ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਤੇ ਟ੍ਰੈਫਿਕ ਵਿਵਸਥਾ ਦਾ ਮਾਮਲਾ ਉਠਾਇਆ
ਅੰਮ੍ਰਿਤਸਰ, 24 ਦਸੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਇੱਥੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨਾਲ ਮੁਲਾਕਾਤ ਕਰਕੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਟ੍ਰੈਫਿਕ ਵਿਵਸਥਾ ਠੀਕ ਕਰਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜੇ ਹਟਾਉਣ ਅਤੇ ਆਟੋ/ ਈ-ਰਿਕਸ਼ਿਆਂ ਨੂੰ ਨਿਯਮਤ ਕਰਨ ਦੀ ਅਪੀਲ ਕੀਤੀ।
ਭਾਈ ਗਰੇਵਾਲ ਨੇ ਕਮਿਸ਼ਨਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਆਉਣ ਵਾਲੀ ਸੰਗਤ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੁੱਝ ਲੋੜੀਂਦੇ ਕਦਮ ਚੁੱਕਣੇ ਬੇਹੱਦ ਜਰੂਰੀ ਹਨ ਤਾਂ ਕਿ ਸੰਗਤ ਇਥੋਂ ਚੰਗਾ ਪ੍ਰਭਾਵ ਲੈ ਕੇ ਜਾਵੇ।ਉਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਕੇ ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ, ਜਿਸ ਕਰਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਥੇ ਸ਼ਰਧਾ ਸਹਿਤ ਨਤਮਸਤਕ ਹੋਣ ਦੇ ਨਾਲ-ਨਾਲ ਇਥੇ ਸਥਿਤ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਦੀਆਂ ਹਨ।ਸ਼ਹਿਰ ਦੀ ਲੜਖੜਕਾਉਂਦੀ ਟ੍ਰੈਫਿਕ ਅਤੇ ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਬਾਹਰੋਂ ਆਉਣ ਵਾਲੇ ਸ਼ਰਧਾਲੂਆ ਦੇ ਮਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਹੋਈ ਮੀਟਿੰਗ ਬਾਰੇ ਦੱਸਿਆ ਕਿ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਉਨ੍ਹਾਂ ਦੀ ਗੱਲ ਚੰਗੀ ਤਰ੍ਹਾਂ ਸੁਣੀ ਹੈ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਵੀ ਇਸ ਲਈ ਯਤਨਸ਼ੀਲ ਹਨ ਅਤੇ ਜਲਦ ਹੀ ਗੁਰੂ ਨਗਰੀ ਦੇ ਮਾਮਲਿਆਂ ਬਾਰੇ ਲੋੜ ਅਨੁਸਾਰ ਠੋਸ ਕਦਮ ਚੁੱਕੇ ਜਾਣਗੇ।ਜਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਨੇ ਬੀਤੇ ਸਮੇਂ ਆਪਣੇ ਜਨਰਲ ਇਜਲਾਸ ਅਤੇ ਅੰਤ੍ਰਿੰਗ ਕਮੇਟੀ ਰਾਹੀਂ ਮਤੇ ਪਾਸ ਕਰਕੇ ਵੀ ਪੰਜਾਬ ਸਰਕਾਰ, ਅੰਮ੍ਰਿਤਸਰ ਪ੍ਰਸਾਸ਼ਨ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਲੋੜੀਂਦੇ ਕਰਨ ਲਈ ਭੇਜੇ ਹਨ।