16ਵੀਂ ਸਦੀ ਦੇ ਚੜ੍ਹਾਅ ਦੇ ਲਾਗੇ ਚਾਗੇ ਦਾ ਇਹ ਵਾਕਿਆ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡ-ਵਡੇਰੇ, ਰਾਜਪੂਤਾਂ ਦੇ ਕੁੱਝ ਖਾਨਦਾਨ ਰਾਜਪੁਤਾਨੇ ਅਤੇ ਕਨੌਜ ਦੀ ਧਰਤੀ ਨੂੰ ਛੱਡ ਪੰਜਾਬ, ਲਾਹੌਰ ਵੱਲ ਆ ਗਏ।ਕੇ.ਐਸ ਨਾਰੰਗ ਦੀ ‘ਹਿਸਟਰੀ ਆਫ ਪੰਜਾਬ 1526-1849’ ਵਿੱਚ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡ-ਵਡੇਰੇ ਰਾਠੌਰ ਰਾਜਪੂਤਾਂ ਦੀ ਬੰਸਾਵਲੀ, ਰਾਜਪੂਤਾਂ ਅਤੇ ਕਨੌਜ ਦੇ ਮਾਲਕਾਂ ਨਾਲ ਮਿਲਦੀ ਹੈ ਅਤੇ ਇਹ ਉਨ੍ਹਾਂ ਵਿਚੋਂ ਹੀ ਸਨ। ਬੰਬਰਾ ਜਾਂ ਭਾਬਰਾਉ ਜਾਂ ਭਮਰਾ, ਭਾਮਬੂ-ਰਾਠੌਰ ਰਾਜਪੂਤ ਕਨੌਜ ਦੇ ਮਾਲਕ ਸਨ, ਤਦੇ ਹੀ ਆਪ ਦੀ ਗੋਤਰ ਭਮਰਾ ਜਾਂ ਬਮਰਾਹ ਸੀ।ਆਪ ਦੇ ਬਾਬਾ ਜੀ ਦੇ ਬਾਬਾ ਜੀ ਰਾਜਪੂਤਾਨੇ ਵਲੋਂ ਆ ਕੇ ਨਗਰ ਸੁਰਸਿੰਘ, ਜਿਲਾ ਲਾਹੌਰ ਵਿਖੇ ਜ਼ਮੀਨ ਲੈ ਕੇ ਖੇਤੀਬਾੜੀ ਦੇ ਕੰਮਾਂ ਵਿੱਚ ਲੱਗ ਗਏ ਸਨ।ਇਨਾਂ੍ਹ ਦਿਨਾਂ ਵਿੱਚ ਹਿੰਦੁਸਤਾਨ ‘ਤੇ ਬਾਬਰ ਦੇ ਹਮਲੇ ਹੋ ਰਹੇ ਸਨ।ਇਹ ਹਮਲਾਵਰ ਦਿੱਲੀ ਤੇ ਹਮਲੇ ਤੋੋਂ ਪਹਿਲਾਂ ਲਾਹੌਰ, ਪੰਜਾਬ ਨੂੰ ਲੁੱਟਦੇ ਸਨ ਤੇ ਫੇਰ ਅੱਗੇ ਵਧਦੇ ਸਨ, ਕਿਉਂਕਿ ਨਗਰ ਸੁਰਸਿੰਘ ਹਮਲਾਵਰਾਂ ਦੀ ਜਰਨੈਲੀ ਸੜਕ ਦੇ ਲਾਗੇ ਹੋਣ ਕਰਕੇ ਲੁੱਟ-ਮਾਰ ਤੇ ਤਬਾਹੀ ਦਾ ਅਕਸਰ ਹੀ ਸ਼ਿਕਾਰ ਹੁੰਦਾ ਸੀ, ਸੋ ਸੁਭਾਵਕ ਹੀ ਸੀ ਕਿ ਇਸ ਇਲਾਕੇ ਦੇ ਵਸਨੀਕ ਵੀ ਇਸ ਸਭ ਦਾ ਮੁਕਾਬਲਾ ਕਰਦੇ ਕਰਦੇ ਲੜਾਕੇ ਤੇ ਜੰਗਜ਼ੂ ਬਣ ਗਏ ਸਨ।
ਸ੍ਰੀ ਰਾਮੂ ਬਮਰਾਹ ਜੀ ਦੇ ਇੱਕ ਪੁੱਤਰ ਸੰਨ 1632 ਦੇ ਲਾਗੇ ਜਨਮਿਆ ਤੇ ਉਸ ਦਾ ਨਾਮ ਬਿਧੀ ਚੰਦ ਰੱਖਿਆ ਗਿਆ।ਸ੍ਰੀ ਬਿਧੀ ਚੰਦ ਦੇ ਦੋ ਪੁੱਤਰ ਸਨ।ਇਹਨਾਂ ਚੋਂ ਇਕ ਭਾਈ ਹਰਦਾਸ ਜੀ ਸਨ, ਜਿਹਨਾਂ ਦਾ ਜਨਮ 1660 ਦੇ ਲਾਗੇ ਹੋਇਆ ਸੀ।ਉਹ ਸਾਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸੱਜੇ ਸਨ ਅਤੇ ਸਾਰੀ ਉਮਰ ਹੀ ਉਹਨਾਂ ਦੇ ਚਰਨਾਂ ਦੀ ਸੇਵਾ ਵਿੱਚ ਅਰਪਣ ਕਰ ਦਿੱਤੀ।ਸ੍ਰ: ਹਰਦਾਸ ਸਿੰਘ ਜੀ ਅਨੰਦਪੁਰ ਸਾਹਿਬ ਜੀ ਦੀ ਉਸ ਅਸਲ੍ਹਾ ਫੈਕਟਰੀ ਦੇ ਇੰਚਾਰਜ਼ ਸਨ।ਇਥੇ ਖਾਲਸਾ ਫੋਜਾਂ ਲਈ ਹਰ ਤਰਾਂ ਦੇ ਸ਼ਸਤਰ ਤਿਆਰ ਕੀਤੇ ਜਾਂਦੇ ਸਨ।ਦਸਮੇਸ਼ ਪਿਤਾ ਨਾਲ 22 ਧਾਰ ਦੇ ਰਾਜਿਆਂ ਦੇ ਭੰਗਾਣੀ ਦੇ ਯੁੱਧ ਵਿੱਚ ਰਾਜਾ ਭੀਮ ਸੈਨ ਇਕ ਸ਼ਰਾਬੀ ਹਾਥੀ ਨੂੰ ਕਿਲੇ੍ਹ ਦਾ ਦਰਵਾਜਾ ਤੋੜਣ ਲਈ ਲੈ ਕੇ ਆਇਆ ਤਾਂ ਦਸਮੇਸ਼ ਜੀ ਦੇ ਹੁਕਮ ‘ਤੇ ਭਾਈ ਬਚਿੱਤਰ ਸਿੰਘ ਨੇ ਭਾਈ ਹਰਦਾਸ ਸਿੰਘ ਜੀ ਦੁਆਰਾ ਤਿਆਰ ਕੀਤੇ ਨਾਗਣੀ ਵਰਗੇ ਬਰਸ਼ੇ ਨਾਲ ਉਸ ਹਾਥੀ ਦਾ ਸਿਰ ਵਿੰਨ ਦਿੱਤਾ ਸੀ। ਇਹ ਨਾਗਣੀ ਬਰਸ਼ਾ ਅੱਜ ਵੀ ਸਿੱਖ ਕੌਮ ਤੇ ਰਾਮਗੜ੍ਹੀਆਂ ਦੀ ਕਾਰੀਗਰੀ ਦੇ ਨਮੂਨੇ ਵਜੋਂ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਸੁਰੱਖਿਅਤ ਹੈ।
ਦਸਮੇਸ਼ ਪਿਤਾ ਦੇ ਨੰਦੇੜ ਸਾਹਿਬ ਵਿਖੇ ਪ੍ਰਲੋਕ ਗਮਨ ਤੋਂ ਬਾਅਦ ਆਪ ਵੀ ਬੰਦਾ ਸਿੰਘ ਬਹਾਦੁਰ ਦੀ ਕਮਾਨ ਹੇਠ ਪੰਜਾਬ ਆ ਕੇ ਸਰਹੰਦ, ਸਢੌਰਾ ਅਤੇ ਬਜਵਾੜਾ ਦੀਆਂ ਜੰਗਾਂ ਵਿਚ ਸ਼ਾਮਲ ਹੋਏ।ਬਜਵਾੜੇ ਦੀ ਜੰਗ ਦੀ ਪੂਰੀ ਕਮਾਨ ਆਪ ਜੀ ਦੇ ਹੱਥ ਸੀ।ਸੰਨ 1710 ਨੂੰ ਰਾਹੋਂ ਦੀ ਲੜਾਈ ਵਿੱਚ ਸ਼ਮੁਸਦੀਨ ਖੇਸ਼ਗੀ ਦੇ ਭਰਾ ਦਲੇਰ ਖਾਂ ਆਹੀਆਪੁਰੀ 10000 ਫੌਜਾਂ ਦੇ ਮੁਕਾਬਲੇ ਆਪ ਦੇ ਪਾਸ ਸਿਰਫ 2000 ਲੜਾਕੇ ਸਿੰਘ ਸੂਰਮੇ ਸਨ।ਇਸ ਲੜਾਈ ਵਿਚ ਦਲੇਰ ਖਾਂ ਮਾਰਿਆ ਗਿਆ ਪਰ ਆਪ ਵੀ ਬਹੁਤ ਜਖਮਾਂ ਦੀ ਤਾਬ ਨਾ ਝਲਦੇ ਹੋਏ ਸ਼ਹੀਦ ਹੋ ਗਏ।ਆਪ ਜੀ ਦੇ ਦੋ ਸਪੁੱਤਰ ਸ੍ਰ: ਭਗਵਾਨ ਸਿੰਘ ਅਤੇ ਸ਼੍ਰ: ਦਾਨ ਸਿੰਘ ਸਨ।
ਸ੍ਰ: ਭਗਵਾਨ ਸਿੰਘ ਆਪਣੇ ਪਿਤਾ ਨਾਲ ਜੰਗਾਂ ਵਿੱਚ ਹਿੱਸਾ ਲੈਂਦੇ ਰਹੇ ਤੇ ਹਰ ਤਰਾਂ ਨਾਲ ਜੰਗਜ਼ੂ ਬਣ ਗਏ ਸਨ।ਆਪ ਜੀ ਆਪਣੇ ਪਿਤਾ ਜੀ ਵਾਂਗ ਅੰਮ੍ਰਿਤਧਾਰੀ ਸਿੰਘ ਸਨ ਅਤੇ ਬਾਕੀ ਸਿੰਘਾਂ ਨੂੰ ਗੁਰਬਾਣੀ ਪੜ੍ਹਾਉਂਦੇ ਸਨ। ਇਸ ਲਈ ਆਪ ਜੀ ਨੂੰ ਸਤਕਾਰ ਵਜੋਂ ਗਿਆਨੀ ਜੀ ਕਹਿੰਦੇ ਸਨ।ਅਪਣੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਜੀ 300 ਸਵਾਰਾਂ ਸਮੇਤ ਸ਼ਾਹੀ ਫੋਜ ਵਿਚ ਲਾਹੋਰ ਦੇ ਸੂਬੇ ਅਬਦੁਲ ਸਮੁੰਦ ਖਾਂ ਪਾਸ ਕੰਮ ਕਰਦੇ ਰਹੇ।ਸੰਨ 1738 ਵਿਚ ਜਿਕਰੀਆ ਖਾਨ ਲਾਹੌਰ ਦੇ ਸੂਬੇ ਨੂੰ ਪਤਾ ਲੱਗਾ ਕਿ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ ਹੈ।ਦੀਵਾਨ ਟੋਡਰ ਮੱਲ ਦੀ ਪ੍ਰੇਰਨਾ ਨਾਲ ਖਾਲਸਾ ਪੰਥ ਨੇ ਗੁਰਮਤਾ ਸੋਧ ਕੇ ਗਿਆਨੀ ਭਗਵਾਨ ਸਿੰਘ ਦੀ ਕਮਾਨ ਹੇਠ ਲਾਹੌਰ ਦੇ ਸੂਬੇ ਖਾਨ ਬਹਾਦੁਰ ਜਕਰੀਆ ਖਾਨ ਦੀ ਨਾਦਰ ਸ਼ਾਹ ਦੇ ਮੁਕਾਬਲੇ ਲਈ ਮਦਦ ਕੀਤੀ।ਇਸ ਲੜਾਈ ਵਿੱਚ ਗਿਆਨੀ ਭਗਵਾਨ ਸਿੰਘ ਅਤੇ ਉਸ ਦੇ ਪੁੱਤਰ ਸ੍ਰ; ਜੱਸਾ ਸਿੰਘ ਨੇ ਬਹਾਦੁਰੀ ਦੇ ਉਹ ਜੌਹਰ ਦਿਖਾਏ ਕਿ ਨਾਦਿਰ ਸ਼ਾਹ ਨੂੰ ਮੂੰਹ ਦੀ ਖਾਣੀ ਪਈ।ਪਰ ਗਿਆਨੀ ਭਗਵਾਨ ਸਿੰਘ ਆਪ ਵੀ ਸ਼ਹੀਦ ਹੋ ਗਏ।ਗਿਆਨੀ ਭਗਵਾਨ ਸਿੰਘ ਦੀ ਕੁਰਬਾਨੀ ਤੇ ਬਹਾਦੁਰੀ ਤੋਂ ਪ੍ਰਭਾਵਿਤ ਹੋ ਕੇ ਜਕਰੀਆ ਖਾਨ ਨੇ ਸ੍ਰ: ਜੱਸਾ ਸਿੰਘ ਤੇ ਉਸਦੇ ਭਰਾਵਾਂ ਨੂੰ ਪੰਜ ਪਿੰਡ, ਵੱਲਾ, ਚੱਬਾ, ਤੁੰਗ, ਸੁਲਤਾਨਵਿੰਡ ਤੇ ਵੇਰਕਾ ਜਗੀਰ ਵਜੋਂ ਦਿੱਤੇ।0805202301
ਗਿਆਨ ਸਿੰਘ ਬਮਰਾਹ
ਅੰਮ੍ਰਿਤਸਰ।
ਮੋ – 9464283050