ਕਥਿਤ ਦੋਸ਼ੀਆਂ ਨੂੰ ਦੋ ਦਿਨ ਅੰਦਰ ਗ੍ਰਿਫਤਾਰ ਨਾ ਕੀਤਾ ਤਾਂ ਲੱਗੇਗਾ ਧਰਨਾ
ਛੇਹਰਟਾ, 16 ਦਸੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਕੋਟ ਖਾਲਸਾ ਵਿਖੇ ਵਾਰਡ ਨੰਬਰ 60 ਦੇ ਕੋਂਸਲਰ ਸੁਖਬੀਰ ਸਿੰਘ ਸੋਨੀ ਵਲੋਂ ਪੁਲਸ ਚੋਂਕੀ ਕੋਟ ਖਾਲਸਾ ਤੋਂ ਮਹਿਜ 150 ਕਦਮਾਂ ਦੀ ਦੂਰੀ ਤੇ ਪਿਛਲੇ 7-8 ਮਹੀਨਿਆਂ ਤੋਂ ਸ਼ਰਾਬ ਤੇ ਦੜਾ ਸੱਟਾ ਦਾ ਜੋ ਭਾਰੀ ਕਾਰੋਬਾਰ ਚੱਲ ਰਿਹਾ ਸੀ, ਉਸ ਨੂੰ ਰੋਕਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਭਾਜਪਾ ਦੇ ਜਿਲਾ ਸਕੱਤਰ ਰਾਕੇਸ਼ ਸ਼ਰਮਾ ਲੱਕੀ, ਨੰਬਰਦਾਰ ਸਵਿੰਦਰ ਸਿੰਘ ਸੱਤ, ਪੰਨਾਂ ਲਾਲ ਮੰਨਣ, ਕਾਂਗਰਸੀ ਆਗੂ ਆਸ਼ੂ ਪ੍ਰਧਾਨ, ਰਛਪਾਲ ਸਿੰਘ ਖਿਆਂਲੀਆਂ, ਭਾਜਪਾ ਆਗੂ ਰਾਜ ਕੁਮਾਰ, ਅਕਾਲੀ ਆਗੂ ਚਤਰ ਸਿੰਘ ਲਾਡੀ ਸਮੇਤ ਹੋਰ ਸੈਂਕੜੇ ਪਤਵੰਤੇ ਸੱਜਣਾਂ ਨੇ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ।ਉਨਾਂ ਦੱਸਿਆਂ ਕਿ ਉਪਰੋਕਤ ਆਗੂਆਂ ਨੇ ਕੋਟ ਖਾਲਸਾ ਵਿਖੇ ਅਕਾਲੀ ਕੋਂਸਲਰ ਸੁਖਬੀਰ ਸਿੰਘ ਸੋਨੀ ਵਲੋਂ ਚਲਾਏ ਜਾ ਰਹੇ ਸ਼ਰਾਬ ਦੇ ਗੋਰਖ ਧੰਦੇ ਦਾ ਪਰਦਾਫਾਸ਼ ਕੀਤਾ ਸੀ ਅਤੇ ਮੋਕੇ ਤੇ ਭਾਰੀ ਮਾਤਰਾ ਵਿਚ ਸ਼ਰਾਬ ਪੁਲਸ ਨੂੰ ਫੜਾਈ ਸੀ।ਉਨਾਂ ਦੱਸਿਆ ਕਿ ਇਸ ਅਕਾਲੀ ਕੋਂਸਲਰ ਦੇ ਇਸ ਧੰਦੇ ਨੂੰ ਰੋਕਣ ਲਈ ਉਨਾਂ ਵੱਲੋਂ ਇਕ ਸਟਰਿੰਗ ਆਪ੍ਰੇਸ਼ਨ ਚਲਾਇਆ ਗਿਆ ਸੀ ਤੇ ਕੋਂਸਲਰ ਵਲੋਂ ਸ਼ਰੇਆਮ ਸ਼ਰਾਬ ਦਾ ਧੰਦਾ ਕਰਨ ਦੀਆਂ ਫੋਟੋਆਂ ਖਿੱਚੀਆਂ ਗਈਆਂ ਸੀ, ਜਿਸ ਤੋਂ ਬਾਅਦ ਅਕਾਲੀ ਕੋਂਸਲਰ ਨੇ ਆਪਣੇ ਸਾਥੀਆਂ ਸਮੇਤ ਪੰਨਾਂ ਲਾਲ ਮੰਨਣ ਦੇ ਘਰ ਤੇ ਇੱਟਾਂ ਤੇ ਬੋਤਲਾਂ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਛੇਹਰਟਾ ਪੁਲਿਸ ਨੇ ਉੱਕਤ ਹਮਲਾਵਰਾਂ ਤੇ ਕੋਂਸਲਰ ਖਿਲਾਫ ਮਾਮਲਾ ਦਰਜ ਕੀਤਾ ਸੀ।
