਾਮ ਸੇਵਾਵਾਂ ਨਿਭਾਈਆਂ।
27 ਨਵੰਬਰ 2022 ਦੀ ਰਾਤ ਨੂੰ ਸਾਢੇ ਗਿਆਰਾਂ ਵਜ੍ਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਉਨ੍ਹਾਂ ਦੀ ਮਿੱਠੀ ਯਾਦ ਵਿੱਚ 5 ਦਸੰਬਰ 2022 ਦਿਨ ਸੋਮਵਾਰ ਬਾਬਾ ਸੇਵਾ ਸਿੰਘ ਹਾਲ ਅਜੀਤ ਨਗਰ ਵਿਖੇ 11.00 ਵਜ੍ਹੇ ਤੋਂ ਦੁਪਹਿਰ ਬਾਅਦ 1.00 ਵਜ੍ਹੇ ਤੀਕ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ।
ਦੱਸਣਯੋਗ ਹੈ ਕਿ ੳਨ੍ਹਾਂ ਦੇ ਛੋਟੇ ਬੇਟੇ ਭਪਿੰਦਰ ਸਿੰਘ ਚਾਂਦ ਮੰਚ ਦੇ ਸਰਗਰਮ ਮੈਂਬਰ ਤੇ ਸਕੱਤਰ ਦੀ ਜ਼ੁੰਮੇਵਾਰੀ ਨਿਭਾਅ ਚੁੱਕੇ ਹਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …