ਸਲਾਈਟ ਵਿਖੇ ਯੂਥ ਪਾਰਲੀਮੈਂਟ ਦਾ ਆਯੋਜਨ
ਸੰਗਰੂਰ, 4 ਮਈ (ਜਗਸੀਰ ਲੌਂਗੋਵਾਲ) – ਏਸ਼ੀਆ ਦੀ ਸਭ ਤੋਂ ਵੱਡੀ ਵਿਦਿਅਕ ਸੰਸਥਾ ਸੰਤ ਲੋਗੋਂਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੈਲਾਈਟ) ਵਿਖੇ ਆਯੋਜਿਤ ਯੂਥ ਪਾਰਲੀਮੈਂਟ ਵਿੱਚ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ, ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਸੁਤੰਤਰ ਨਿਰਦੇਸ਼ਕ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ: ਅਮਿਤ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵਿਦਿਆਰਥੀਆਂ ਨੇ ਭਾਰਤੀ ਸੰਸਦ ਦੇ ਸਦਨ ਲੋਕ ਸਭਾ ਦੀ ਕਾਰਵਾਈ ਦਾ ਬਹੁਤ ਹੀ ਸਾਰਥਿਕ ਪ੍ਰਦਰਸ਼ਨ ਕੀਤਾ।ਪ੍ਰੋਗਰਾਮ ਦਾ ਆਯੋਜਨ ਸੰਸਥਾ ਦੇ ਐਨ.ਐਸ.ਐਸ.ਵਿਭਾਗ ਵਲੋਂ ਕੀਤਾ ਗਿਆ ਸੀ।ਪ੍ਰਧਾਨਗੀ ਸਲਾਈਟ ਦੇ ਡਾਇਰੈਕਟਰ ਡਾ: ਸ਼ੈਲੇਂਦਰ ਜੈਨ ਨੇ ਕੀਤੀ।
ਡਾ: ਅਮਿਤ ਕਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ 25 ਸਾਲ ਭਾਰਤ ਅਤੇ ਸਮੂਹ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਕਾਲ ਦਾ ਨਾਂ ਦਿੱਤਾ ਹੈ।ਅੱਜ ਦੇ ਸਮੇਂ ਵਿੱਚ ਕੋਈ ਵੀ ਵਿਅਕਤੀ ਰਾਜਨੀਤੀ ਤੋਂ ਅਛੂਤਾ ਨਹੀਂ ਹੈ, ਇਸ ਲਈ ਨੌਜਵਾਨਾਂ ਨੂੰ ਵੱਖ-ਵੱਖ ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ `ਤੇ ਆਪਣੀ ਸੁਤੰਤਰ ਰਾਏ ਬਣਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਰਾਜਨੀਤੀ ਵਿੱਚ ਸਾਰੇ ਸਰਗਰਮ ਭੂਮਿਕਾ ਨਹੀਂ ਨਿਭਾਅ ਸਕਦੇ, ਪਰ ਹਰ ਨੌਜਵਾਨ ਵਿੱਚ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ।ਉਸ ਨੂੰ ਆਪਣੀ ਸਮਰੱਥਾ ਦਾ ਇਸਤੇਮਾਲ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ।ਡਾ: ਕਾਂਸਲ ਨੇ ਨੌਜਵਾਨਾਂ ਨੂੰ ਰਾਜਨੀਤੀ ਦੇ ਵੱਖ-ਵੱਖ ਗੁਰ ਵੀ ਸਿਖਾਏ।
ਸੰਸਥਾ ਦੇ ਡਾਇਰੈਕਟਰ ਡਾ: ਸ਼ੈਲੇਂਦਰ ਜੈਨ ਨੇ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਯੂਥ ਪਾਰਲੀਮੈਂਟ ਦੇ ਆਯੋਜਨ ਲਈ ਵਧਾਈ ਦਿੱਤੀ।
ਇਸ ਮੌਕੇ ਸੰਸਥਾ ਦੇ ਐਨ.ਐਸ.ਐਸ ਕੋਆਰਡੀਨੇਟਰ ਡਾ. ਗੁਲਸ਼ਨ ਜਾਵਾ ਡੀਨ ਵਿਦਿਆਰਥੀ ਭਲਾਈ ਡਾ. ਰਾਜੇਸ਼਼ ਕੁਮਾਰ, ਪ੍ਰੋ. ਯੋਗੇਸ਼, ਬਬਲੂ ਸਿੰਗਲਾ, ਅਭਿਨਵ ਜ਼ਿੰਦਲ, ਅਭਿਸ਼ੇਕ ਜ਼ਿੰਦਲ, ਯਸ਼ ਵਰਮਾ, ਮੋਹਿਤ ਜ਼ਿੰਦਲ ਅਤੇ ਸੰਸਥਾ ਦੇ ਹੋਰ ਅਧਿਆਪਕ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।