Saturday, July 27, 2024

ਸਟੱਡੀ ਸਰਕਲ ਵਲੋਂ ਛਿੰਝ ਦਿਵਸ ‘ਤੇ ਵਿਸ਼ਾਲ ਖੇਡ ਮੇਲੇ ਦਾ ਆਯੋਜਨ

ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ-ਬਰਨਾਲਾ ਜ਼ੋਨ ਵਲੋਂ ਹੋਲਾ ਮਹੱਲਾ ਦੇ ਸਬੰਧ ਵਿੱਚ ਛਿੰਝ ਦਿਵਸ ਮੌਕੇ ਵਿਸ਼ਾਲ ਖੇਡ ਮੇਲੇ ਦਾ ਆਯੋਜਨ ਪਿੰਡ ਥਲੇਸਾਂ ਦੇ ਪਾਰਕ ਵਿੱਚ ਕੀਤਾ ਗਿਆ। ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਗੁਰਮੇਲ ਸਿੰਘ ਵਿੱਤ ਸਕੱਤਰ, ਗੁਰਨਾਮ ਸਿੰਘ ਪ੍ਰਧਾਨ ਸੰਗਰੂਰ ਦੀ ਦੇਖ-ਰੇਖ ਹੇਠ ਅਤੇ ਨਰਿੰਦਰ ਪਾਲ ਸਿੰਘ ਸਰਪੰਚ, ਗੁਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਬੀਬੀ ਕਿਰਨਦੀਪ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਖੇਡ ਮੇਲੇ ਵਿੱਚ ਬੱਚਿਆਂ, ਨੌਜਵਾਨਾਂ, ਬਜ਼਼ੁਰਗ ਇਸਤਰੀਆਂ ਅਤੇ ਮਰਦਾਂ ਨੇ ਵੱਡੀ ਗਿਣਤੀ ‘ਚ ਬੜੇ ਉਤਸ਼ਾਹ ਨਾਲ ਭਾਗ ਲਿਆ।ਸਭਨਾਂ ਨੇ ਖਾਲਸਾਈ ਨਾਅਰਿਆਂ ਜੈਕਾਰਿਆਂ ਦੀ ਗੂੰਜ਼ ਵਿੱਚ ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਅਤੇ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਸਹਿਤ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਹੋਣ ਦਾ ਸੰਕਲਪ ਲਿਆ।ਪ੍ਰੋ: ਨਰਿੰਦਰ ਸਿੰਘ ਨੇ ਹੋਲੇ ਮਹੱਲੇ ਦੀ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਪੱਖ ਤੋਂ ਮਹਤੱਤਾ ਦਸਦੇ ਹੋਏ ਛਿੰਝ ਦਿਵਸ ਦੇ ਮੰਤਵ ‘ਤੇ ਚਾਨਣਾ ਪਾਇਆ।ਇਸ ਖੇਡ ਮੇਲੇ ਦੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਿੰਦਰਜੀਤ ਸਿੰਘ ਜਵੰਧਾ, ਚੇਅਰਮੈਨ ਇਨਫੋਟੈਕ ਪੰਜਾਬ, ਜਸਵਿੰਦਰ ਸਿੰਘ ਪ੍ਰਿੰਸ, ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਤਾਲਮੇਲ ਕਮੇਟੀ ਸੰਗਰੂਰ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਅਜੀਤ ਸਿੰਘ ਤੇ ਦਵਿੰਦਰ ਕੌਰ ਅਮਰੀਕਾ ਨੇ ਸ਼ਮੂਲੀਅਤ ਕੀਤੀ।
ਸਭਨਾਂ ਦਾ ਸਵਾਗਤ ਕਰਦੇ ਹੋਏ ਲਾਭ ਸਿੰਘ ਨੇ ਡਾ: ਜਵੰਧਾ ਨੇ ਜਪਹਰ ਵੈਲਫੇਅਰ ਸੁਸਾਇਟੀ ਰਾਹੀਂ ਕੀਤੀ ਜਾ ਰਹੀ ਸਮਾਜ ਸੇਵਾ ਅਤੇ ਸਟੱਡੀ ਸਰਕਲ ਨੂੰ ਹਰ ਸਮੇਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।ਮਹਿਮਾਨਾਂ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਮੁਕਾਬਲੇ ਕੁਰਕਸ਼ੇਤਰ ਦੀ ਜੇਤੂ ਖਿਡਾਰਣ ਪ੍ਰੋ: ਸੰਤੋਖ ਕੌਰ ਸੰਗਰੂਰ ਅਤੇ ਹਰਕੀਰਤ ਕੌਰ ਅਧਿਆਪਕ ਕਾਂਝਲਾ ਸਕੂਲ ਨੂੰ ਸਟੱਡੀ ਸਰਕਲ ਵਲੋਂ ਮਾਈ ਭਾਗ ਕੌਰ ਐਵਾਰਡ ਨਾਲ ਸਨਮਾਨਿਤ ਕੀਤਾ।ਸਰੋਜ ਰਾਣੀ ਸਰਕਾਰੀ ਸੀ: ਸੈ: ਸਕੂਲ ਬੇਨੜਾ ਅਤੇ ਪ੍ਰੋਮਿਲਾ ਰਾਣੀ ਸੰਗਰੂਰ ਨੂੰ ਵੀ ਖੇਡ ਖੇਤਰ ਦੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨ ਦਿੱਤਾ ਗਿਆ।
ਖੇਡਾਂ ਦੇ ਦੌਰ ਵਿੱਚ ਮੁੰਡਿਆਂ ਅਤੇ ਕੁੜੀਆਂ ਨੇ ਦੌੜਾਂ, ਰੁਮਾਲ ਚੁੱਕਣਾ, ਚਮਚਾ ਰੇਸ ਦਾ ਪ੍ਰਦਰਸ਼ਨ ਕੀਤਾ। ਪਬਲਿਕ ਵਿੰਗ ਦੇ ਨਾਲ ਇਸਤਰੀ ਵਿੰਗ ਦਾ ਗੋਲਾ ਸੁੱਟਣ ਮੁਕਾਬਲੇ ਵਿੱਚ ਰਾਜ ਕੌਰ, ਰਮਨਦੀਪ ਕੌਰ ਤੇ ਮਨਦੀਪ ਕੌਰ ਨੇ ਪਹਿਲੇ ਤਿੰਨ ਸਥਾਨ ‘ਤੇ ਰਹੀਆਂ।ਤਿੰਨ ਟੰਗੀ ਦੌੜ ਤੋਂ ਬਾਅਦ ਮ੍ਰਿਤ ਮੰਡਲ ਦਾ ਮੁਕਾਬਲਾ ਵੀ ਫਸਵਾਂ ਰਿਹਾ।ਜਿਸ ਵਿੱਚ ਬੀਰਪ੍ਰੀਤ ਕੌਰ ਦੀ ਟੀਮ ਨੇ ਘੱਟ ਸਮੇਂ ਵਿੱਚ ਸ਼ਿੰਦਰ ਕੌਰ ਦੀ ਟੀਮ ਨੂੰ ਬਾਹਰ ਕਰਕੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਪਿੰਡ ਦੀਆਂ ਔਰਤਾਂ ਦੇ ਮਟਕਾ ਦੌੜ ਮੁਕਾਬਲੇ ਵਿੱਚ ਮਨਦੀਪ ਕੌਰ, ਪਰਮਜੀਤ ਕੌਰ ਨੇ ਬਾਜ਼ੀ ਮਾਰੀ।ਰੱਸਾਕਸ਼ੀ ਦੇ ਰੋਚਕ ਜ਼ੋਰ ਅਜ਼ਮਾਈ ਮੁਕਾਬਲੇ ਵਿੱਚ ਸੁਮੀਤ ਸਿੰਘ ਦੀ ਕਪਤਾਨੀ ‘ਚ ਬਜ਼ੁਰਗਾਂ ਦੀ ਟੀਮ ਨੇ ਗੁਰਪ੍ਰੀਤ ਸਿੰਘ ਦੇ ਸਾਥੀ ਨੌਜਵਾਨਾਂ ਨੂੰ ਪਛਾੜ ਕੇ, ਖਾਧੀਆਂ ਖੁਰਾਕਾਂ ਅਤੇ ਤਜਰਬੇ ਨੂੰ ਉਤਮ ਦਰਸਾਇਆ।ਮਹਿਮਾਨਾਂ ਦੀ ਹੋਈ ਸੰਗੀਤ ਕੁਰਸੀ ਦੌੜ ਵਿੱਚ ਸੁਖਦੇਵ ਸਿੰਘ ਰਤਨ, ਰਾਜਿੰਦਰ ਸਿੰਘ ਚੰਗਾਲ ਅਤੇ ਜਗਪਾਲ ਸਿੰਘ ਸੰਗਰੂਰ ਕ੍ਰਮਵਾਰ ਪਹਿਲੇ ਤਿੰਨ ਸਥਾਨ `ਤੇ ਰਹੇ ਜਦੋਂ ਕਿ ਇਸਤਰੀ ਵਿੰਗ ਦੇ ਮੁਕਾਬਲੇ ਵਿੱਚ ਸ਼ਿੰਦਰ ਕੌਰ, ਰਾਜ ਕੌਰ ਅਤੇ ਕਮਲੇਸ਼ ਕੌਰ ਜੇਤੂ ਰਹੀਆਂ।
ਇਹਨਾਂ ਖੇਡਾਂ ਦੇ ਲਈ ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰੋ: ਨਰਿੰਦਰ ਸਿੰਘ ਨੇ ਕੁਮੈਂਟੇਟਰ ਦੀ ਡਿਊਟੀ ਬਾਖੂਬੀ ਨਿਭਾਈ, ਜਦੋਂਕਿ ਡਾ: ਸੁਰਜੀਤ ਸਿੰਘ ਕੈਨੇਡਾ, ਲਾਭ ਸਿੰਘ, ਅਜਮੇਰ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ ਨਾਗਰੀ, ਗੁਰਨਾਮ ਸਿੰਘ, ਕਿਰਨਦੀਪ ਕੌਰ, ਹਰਕੀਰਤ ਕੌਰ, ਸਰੋਜ ਰਾਣੀ, ਹਰਵਿੰਦਰ ਕੌਰ, ਅਮਨਦੀਪ ਕੌਰ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਖੇਡਾਂ ਦੇ ਜੇਤੂਆਂ ਨੂੰ ਇਨਾਮ ਦੇਣ ਅਤੇ ਮਹਿਮਾਨਾਂ, ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਸਤਨਾਮ ਸਿੰਘ ਦਮਦਮੀ, ਨਰਿੰਦਰ ਪਾਲ ਸਿੰਘ ਸਰਪੰਚ, ਗੁਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਪ੍ਰੋ: ਸੰਤੋਖ ਕੌਰ,ਹਰਕੀਰਤ ਕੌਰ, ਕਿਰਨਦੀਪ ਕੌਰ, ਪ੍ਰੋ: ਹਰਵਿੰਦਰ ਕੌਰ ਦੇ ਨਾਲ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …