Monday, August 4, 2025
Breaking News

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਸਮਾਗਮ ਸੰਪਨ

ਸਿੱਖ ਕੌਮ ਅੰਦਰ ਵੱਖ-ਵੱਖ ਧੜ੍ਹਿਆਂ ਤੇ ਜਥੇਬੰਦੀਆਂ ਦਾ ਇਕ ਮੰਚ ’ਤੇ ਇਕੱਠਾ ਹੋਣਾ ਜ਼ਰੂਰੀ- ਗਿ. ਹਰਪ੍ਰੀਤ ਸਿੰਘ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਅਠਾਰ੍ਹਵੀਂ ਸਦੀ ਦੇ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ।ਇਹ ਸਮਾਗਮ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਇਆ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਭਰਵੀਂ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ।ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਸਿੱਖ ਪੰਥ ਦੇ ਵੱਡੇ ਨਾਇਕ ਸਨ, ਜਿਨ੍ਹਾਂ ਨੇ ਪੰਥ ਪ੍ਰਤੀ ਸਮਰਪਣ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਆਖਿਆ ਕਿ ਸਿੱਖ ਇਤਿਹਾਸ ਵਿਚ ਸਰਦਾਰ ਜੱਸਾ ਸਿੰਘ ਦਾ ਉੱਘੜਵਾਂ ਸਥਾਨ ਹੈ ਅਤੇ ਉਨ੍ਹਾਂ ਦਾ ਜੀਵਨ ਮੌਜੂਦਾ ਸਮੇਂ ਪੰਥ ਲਈ ਪ੍ਰੇਰਣਾ ਸਰੋਤ ਵੱਜੋਂ ਵੀ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਨੂੰ ਵੱਡੀਆਂ ਵੰਗਾਰਾਂ ਪੇਸ਼ ਹਨ ਤਾਂ ਇਸ ਮੌਕੇ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਣ ਦੀ ਲੋੜ ਹੈ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਸਿੱਖ ਕੌਮ ਅੰਦਰ ਵੱਖ-ਵੱਖ ਧੜ੍ਹਿਆਂ ਅਤੇ ਜਥੇਬੰਦੀਆਂ ਦਾ ਇਕ ਮੰਚ ’ਤੇ ਇਕੱਠਾ ਹੋਣਾ ਜ਼ਰੂਰੀ ਹੈ।ਸਿੱਖ ਹੋਂਦ, ਨਿਆਰਾਪਨ, ਸਿਧਾਂਤ, ਮਰਯਾਦਾ ਦੀ ਸਲਾਮਤੀ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਆਪਸੀ ਮਤਭੇਦ ਅਤੇ ਮੁਫਾਦਾਂ ਨੂੰ ਤਿਆਗਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੌਮ ਇਕੱਠੀ ਰਹੇਗੀ ਤਾਂ ਵੰਗਾਰਾਂ ਅਤੇ ਚੁਣੌਤੀਆਂ ਕੁਝ ਨਹੀਂ ਵਿਗਾੜ ਸਕਣਗੀਆਂ।ਗਿਆਨੀ ਹਰਪ੍ਰੀਤ ਸਿੰਘ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮਾਂ ਨੂੰ ਪੰਥਕ ਜਾਹੋ-ਜਲਾਲ ਅਤੇ ਨੌਜੁਆਨੀ ਨੂੰ ਵਿਰਸੇ ਨਾਲ ਜੋੜਨ ਲਈ ਅਹਿਮ ਕਰਾਰ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਹੀ ਹੱਕ, ਸੱਚ ਦੀ ਪਹਿਰੇਦਾਰ ਰਹੀ ਹੈ ਅਤੇ ਪੁਰਾਤਨ ਸਿੱਖ ਯੋਧਿਆਂ ਦਾ ਜੀਵਨ ਅਗਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਵੀ ਹੈ।ਐਡਵੋਕੇਟ ਧਾਮੀ ਨੇ ਜਿਥੇ ਸਮਾਗਮ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ, ਉਥੇ ਹੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਵੀ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਕਈ ਤਾਕਤਾਂ ਸਿੱਖ ਸ਼ਕਤੀ ਨੂੰ ਵੰਡਣ ਲਈ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਟਾਕਰਾ ਕਰਨ ਲਈ ਪੰਥ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਥ ਦੀਆਂ ਸੰਸਥਾਵਾਂ ਦੀ ਸ਼ਕਤੀ ਹੀ ਦੇਸ਼ ਦੁਨੀਆਂ ’ਚ ਬੈਠੇ ਸਿੱਖਾਂ ਦੀ ਤਾਕਤ ਹੋ ਸਕਦੀ ਹੈ।ਉਨ੍ਹਾਂ ਆਖਿਆ ਕਿ ਸ਼ਤਾਬਦੀਆਂ ਮਨਾਉਣ ਸਮੇਂ ਸਾਨੂੰ ਆਪਣੀ ਕੌਮ ਅਤੇ ਵਡੇਰਿਆਂ ਦੇ ਇਤਿਹਾਸ ਤੋਂ ਪ੍ਰੇਰਣਾ ਦਾ ਮੌਕਾ ਮਿਲਦਾ ਹੈ।ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਪੰਥਕ ਕਾਰਜ਼ਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਅੰਦਰ ਸਿੱਖ ਵਿਰਾਸਤਾਂ ਅਕਾਲੀ ਸਰਕਾਰ ਦੀ ਹੀ ਦੇਣ ਹਨ।
ਇਸੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਤਰਨ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਤੇ ਮਨਜੀਤ ਸਿੰਘ ਜੀ.ਕੇ ਨੇ ਵੀ ਸੰਬੋਧਨ ਕੀਤਾ।ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਢਾਡੀ, ਕਵੀਸ਼ਰ ਜਥਿਆਂ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਣ ਨੂੰ ਵਾਰਾਂ ਰਾਹੀਂ ਪੇਸ਼ ਕੀਤਾ।300 ਸਾਲਾ ਜਨਮ ਸ਼ਤਾਬਦੀ ਅੱਜ ਸਵੇਰੇ ਬੁੰਗਾ ਰਾਮਗੜ੍ਹੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬੁੰਗੇ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ਦੀ ਸੇਵਾ ਉਪਰੰਤ ਇਸ ਦਾ ਰਸਮੀ ਤੌਰ ’ਤੇ ਉਦਘਾਟਨ ਵੀ ਕੀਤਾ ਗਿਆ।ਸ਼ਤਾਬਦੀ ਸਮਾਗਮਾਂ ਦੌਰਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਇਤਿਹਾਸ ਸਬੰਧੀ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਬਹੁ-ਭਾਸ਼ਾਈ ਕਿਤਾਬਚੇ ਵੀ ਜਾਰੀ ਕੀਤੇ ਗਏ।ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬੁੰਗਾ ਰਾਮਗੜ੍ਹੀਆ ਵਿਖੇ ਲਗਾਈ ਗਈ ਚਿਤਰ ਪ੍ਰਦਰਸ਼ਨੀ ਵੀ ਸੰਗਤ ਲਈ ਖਿੱਚ ਦਾ ਕੇਂਦਰ ਰਹੀ।
ਸਮਾਗਮਾਂ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ, ਸੀਨੀਅਰ ਅਕਾਲੀ ਆਗੂ ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖਾਲਸਾ, ਸ਼ੇਰ ਸਿੰਘ ਮੰਡਵਾਲਾ, ਮਲਕੀਤ ਸਿੰਘ ਚੰਗਾਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਕੇਵਲ ਸਿੰਘ ਬਾਦਲ, ਭਾਈ ਅਜਾਇਬ ਸਿੰਘ ਅਭਿਆਸੀ, ਕਰਨੈਲ ਸਿੰਘ ਪੀਰਮੁਹੰਮਦ, ਬੀਬੀ ਰਣਜੀਤ ਕੌਰ ਦਿੱਲੀ, ਬਾਬਾ ਜੋਗਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਬਲਵਿੰਦਰ ਸਿੰਘ ਚੌਂਕ ਮਹਿਤਾ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਸਿੱਖ ਵਿਦਵਾਨ ਤਲਵਿੰਦਰ ਸਿੰਘ ਬੁੱਟਰ, ਬਲਜੀਤ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਜਸਵਿੰਦਰ ਸਿੰਘ ਰਿਆਤ ਪ੍ਰਧਾਨ ਸਿੱਖ ਬੰਧੂ ਵੈਲਫੇਅਰ ਟਰੱਸਟ ਦਿੱਲੀ, ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਸਿਮਰਜੀਤ ਸਿੰਘ, ਜਸਵਿੰਦਰ ਸਿੰਘ ਜੱਸੀ, ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਜਗਜੀਤ ਸਿੰਘ ਜੱਗੀ, ਓ.ਐਸ.ਡੀ ਜਤਿੰਦਰਪਾਲ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਰਾਜਿੰਦਰ ਸਿੰਘ ਰੂਬੀ ਅਟਾਰੀ, ਮੈਨੇਜਰ ਸੁਖਰਾਜ ਸਿੰਘ ਤੇ ਬਘੇਲ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …