ਅੱਜ ਦੇ ਸਮੇ ਵਿੱਚ ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ।ਬਹੁਤਿਆਂ ਲੋਕਾਂ ਨੂੰ ਆਪਣੇ ਖਾਣ ਦੇ ਲਾਲੇ ਪਏ ਹੋਏ ਨੇ।ਗਰੀਬ ਲੋਕ ਅੱਜ ਵੀ ਖੁੱਲੇ ਅਸਮਾਨ ਥੱਲੇ ਸੌਣ ਲਈ ਮਜ਼ਬੂਰ ਹਨ।ਲੋੜ ਅਨੁਸਾਰ ਦਿਹਾੜੀ ਵੀ ਨਹੀਂ ਮਿਲਦੀ।ਅੱਜਕਲ ਤਕਰੀਬਨ ਹਰ ਇੱਕ ਆਦਮੀ ਰੋਗੀ ਹੋ ਚੁੱਕਾ ਹੈ।ਭਾਵੇਂ ਉਹ ਖਰਾਬ ਵਾਤਾਵਰਨ ਦੀ ਵਜ਼ਾ ਕਰਕੇ ਬਿਮਾਰ ਹੋਇਆ ਹੋਵੇ ਤੇ ਭਾਵੇਂ ਖਰਾਬ ਪਾਣੀ ਪੀਣ ਕਰਕੇ।ਇਸ ਗੱਲ ਦਾ ਸਾਨੂੰ ਭਲੀ ਭਾਂਤ ਪਤਾ ਹੈ ਕਿ ਜਿਹੜਾ ਆਦਮੀ ਇੱਕ ਵਾਰ ਬਿਮਾਰ ਹੋ ਕੇ ਹਸਪਤਾਲ ਵਿੱਚ ਪਹੁੰਚ ਗਿਆ।ਉਹ ਸਰੀਰਕ ਤੌਰ ‘ਤੇ ਬੇਸ਼ਕ ਤੰਦਰੁਸਤ ਹੋ ਜਾਵੇ।ਪਰ ਆਰਥਿਕ ਤੌਰ ‘ਤੇ ਉਹ ਜ਼ਰੂਰ ਕਮਜ਼ੋਰ ਹੋ ਜਾਂਦਾ ਹੈ।ਹਸਪਤਾਲਾਂ ਦੇ ਖਰਚੇ ਇੰਨੇ ਕੁ ਵਧ ਚੁੱਕੇ ਹਨ ਕਿ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।ਇਹ ਸਾਰਾ ਕੁੱਝ ਪਤਾ ਹੁੰਦਿਆਂ ਹੋਇਆ ਵੀ ਲੋਕ ਅੱਜਕਲ ਪਤਾ ਨਹੀਂ ਕਿਹੜੇ ਨੱਕ ਲਾਉਣ ਦੀ ਗੱਲ ਕਰ ਰਹੇ ਹਨ।ਇਸ ਗੱਲ ਦੀ ਸਮਝ ਨਹੀਂ ਆ ਰਹੀ।
ਪਹਿਲਾਂ ਗੱਲ ਕਰੀਏ ਕਿ ਵਿਆਹ ਪਹਿਲਾਂ ਵੀ ਹੁੰਦੇ ਸਨ।ਬਰਾਤਾਂ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕਈ ਕਈ ਰਾਤਾਂ ਠਹਿਰਦੀਆਂ ਹੁੰਦੀਆਂ ਸਨ।ਪਿੰਡ ਵਾਲੇ ਇਕੱਠੇ ਹੋ ਕੇ ਬਰਾਤਾਂ ਨੂੰ ਧਰਮਸ਼ਾਲਾ ਜਾਂ ਜੰਝ ਘਰਾਂ ਵਿੱਚ ਰੁਕਵਾਉਂਦੇ ਹੁੰਦੇ ਸਨ।ਪਿੰਡ ਦਿਆਂ ਮੁੰਡਿਆਂ ਨੇ ਰਲ ਕਿ ਬਰਾਤ ਦੀ ਖੂਬ ਸੇਵਾ ਕਰਨੀ।ਸਾਦੇ ਖਾਣੇ ਖੁਆ ਕੇ ਵੀ ਬਰਾਤੀਆਂ ਨੂੰ ਖ਼ੁਸ਼ ਕਰਕੇ ਭੇਜਣਾ।