30 ਅ੍ਰਪੈਲ ਤੱਕ 2 ਲੱਖ 42 ਹਜ਼ਾਰ ਤੋਂ ਵਧੇਰੇ ਲੋੜਵੰਦਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਬੀਤੇ ਵਰ੍ਹੇ 15 ਅਗਸਤ ਤੋਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੇ 8 ਅਤੇ ਮੌਜ਼ੂਦਾ ਵਰ੍ਹੇ ਵਿੱਚ ਆਰੰਭੇ 30 ਆਮ ਆਦਮੀ ਕਲੀਨਿਕਾਂ ਰਾਹੀਂ 30 ਅਪ੍ਰੈਲ 2023 ਤੱਕ 2 ਲੱਖ 42 ਹਜ਼ਾਰ 444 ਲੋੜਵੰਦ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ ਅਤੇ 45761 ਵਿਅਕਤੀਆਂ ਨੇ ਆਪਣੇ ਮੁਫ਼ਤ ਵਿੱਚ ਟੈਸਟ ਕਰਵਾਏ ਹਨ।
ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ ਖੋਲ੍ਹੇ ਗਏ 38 ਆਮ ਆਦਮੀ ਕਲੀਨਿਕਾਂ ਦੀ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਆਮ ਆਦਮੀ ਕਲੀਨਿਕਾਂ ਵਿਚ 45761 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ ਹਨ ਅਤੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਚੈਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।ਕਲੀਨਿਕਾਂ ਵਿਚ ਇਲਾਜ਼ ਕਰਵਾ ਰਹੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਵਰੇ੍ਹ 15 ਅਗਸਤ 2022 ਤੋਂ 8 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਸਨ ਅਤੇ ਇਨ੍ਹਾਂ ਕਲੀਨਿਕਾਂ ਤੋਂ 30 ਅਪ੍ਰੈਲ 2023 ਤੱਕ 1 ਲੱਖ 34 ਹਜ਼ਾਰ 785 ਲੋੜਵੰਦ ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਅਤੇ 10937 ਟੈਸਟ ਕੀਤੇ ਗਏ।ਇਸੇ ਤਰ੍ਹਾਂ 27 ਜਨਵਰੀ 2023 ਤੋਂ ਫੇਜ 2 ਤਹਿਤ 30 ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਸਨ ਅਤੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ 30 ਅਪ੍ਰੈਲ 2023 ਤੱਕ 1 ਲੱਖ 7 ਹਜ਼ਾਰ 659 ਲੋੜਵੰਦ ਵਿਅਕਤੀਆਂ ਨੇ ਸਿਹਤ ਸੇਵਾਵਾਂ ਦੇ ਲਾਭ ਦੇ ਨਾਲ ਨਾਲ 34824 ਟੈਸਟ ਕੀਤੇ ਗਏ।