ਉਨਾਂ ਦੱਸਿਆ ਕਿ ਪਹਿਲਾਂ ਵੀ ਅਕਾਲੀ ਕੋਂਸਲਰ ਤੇ ੳਸੁਦੇ ਸਾਥੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਚੋਂਕੀ ਕੋਟ ਖਾਲਸਾ ਦਾ ਘਿਰਾਓ ਕਰਕੇ ਧਰਨਾ ਦਿੱਤਾ ਸੀ, ਜਿਸ ਤੇ ਏਸੀਪੀ ਪੱਛਮੀ ਅਮਨਦੀਪ ਸਿੰਘ ਬਰਾੜ ਤੇ ਥਾਣਾ ਮੁਖੀ ਹਰੀਸ਼ ਬਹਿਲ ਨੇ ਉਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਕੋਂਸਲਰ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਣਗੇ, ਪਰ ਪੁਲਿਸ ਦੇ ਕੰਨ ਤੇ ਕੋਈ ਜੂੰ ਨਹੀ ਸਰਕੀ ਤੇ ਕੋਈ ਵੀ ਗ੍ਰਿਫਤਾਰੀ ਨਹੀ ਕੀਤੀ ਗਈ। ਉਨਾਂ ਕਿਹਾ ਕਿ ਪੁਲਸ ਦੀ ਢਿੱਲੀ ਕਾਰਗੁਜਾਰੀ ਕਾਰਨ ਹੀ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਇੰਨਾਂ ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਨਹੀ ਕੀਤਾ ਗਿਆ। ਉਨਾਂ ਕਿਹਾ ਕਿ ਜੇਕਰ ਪੁਲਸ ਨੇ ਦੋ ਦਿਨਾਂ ਅੰਦਰ ਇੰਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕੀਤਾ ਤਾਂ ਇਲਾਕਾ ਨਿਵਾਸੀ ਜੀਟੀ ਰੋਡ ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦੇਣਗੇ।
ਉਨਾਂ ਦੋਸ਼ ਲਾਇਆ ਕਿ ਪੁਲਿਸ ਸਿਰਫ ਬੇਕਸੂਰ ਲੋਕਾਂ ਤੇ ਨਜਾਇਜ਼ ਪਰਚੇ ਕਰਕੇ ਉਨਾਂ ਖਿਲਾਫ ਮਾਮਲਾ ਦਰਜ ਕਰਨ ਵਿਚ ਰੁੱਝੀ ਹੋਈ ਹੈ ਤੇ ਅਸਲੀ ਮੁਲਜਮਾਂ ਨੂੰ ਫੜਣ ਵਿਚ ਨਾ-ਕਾਮਯਾਬ ਸਾਬਤ ਹੋ ਰਹੀ ਹੈ। ਉਨਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਵਲੋਂ ਸਾਰੇ ਸਬੂਤਾਂ ਸਮੇਤ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਰਾਹੀਂ ਜਾਣੂ ਕਰਵਾ ਦਿੱਤਾ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਉਹ ਆਪਣੇ ਇਲਾਕੇ ਵਿਚ ਕਿਸੇ ਨੂੰ ਨਸ਼ੇ ਦਾ ਕਾਰੋਬਾਰ ਨਹੀ ਕਰਨ ਦੇਣਗੇ ਤੇ ਇਕ ਸਾਂਝੀ ਕਮੇਟੀ ਬਣਾ ਕੇ ਨਸ਼ੇ ਦੇ ਸੋਦਾਗਰਾਂ ਨੂੰ ਜੇਲਾਂ ਵਿਚ ਪਹੁੰਚਾਉਣਗੇ।