ਬਰਾਤ ਦੀ ਸੇਵਾ ਕਰਨੀ ਲੋਕ ਆਪਣੇ ਪਿੰਡ ਦੀ ਇੱਜ਼ਤ ਸਮਝਦੇ ਸਨ।ਹੁੰਦੇ ਉਹ ਵੀ ਵਿਆਹ ਸੀ ਤੇ ਹੁੰਦੇ ਅੱਜਕਲ ਵੀ ਵਿਆਹ ਨੇ।ਪਰ ਉਹਨਾਂ ਵਿਆਹਾਂ ਤੇ ਅੱਜਕਲ ਦੇ ਵਿਆਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਚੁੱਕਾ ਹੈ।ਇਸ ਗੱਲ ਦਾ ਆਪਾਂ ਸਾਰਿਆਂ ਨੂੰ ਭਲੀ ਭਾਂਤ ਪਤਾ ਲੱਗ ਚੁੱਕਾ ਹੈ ਕਿ ਅਸੀਂ ਸਾਰੇ ਅੱਡੀਆਂ ਚੁੱਕ ਕੇ ਫਾਹ ਲੈਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ।ਕਰਜ਼ਾ ਚੁੱਕ ਕੇ ਮੈਰਿਜ਼ ਪੈਲਿਸਾਂ ਵਿੱਚ ਵਿਆਹ ਕਰਨਾ ਆਪਣਾ ਇੱਕ ਟੌਹਰ ਸਮਝਣ ਲਗ ਪਏ ਹਾਂ।ਦੋ ਚਾਰ ਘੰਟਿਆਂ ਵਿੱਚ ਹੀ ਜਿਹੜਾ ਸਵੇਰੇ ਫੁੱਲਾਂ ਨਾਲ ਸਜਾਇਆ ਹੋਇਆ ਪੈਲੇਸ ਸ਼ਾਮ ਨੂੰ ਹੱਡਾਂ ਰੋੜੀ ਬਣ ਜਾਂਦਾ ਹੈ।ਉਥੇ ਖਰਚੇ ਦੀ ਇੰਨੀ ਕੁ ਪੰਡ ਭਾਰੀ ਹੋ ਜਾਂਦੀ ਹੈ।ਜਿਹੜੀ ਇਨਸਾਨ ਦੇ ਜਿਉਂਦਿਆਂ ਜੀਅ ਸਿਰ ਤੋਂ ਉਤਰਦੀ ਨਹੀਂ।ਜਿਥੇ ਮਾਂ ਪਿਉ ਨੇ ਕੁੱਝ ਬਚਾ ਕੇ ਅਪਣੇ ਬੱਚਿਆਂ ਨੂੰ ਦੇਣਾ ਹੁੰਦਾ ਸੀ, ਉਥੇ ਹੁਣ ਕਰਜ਼ਾ ਦਿੱਤਾ ਜਾਂਦਾ ਹੈ।ਬਹੁਤੇ ਘਰਾਂ ਵਿੱਚ ਇਸ ਗੱਲ ਦਾ ਹੀ ਕਲੇਸ਼ ਮੌਤ ਦੇ ਦਰਵਾਜ਼ੇ ਤੱਕ ਪੁਚਾ ਰਿਹਾ ਹੈ, ਆਮ ਲੋਕਾਂ ਨੂੰ।ਚਲੋ ਮੰਨ ਵੀ ਲਈਏ ਕਿ ਖੁਸ਼ੀ ਹੁੰਦੀ ਹੈ।ਖੁਸ਼ੀ ਕਰਨੀ ਵੀ ਚਾਹੀਦੀ ਹੈ, ਪਰ ਆਪਣੇ ਦਾਇਰੇ ਵਿੱਚ ਰਹਿ ਕੇ।ਕਈਆਂ ਲੋਕਾਂ ਦੇ ਮੂੰਹ ਵਿਚੋਂ ਇਹ ਸੁਣਨ ਨੂੰ ਮਿਲ ਜਾਂਦਾ ਹੈ।ਵਿਆਹ ਕਿਹੜੇ ਰੋਜ਼ ਰੋਜ਼ ਕਰਨੇ ਹੁੰਦੇ ਨੇ।ਹੁਣ ਤਾਂ ਉਹ ਵੀ ਗੱਲ ਨਹੀਂ ਰਹੀ।ਕਈ ਤਾਂ ਜਲਦ ਹੀ ਤਲਾਕਾਂ ਤੱਕ ਪਹੁੰਚ ਜਾਂਦੇ ਹਨ।ਖੈਰ ਮੇਰਾ ਵਿਸ਼ਾ ਇਹ ਨਹੀਂ।ਇਸ ਕਰਕੇ ਮੈ ਆਪਣੇ ਵਿਸ਼ੇ ‘ਤੇ ਫਿਰ ਆਵਾਂ।
ਚਲੋ ਵਿਆਹ ਤਾਂ ਖੁਸ਼ੀ ਦਾ ਪ੍ਰਤੀਕ ਹੈ, ਫਿਰ ਮਰਨਾ ਕਿਹੜੀ ਖੁਸ਼ੀ ਹੋਈ।ਹੁਣ ਲੋਕ ਭਾਵੇਂ ਬਜ਼ੁਰਗ ਮਰੇ ਤੇ ਭਾਵੇ ਕੋਈ ਵੀ ਉਮਰ ਹੋਵੇ।ਸਮਾਗਮ ਕਰਨਾ ਨਹੀਂ ਭੁੱਲਦੇ ਵੱਡੇ ਵੱਡੇ ਟੈਂਟ ਤੇ ਛੱਤੀ ਪ੍ਰਕਾਰ ਦੇ ਭੋਜਨ ਪਰੋਸਣ ਲੱਗ ਪਏ ਹਨ।ਫਿਰ ਸ਼ਰਧਾਂਜਲੀਆਂ ਦੀ ਵਰਖਾ ਹਰ ਇਕ ਮਰਨ ਵਾਲੇ ਪ੍ਰਾਣੀ ਦੇ ਸਿਫਤਾਂ ਦੇ ਪੁੱਲ ਬੰਨੀ ਜਾਂਦੇ ਹਨ।ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮਰਨ ਵਾਲੇ ਪ੍ਰਾਣੀ ਨੂੰ ਖੁਸ਼ ਕੀਤਾ ਜਾਂਦਾ ਹੈ, ਜਾਂ ਫਿਰ ਲੋਕਾਂ ਵਿੱਚ ਆਪਣਾ ਵਡੱਪਣ ਵਿਖਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ।ਅਮੀਰ ਲੋਕਾਂ ਦੀ ਰੀਸ ਕਰਦੇ ਗਰੀਬ ਵੀ ਰਗੜੇ ਜਾ ਰਹੇ ਨੇ।ਰਿਵਾਜ਼ਾਂ ਦੇ ਨਾਂਅ ‘ਤੇ ਰਚੇ ਜਾ ਰਹੇ ਅਡੰਬਰਾਂ ‘ਤੇ ਰੋਕ ਲੱਗਣੀ ਚਾਹੀਦੀ ਹੈ।ਇਹ ਅਡੰਬਰ ਕਿਸੇ ਇੱਕ ਧਰਮ ਜਾਂ ਕਿਸੇ ਇੱਕ ਜਾਤੀ ਦੇ ਲੋਕਾਂ ਵਲੋਂ ਨਹੀਂ ਕੀਤਾ ਜਾ ਰਿਹਾ, ਸਗੋਂ ਹਰੇਕ ਵਰਗ ਦੇ ਲੋਕ ਇਸ ਵਿੱਚ ਫਸਦੇ ਜਾ ਰਹੇ ਹਨ।ਸਮਾਜ ਸੇਵੀ ਸੰਸਥਾਵਾਂ ਨੂੰ ਫਜ਼ੂਲ ਖਰਚੀ ਰੋਕਣ ਵਾਸਤੇ ਅੱਗੇ ਆਉਣ ਦੀ ਜ਼ਰੂਰਤ ਹੈ।ਅਤਿ ਦੀ ਮਹਿੰਗਾਈ ਵਿੱਚ ਫੈਸ਼ਨ ਤੇ ਫ਼ੋਕੀ ਟੌਹਰ ਸਮਾਜ਼ ਨੂੰ ਕਲੰਕ ਬਣ ਕੇ ਚਿੰਬੜ ਚੁੱਕੀ ਹੈ।
ਸਿਲਸਿਲਾ ਇਸੇ ਤਰਾਂ ਚੱਲਦਾ ਰਿਹਾ ਤਾਂ ਇਸ ਦੇ ਸਿੱਟੇ ਬਹੁਤ ਭਿਆਨਕ ਨਿਕਲਣਗੇ, ਕਿਉਂਕਿ ਦਾਜ਼ ਵਾਂਗ ਇਹ ਵੀ ਸਮੁੱਚੇ ਸਮਾਜ ਲਈ ਇੱਕ ਲਾਹਨਤ ਹੈ।0502202305
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।
ਮੋ – 7589155501